ਕੋਟਕਪੂਰਾ ਗੋਲੀਕਾਂਡ: ਸੁਮੇਧ ਸੈਣੀ ਖ਼ਿਲਾਫ਼ ਪੇਸ਼ ਹੋ ਸਕਦਾ ਹੈ ਚਲਾਨ

Monday, Jun 03, 2019 - 12:49 PM (IST)

ਕੋਟਕਪੂਰਾ ਗੋਲੀਕਾਂਡ: ਸੁਮੇਧ ਸੈਣੀ ਖ਼ਿਲਾਫ਼ ਪੇਸ਼ ਹੋ ਸਕਦਾ ਹੈ ਚਲਾਨ

ਫਰੀਦਕੋਟ - ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ 'ਸਿੱਟ' ਵਲੋਂ ਇਕ ਅਕਾਲੀ ਆਗੂ ਸਣੇ 6 ਵਿਅਕਤੀਆਂ ਖ਼ਿਲਾਫ਼ ਅਦਾਲਤ 'ਚ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਲੁਧਿਆਣਾ ਦੇ ਸਹਾਇਕ ਪੁਲਸ ਕਮਿਸ਼ਨਰ ਪਰਮਪਾਲ ਸਿੰਘ ਪੰਨੂ ਅਤੇ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਵਲੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪਰਮਪਾਲ ਸਿੰਘ ਪੰਨੂ ਨੇ ਜੱਜ ਹਰਪਾਲ ਸਿੰਘ ਦੀ ਅਦਾਲਤ 'ਚ ਅਰਜ਼ੀ ਦੇ ਕੇ ਗ੍ਰਿਫ਼ਤਾਰੀ 'ਤੇ ਰੋਕ ਲਾਉਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਨੇ ਵੀ ਗ੍ਰਿਫ਼ਤਾਰੀ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਜ਼ਮਾਨਤ ਦੀ ਮੰਗ ਕਰ ਚੁੱਕੇ ਹਨ। ਅਦਾਲਤ ਨੇ ਇਸ ਮਾਮਲੇ ਦੇ ਸਬੰਧ 'ਚ 'ਸਿੱਟ' ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ਦੀ ਸੁਣਵਾਈ 4 ਜੂਨ ਨੂੰ ਹੋਵੇਗੀ। 

ਦੱਸ ਦੇਈਏ ਕਿ ਜਿਨ੍ਹਾਂ ਪੁਲਸ ਅਧਿਕਾਰੀਆਂ ਨੇ ਜ਼ਮਾਨਤ ਦੀ ਮੰਗ ਕੀਤੀ, ਉਨ੍ਹਾਂ ਅਧਿਕਾਰੀਆਂ ਨੂੰ ਪੁਲਸ ਨੇ ਪੜਤਾਲ ਦੌਰਾਨ ਗ੍ਰਿਫ਼ਤਾਰ ਨਹੀਂ ਕੀਤਾ ਸੀ, ਸਗੋਂ ਪੁੱਛਗਿੱਛ ਕਰਕੇ ਰਿਹਾਅ ਕਰ ਦਿੱਤਾ ਸੀ ਪਰ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਨੂੰ ਉਨ੍ਹਾਂ ਨੇ ਕਾਬੂ ਕਰ ਲਿਆ ਸੀ। ਦੂਜੇ ਪਾਸੇ ਸਾਬਕਾ ਸਾਂਸਦੀ ਸਕੱਤਰ ਮਨਤਾਰ ਸਿੰਘ ਬਰਾੜ ਇਸ ਮਾਮਲੇ 'ਚ ਦੋਸ਼ੀ ਵਜੋਂ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਦੀ ਗ੍ਰਿਫਤਾਰੀ 'ਤੇ ਹਾਈ ਕੋਰਟ ਨੇ ਰੋਕ ਲਾਈ ਹੋਈ ਹੈ। 

ਦੱਸਣਯੋਗ ਹੈ ਕਿ ਅਦਾਲਤ 'ਚ ਚਲਾਨ ਪੇਸ਼ ਕਰਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਲਈ ਡੀ.ਜੀ.ਪੀ ਪੰਜਾਬ ਨੇ ਜਾਂਚ ਟੀਮ ਅਧਿਕਾਰੀਆਂ ਨੂੰ ਬੁਲਾਇਆ, ਜਿਸ 'ਚ ਏ.ਡੀ.ਜੀ.ਪੀ ਪ੍ਰਬੋਧ ਕੁਮਾਰ, ਆਈ.ਜੀ. ਕੁੰਵਰ ਵਿਜੇ ਪ੍ਰਤਾਪ ਅਤੇ ਦੋ ਹੋਰ ਜਾਂਚ ਅਧਿਕਾਰੀ ਸ਼ਾਮਲ ਸਨ। ਡੀ.ਜੀ.ਪੀ. ਨੇ ਜਾਂਚ ਟੀਮ ਦੇ ਅਧਿਕਾਰੀਆਂ ਨੂੰ ਜਾਂਚ ਸਬੰਧੀ ਕਿਸੇ ਵੀ ਤੱਥ ਜਾਂ ਵਿਵਾਦ ਨੂੰ ਪੱਤਰਕਾਰਾਂ ਦੇ ਸਾਹਮਣੇ ਨਾ ਲਿਜਾਣ ਦੀ ਗੱਲ ਕਹੀ। ਇਸ ਮੌਕੇ ਪੰਜਾਬ ਪੁਲਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਖ਼ਿਲਾਫ਼ ਚਲਾਨ ਪੇਸ਼ ਕਰਨ ਦੇ ਮੁੱਦੇ 'ਤੇ ਵੀ ਵਿਚਾਰ ਚਰਚਾ ਕੀਤੀ ਗਈ। ਕੋਟਕਪੂਰਾ ਗੋਲੀ ਕਾਂਡ 'ਚ 'ਸਿੱਟ' ਵਲੋਂ ਪੇਸ਼ ਕੀਤੇ ਗਏ ਚਲਾਨ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਕੋਟਕਪੂਰਾ ਗੋਲੀ ਕਾਂਡ 'ਚ ਨਿਭਾਏ ਗਏ ਰੋਲ ਦੀ ਜਾਂਚ ਹੋ ਰਹੀ ਹੈ।


author

rajwinder kaur

Content Editor

Related News