ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਟੈਂਕੀ ਤੋਂ ਮਾਰਾਂਗੇ ਛਾਲ : ਮੁਲਾਜ਼ਮ
Friday, Jan 17, 2020 - 06:15 PM (IST)
![ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਟੈਂਕੀ ਤੋਂ ਮਾਰਾਂਗੇ ਛਾਲ : ਮੁਲਾਜ਼ਮ](https://static.jagbani.com/multimedia/2020_1image_18_13_565531331fdk.jpg)
ਫਰੀਦਕੋਟ (ਜਗਤਾਰ ਦੁਸਾਂਝ) - ਪੰਜਾਬ 'ਚ ਮੁਲਾਜ਼ਮਾਂ ਦਾ ਸੰਘਰਸ਼ ਖਤਮ ਹੋਣ ਦਾ ਨਾ ਹੀ ਨਹੀਂ ਲੈ ਰਿਹਾ। ਇਸੇ ਤਰ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਦੇ ਮੁਲਾਜ਼ਮਾਂ ਨੇ ਵੀ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕਹਿਰ ਦੀ ਠੰਡ ਹੋਣ ਦੇ ਬਾਵਜੂਦ ਮੁਲਾਜ਼ਮ ਟੈਂਕੀ 'ਤੇ ਚੜ੍ਹੇ ਹੋਏ ਹਨ, ਜੋ ਦਿਨ ਦੇ ਨਾਲ-ਨਾਲ ਆਪਣੀ ਰਾਤ ਵੀ ਟੈਂਕੀ 'ਤੇ ਗੁਜ਼ਾਰਨ ਲਈ ਮਜ਼ਬੂਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਵਾਲੇ ਮੁਲਾਜ਼ਮਾਂ 'ਚੋਂ ਇਕ ਦੀ ਹਾਲਤ ਖਰਾਬ ਹੋ ਗਈ, ਜਿਸ ਨੂੰ ਬੀਤੀ ਰਾਤ ਹਸਪਤਾਲ ਲਿਜਾਇਆ ਗਿਆ। ਇਲਾਜ ਤੋਂ ਬਾਅਦ ਉਹ ਉਕਤ ਮੁਲਾਜ਼ਮ ਮੁੜ ਅੱਜ ਧਰਨੇ 'ਚ ਸ਼ਾਮਲ ਹੋ ਗਿਆ ਹੈ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਨਹੀਂ ਆਈਆਂ। ਚਾਹੇ ਜੋ ਕੁਝ ਮਰਜ਼ੀ ਹੋ ਜਾਵੇ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਵਿਰੋਧ ਕਰਦੇ ਰਹਿਣਗੇ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ ਅਤੇ ਤਨਖਾਹਾਂ ਪੱਕੇ ਮੁਲਾਜ਼ਮਾਂ ਦੇ ਬਰਾਬਰ ਦਿੱਤੀਆਂ ਜਾਣ। ਚਿਤਾਵਨੀ ਦਿੰਦਿਆ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਟੈਂਕੀ ਤੋਂ ਛਾਲ ਮਾਰ ਦੇਣਗੇ।