ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਫਰੀਦਕੋਟ ਲੱਗਾ ਫ੍ਰੀ ਮੈਡੀਕਲ ਚੈੱਕਅਪ

07/07/2019 3:46:06 PM

ਫ਼ਰੀਦਕੋਟ (ਜਗਤਾਰ, ਹਾਲੀ, ਰਾਜਨ, ਚਾਵਲਾ, ਬਾਂਸਲ) - ਪੰਜਾਬ ਕੇਸਰੀ ਦੇ ਸਾਬਕਾ ਡਾਇਰੈਕਟਰ ਸਵ. ਸ੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ 'ਚ ਫ਼ਰੀਦਕੋਟ ਦੀ ਅਨੰਦੇਆਣਾ ਗੇਟ ਗਊਸ਼ਾਲਾ ਵਿਖੇ ਹੈਲਥ ਫ਼ਾਰ ਆਲ ਸੋਸਾਇਟੀ ਤੇ ਪ੍ਰੈੱਸ ਕਲੱਬ ਫ਼ਰੀਦਕੋਟ ਦੇ ਸਹਿਯੋਗ ਨਾਲ ਦੂਜਾ ਸਾਲਾਨਾ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਸ ਮੌਕੇ ਆਏ ਹੋਏ ਮਾਹਰ ਡਾਕਟਰਾਂ ਨੇ 240 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਦੌਰਾਨ ਸੋਸਾਇਟੀ ਆਗੂਆਂ ਤੇ ਪ੍ਰੈੱਸ ਕਲੱਬ ਨੇ ਇਸੇ ਤਰ੍ਹਾਂ ਅਗਲੇ ਸਾਲ ਵੀ ਕੈਂਪ ਲਾਉਣ ਦਾ ਐਲਾਨ ਕੀਤਾ ਤਾਂ ਕਿ ਲੋੜਵੰਦ ਮਰੀਜ਼ਾਂ ਨੂੰ ਇਸ ਦਾ ਲਾਭ ਹੋ ਸਕੇ। ਕੈਂਪ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਬਾਬਾ ਫ਼ਰੀਦ ਸੰਸਥਾਵਾਂ ਦੇ ਸੇਵਾਦਾਰ ਐਡਵੋਕੇਟ ਮਹੀਪਇੰਦਰ ਸਿੰਘ ਨੇ ਕੈਂਪ ਦਾ ਰਸਮੀ ਉਦਘਾਟਨ ਕਰਕੇ ਭਾਰਤ ਮਾਤਾ ਦੀ ਫੋਟੋ 'ਤੇ ਫੁੱਲ ਭੇਂਟ ਕੀਤੇ। 

ਉਨ੍ਹਾਂ ਸੰਬੋਧਨ ਕਰਦਿਆਂ ਐਡਵੋਕੇਟ ਸੇਖੋਂ ਤੇ ਐੱਸ. ਐੱਮ. ਓ. ਡਾ. ਚੰਦਰ ਕੱਕੜ ਨੇ ਕਿਹਾ ਕਿ ਵਿਛੜ ਗਏ ਆਪਣਿਆਂ ਦੀ ਯਾਦ 'ਚ ਇਸ ਤਰ੍ਹਾਂ ਦੇ ਕੈਂਪ ਲਾਉਣਾ ਸ਼ਲਾਘਾਯੋਗ ਉਦਮ ਹੈ। ਉਨ੍ਹਾਂ ਆਪਣਿਆਂ ਦੀ ਯਾਦ 'ਚ ਇਸੇ ਤਰ੍ਹਾਂ ਸਮਾਜ ਭਲਾਈ ਕੰਮ ਕਰਨ  ਦੀ ਅਪੀਲ ਕੀਤੀ। ਉਨ੍ਹਾਂ ਇਸ ਕੈਂਪ ਲਈ ਪੰਜਾਬ ਕੇਸਰੀ ਗਰੁੱਪ ਵਲੋਂ ਪਾਏ ਗਏ ਵਿਸ਼ੇਸ਼ ਸਹਿਯੋਗ ਦਾ ਸ਼ਲਾਘਾ ਕੀਤੀ। ਪੰਜਾਬ ਕੇਸਰੀ ਗਰੁੱਪ ਜ਼ਿਲਾ ਫ਼ਰੀਦਕੋਟ ਦੇ ਪ੍ਰਤੀਨਿਧੀ ਬਲਵਿੰਦਰ ਹਾਲੀ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵ. ਚੋਪੜਾ ਦੀ ਯਾਦ 'ਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਰਾਜਾਂ ਦੇ 77 ਸ਼ਹਿਰਾਂ 'ਚ ਇਕੋਂ ਸਮੇਂ ਕੈਂਪ ਲਗਾਏ ਜਾ ਰਹੇ ਹਨ, ਜੋ ਲੜੀ ਦਾ ਹਿੱਸਾ ਹਨ। ਇਸ ਮੌਕੇ ਵਜੀਰ ਚੰਦ ਗੁਪਤਾ, ਨਰਿੰਦਰ ਸ਼ਰਮਾ, ਰਾਕੇਸ਼ ਸ਼ਰਮਾ, ਯਸ਼ ਗੁਲਾਟੀ, ਜਗਤਾਰ ਦੁਸਾਂਝ, ਹਰਮਿੰਦਰ ਮਿੰਦਾ, ਰਾਜਨ ਠਾਕੁਰ ਹਾਜ਼ਰ ਸਨ।


rajwinder kaur

Content Editor

Related News