ਬੇਅਦਬੀ ਕਾਂਡ: ਡੇਰਾ ਸੱਚਾ ਸੌਦਾ ਦੇ ਤਿੰਨ ਮੈਂਬਰਾਂ ਦੇ ਗ੍ਰਿਫ਼ਤਾਰੀ ਵਰੰਟ ਜਾਰੀ
Thursday, Jul 09, 2020 - 06:14 PM (IST)
ਫਰੀਦਕੋਟ (ਜਗਦੀਸ਼ ): ਲਗਭਗ 5 ਸਾਲ ਪਹਿਲਾਂ 1 ਜੂਨ 2015 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਅਤੇ ਫਿਰ ਬੇਅਦਬੀ ਦੀ ਸਾਜਿਸ਼ ਰਚਣ ਵਾਲੇ ਤਿੰੰਨ ਮੁਲਜ਼ਮਾਂ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਕਾਫੀ ਸਮਾਂ ਪਹਿਲਾਂ ਸ਼ਨਾਖਤ ਕਰ ਲਈ ਸੀ। ਜਿਸ 'ਚ ਡੇਰਾ ਸੱਚਾ ਸੌਦਾ ਦੀ ਨੈਸ਼ਨਲ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਸਿੰਘ ਬਰੇਟਾ ਨੇ ਅਹਿਮ ਭੂਮਿਕਾ ਨਿਭਾਈ ਸੀ, ਜਿਸ 'ਤੇ ਜਾਂਚ ਟੀਮ ਇਨ੍ਹਾਂ ਮਲਜ਼ਮਾਂ ਨੂੰ ਲੱਭ ਰਹੀ ਸੀ, ਜਿਸ ਕਰਕੇ ਜਾਂਚ ਟੀਮ ਵੱਲੋਂ ਅਦਾਲਤ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਕਿ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਵਾਰ-ਵਾਰ ਛਾਪੇਮਾਰੀ ਦੇ ਬਾਵਜੂਦ ਨਹੀ ਲੱਭ ਰਹੇ, ਇਸ ਲਈ ਜਾਂਚ ਟੀਮ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਉਕਤ ਵਿਅਕਤੀਆਂ ਦੇ ਗ੍ਰਿਫਤਾਰੀ ਵਰੰਟ ਹਾਸਲ ਕਰਨ ਲਈ ਅਰਜ਼ੀ ਦੇ ਦਿੱਤੀ, ਜਿਸ 'ਤੇ ਜੁਡੀਸ਼ੀਅਲ ਮੈਜਿਸਟ੍ਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਇਨ੍ਹਾਂ ਦੇ ਗ੍ਰਿਫਤਾਰੀ ਵਰੰਟ 20 ਜੁਲਾਈ ਲਈ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਦਾਜ ਲਈ ਪਤੀ ਨੇ ਪਤਨੀ ਨੂੰ ਬਣਾ ਕੇ ਰੱਖਿਆ 'ਜਾਨਵਰ', ਕੀਤਾ ਗੈਰਕੁਦਰਤੀ ਸੰਭੋਗ
ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਉਕਤ ਤਿੰਨ ਡੇਰਾ ਪ੍ਰੇਮੀਆਂ ਨੇ ਹੀ ਪਾਵਨ ਸਰੂਪ ਚੋਰੀ ਕਰਨ ਦੀ ਸਾਜਿਸ਼ ਰਚੀ, ਉਨ੍ਹਾਂ ਦੀਆਂ ਹਦਾਇਤਾਂ ਨਾਲ ਹੀ ਭੜਕਾਊ ਪੋਸਟਰ ਲੱਗੇ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦਿੱਤਾ ਗਿਆ। ਜਾਂਚ ਟੀਮ ਨੂੰ ਭਰੋਸਾ ਹੈ ਕਿ ਉਕਤ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਡੇਰਾ ਮੁਖੀ ਦੀ ਪੁੱਛਗਿੱਛ ਕਰਨੀ ਆਸਾਨ ਹੋ ਜਾਵੇਗੀ ਅਤੇ ਇਸ ਨਾਲ ਕਾਫੀ ਤਸਵੀਰ ਸਪੱਸ਼ਟ ਹੋ ਜਾਣੀ ਸੁਭਾਵਿਕ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਵਿੱਚ ਉਸ ਵੇਲੇ ਉੱਥੇ ਤਾਇਨਾਤ ਐੱਸ.ਪੀ. ਬਲਜੀਤ ਸਿੰਘ ਨੇ ਇੱਥੋਂ ਦੀ ਅਦਾਲਤ ਵਿੱਚ ਅਰਜ਼ੀ ਦੇ ਕੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਵਿਸ਼ੇਸ਼ ਜਾਂਚ ਟੀਮ ਕਿਸੇ ਵੀ ਸਮੇਂ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ। ਇਸ ਲਈਂ ਉਸ ਦੀ ਗ੍ਰਿਫਤਾਰੀ ਉਪਰ ਰੋਕ ਲਾਈ ਜਾਵੇ। ਐੱਸ.ਪੀ. ਬਲਜੀਤ ਸਿੰਘ ਨੂੰ ਵਿਸ਼ੇਸ਼ ਜਾਂਚ ਟੀਮ ਨੇ ਪੁੱਛਗਿੱਛ ਲਈ ਟੀਮ ਦੇ ਦਫਤਰ ਅੰਮ੍ਰਿਤਸਰ ਵਿਖੇ ਦੋ ਵਾਰ ਬੁਲਾਇਆ ਸੀ ਪਰ ਉਹ ਜਾਂਚ ਟੀਮ ਸਾਹਮਣੇ ਪੇਸ਼ ਨਹੀ ਹੋਏ। ਐੱਸ.ਪੀ. ਦੀ ਅਰਜ਼ੀ ਤੇ ਵਧੀਕ ਸੈਸ਼ਨ ਜੱਜ ਰਾਜੇਸ਼ ਕੁਮਾਰ ਨੇ 13 ਜੁਲਾਈ ਲਈ ਪੰਜਾਬ ਪੰਜਾਬ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਐਸ ਪੀ ਬਲਜੀਤ ਸਿੰਘ ਨਾਲ ਸਬੰਧਤ ਮਾਮਲੇ ਦਾ ਸਾਰਾ ਰਿਕਾਰਡ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਹੈ। ਇਸੇ ਦਰਮਿਆਨ ਪਤਾ ਲੱਗਾ ਹੈ ਕਿ ਵਿਸ਼ੇਸ਼ ਜਾਂਚ ਟੀਮ ਐਸ ਪੀ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਵਿਸ਼ੇਸ਼ ਜਾਂਚ ਟੀਮ ਐਸਪੀ ਬਲਜੀਤ ਸਿੰਘ ਸਮੇਤ ਦੋ ਅਧਿਕਾਰੀਆਂ ਨੂੰ ਕੋਟਕਪੂਰਾ ਗੋਲੀ ਕਾਂਡ ਬਾਰੇ ਪੁੱਛ ਪੜਤਾਲ ਕਰਨਾ ਚਾਹੁੰਦੀ ਸੀ ਪਰ ਇਹ ਦੋਵੇ ਅਧਿਕਾਰੀ ਜਾਂਚ ਟੀਮ ਸਾਹਮਣੇ ਪੇਸ਼ ਨਹੀ ਹੋਏ।
ਇਹ ਵੀ ਪੜ੍ਹੋ: ਪੇਕੇ ਗਈ ਪਤਨੀ ਨੇ ਵਾਪਿਸ ਆਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ