ਕਾਂਗਰਸ ਸਰਕਾਰ ਵੀ ਅਕਾਲੀ-ਭਾਜਪਾ ਸਰਕਾਰ ਦੇ ਰਾਹ ’ਤੇ : ਬੈਂਸ
Saturday, Mar 02, 2019 - 04:12 AM (IST)
ਫਰੀਦਕੋਟ (ਨਰਿੰਦਰ)-ਲੋਕ ਇਨਸਾਫ ਪਾਰਟੀ ਦੇ ਸੂਬਾਈ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪਿੰਡ ਢਿੱਲਵਾਂ ਕਲਾਂ ਵਿਖੇ ਕੀਤੀ ਵਰਕਰ ਮੀਟਿੰਗ ਦੌਰਾਨ ਆਉਂਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਕਿਹਾ ਕਿ ਪੰਜਾਬ ਅਮੀਰ ਸੀ, ਅਮੀਰ ਹੈ ਪਰ ਸਮੇਂ ਦੀਆਂ ਸਰਕਾਰਾਂ ਦੀ ਤੰਗ ਸੋਚ ਅਤੇ ਮਾਡ਼ੀਆਂ ਨੀਤੀਆਂ ਕਾਰਨ ਇਸ ਨੂੰ ਕੰਗਾਲੀ ਦੀ ਦਹਿਲੀਜ਼ ’ਤੇ ਖਡ਼੍ਹਾ ਕੀਤਾ ਹੋਇਆ ਹੈ। ਉਨ੍ਹਾਂ ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਕਿਸਾਨ ਨੂੰ ਆਪਣੀਆਂ ਫਸਲਾਂ ਦੇ ਪੂਰੇ ਭਾਅ ਨਹੀਂ ਮਿਲ ਰਹੇ, ਅਧਿਆਪਕਾਂ ਦੀਆਂ ਤਨਖਾਹਾਂ ਘੱਟ ਕੀਤੀਆਂ ਜਾ ਰਹੀਆਂ ਹਨ, ਕਿਸਾਨਾਂ ਦੀ ਗੰਨੇ ਦੀ ਫ਼ਸਲ ਦਾ 996 ਕਰੋਡ਼ ਰੁਪਏ ਦਾ ਭੁਗਤਾਨ ਸਰਕਾਰ ਵੱਲੋਂ ਕੀਤਾ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਸਾਡੇ ਡੈਮੋਕ੍ਰੇਟਿਕ ਅਲਾਇੰਸ ਵੱਲੋਂ 9 ਸੀਟਾਂ ਦੀ ਵੰਡ ਹੋ ਚੁੱਕੀ ਹੈ, ਬਾਕੀ ਰਹਿੰਦੀਆਂ 4 ਸੀਟਾਂ ਬਾਰੇ ਵੀ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ। ਧਾਰਮਕ ਕੱਟਡ਼ਤਾ ਬਾਰੇ ਬੋਲਦਿਆਂ ਉਨ੍ਹਾਂ ਸਾਫ ਸ਼ਬਦਾਂ ’ਚ ਕਿਹਾ ਕਿ ਸਾਡੀ ਪਾਰਟੀ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ। ਇਸ ਮੌਕੇ ਕ੍ਰਿਸ਼ਨ ਲਾਲ ਸਰਾਵਾਂ ਨੂੰ ਜੈਤੋ ਹਲਕੇ ਦਾ ਇੰਚਾਰਜ ਥਾਪਣ ਤੋਂ ਇਲਾਵਾ ਅਮਰਜੀਤ ਸਿੰਘ ਬਰਾਡ਼ ਨੂੰ ਪ੍ਰਧਾਨ, ਜਸਮੇਲ ਸਿੰਘ ਹਲਕਾ ਪ੍ਰਧਾਨ (ਐੱਸ. ਸੀ. ਵਿੰਗ) ਅਤੇ ਕੁਲਵਿੰਦਰ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
