ਕੋਟਕਪੂਰਾ ''ਚ ਵੱਡੀ ਵਾਰਦਾਤ, 2 ਪੱਤਰਕਾਰਾਂ ''ਤੇ ਜਾਨਲੇਵਾ ਹਮਲਾ

Monday, Oct 07, 2019 - 10:16 AM (IST)

ਕੋਟਕਪੂਰਾ ''ਚ ਵੱਡੀ ਵਾਰਦਾਤ, 2 ਪੱਤਰਕਾਰਾਂ ''ਤੇ ਜਾਨਲੇਵਾ ਹਮਲਾ

ਫਰੀਦਕੋਟ (ਜਗਤਾਰ) - ਸਥਾਨਕ ਮੋਗਾ ਰੋਡ ਤੋਂ ਪਿੰਡ ਦੇਵੀਵਾਲਾ ਨੂੰ ਜਾਂਦੀ ਸੜਕ 'ਤੇ ਦੋ ਮੋਟਰਸਾਈਕਲਾਂ 'ਤੇ ਸਵਾਰ 4 ਨਕਾਬਪੋਸ਼ ਵਿਅਕਤੀਆਂ ਵਲੋਂ 2 ਪੱਤਰਕਾਰਾਂ 'ਤੇ ਹਾਕੀਆਂ ਆਦਿ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਦੋਵੇਂ ਪੱਤਰਕਾਰਾਂ ਨੂੰ ਕਾਫੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ। ਮੌਕੇ 'ਤੇ ਪੁੱਜੀ ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਦੋਵੇਂ ਪੱਤਰਕਾਰ ਕੋਟਕਪੂਰਾ ਦੇਵੀਵਾਲਾ ਸੰਪਰਕ ਸੜਕ 'ਤੇ ਆਪਣੇ ਦੋ-ਪਹੀਆ ਵਾਹਨ 'ਤੇ ਮੋਗਾ ਰੋਡ ਵੱਲ ਆ ਰਹੇ ਸਨ। ਜਦੋਂ ਉਹ ਮੋਗਾ ਰੋਡ ਮੁੱਖ ਮਾਰਗ ਦੇ ਥੋੜ੍ਹਾ ਨੇੜੇ ਪਹੁੰਚੇ ਤਾਂ ਉਕਤ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ 'ਤੇ ਹਾਕੀਆਂ ਆਦਿ ਨਾਲ ਜ਼ੋਰਦਾਰ ਹਮਲਾ ਕਰ ਦਿੱਤਾ।

PunjabKesari

ਹਸਪਤਾਲ 'ਚ ਇਲਾਜ ਅਧੀਨ 1 ਪੱਤਰਕਾਰ ਨੇ ਦੱਸਿਆ ਕਿ ਹਮਲਾਵਰਾਂ ਨੇ ਬੜੀ ਬੇਦਰਦੀ ਨਾਲ ਉਨ੍ਹਾਂ 'ਤੇ ਹਮਲਾ ਕੀਤਾ, ਜਿਸ ਦੌਰਾਨ ਜਦੋਂ ਉਨ੍ਹਾਂ ਨੇ ਆਪਣਾ ਬਚਾਅ ਕੀਤਾ ਤਾਂ ਉਸ ਦੇ ਹੱਥ ਅਤੇ ਛਾਤੀ 'ਤੇ ਸੱਟਾਂ ਲੱਗ ਗਈਆਂ। ਹਮਲਾਵਰਾਂ ਨੇ ਉਸਦੇ ਸਿਰ, ਬਾਂਹ ਅਤੇ ਲੱਤਾਂ ਆਦਿ 'ਤੇ ਸੱਟਾਂ ਮਾਰੀਆਂ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪੱਤਰਕਾਰਤਾ ਨਾਲ ਜੁੜੇ ਲੋਕ ਹਸਪਤਾਲ 'ਚ ਇਕੱਠੇ ਹੋ ਗਏ ਅਤੇ ਇਸ ਘਟਨਾ ਨੂੰ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੰਦੇ ਹੋਏ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

ਸਿਵਲ ਹਸਪਤਾਲ ਪਹੁੰਚੇ ਥਾਣਾ ਸਿਟੀ ਕੋਟਕਪੂਰਾ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵਲੋਂ ਸੀ. ਸੀ. ਟੀ. ਵੀ. ਦੀ ਫੁਟੇਜ ਦੀ ਜਾਂਚ ਕਰਨ ਤੋਂ ਇਲਾਵਾ ਆਲੇ-ਦੁਆਲੇ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਦੋਸ਼ੀ ਵਿਅਕਤੀਆਂ ਨੂੰ ਕਿਸੇ ਵੀ ਸੂਰਤ 'ਚ ਬਖਸ਼ਿਆ ਨਹੀਂ ਜਾਵੇਗਾ।


author

rajwinder kaur

Content Editor

Related News