ਗੰਦਗੀ ਦੇ ਢੇਰ ''ਚੋਂ ਬੱਚੇ ਦਾ ਭਰੂਣ ਮਿਲਣ ''ਤੇ ਫੈਲੀ ਦਹਿਸ਼ਤ

04/03/2019 11:22:49 AM

ਫਰੀਦਕੋਟ (ਨਰਿੰਦਰ) - ਬੀਤੇ ਦਿਨ ਬਠਿੰਡਾ ਰੋਡ 'ਤੇ ਨਵੀਂ ਅਨਾਜ ਮੰਡੀ ਨੇੜੇ ਇਕ ਬੱਚੇ ਦਾ ਭਰੂਣ ਮਿਲਣ ਕਾਰਨ ਦਹਿਸ਼ਤ ਫੈਲ ਗਈ। ਦਾਣਾ ਮੰਡੀ ਦੀ ਕੰਧ ਨਾਲ ਪਈ ਗੰਦਗੀ ਦੇ ਢੇਰ 'ਚ ਪਏ ਬੱਚੇ ਦੇ ਭਰੂਣ ਨੂੰ ਜਦੋਂ ਉੱਥੇ ਫਿਰਦੇ ਝੁੱਗੀ-ਝੌਂਪੜੀ 'ਚ ਰਹਿਣ ਵਾਲੇ ਬੱਚਿਆਂ ਨੇ ਦੇਖਿਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਕਾਰ ਮਕੈਨਿਕ ਬੇਅੰਤ ਸਿੰਘ, ਕਾਂਗਰਸੀ ਆਗੂ ਰਾਜੂ ਸ਼ਰਮਾ, ਪਰਮਜੀਤ ਸਿੰਘ ਅਤੇ ਗੋਰਾ ਸਿੰਘ ਨੂੰ ਦਿੱਤੀ, ਜਿਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਐਡੀਸ਼ਨਲ ਐੱਸ. ਐੱਚ. ਓ. ਹਰਪ੍ਰੀਤ ਕੌਰ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ। ਭਰੂਣ ਮਿਲਣ ਦਾ ਪਤਾ ਲੱਗਣ 'ਤੇ ਐੱਸ. ਐੱਮ. ਓ. ਡਾ. ਕੁਲਦੀਪ ਧੀਰ ਨੇ ਡਾ. ਕਰਮਜੀਤ ਕੌਰ ਤੇ ਸਿਹਤ ਵਿਭਾਗ ਦੇ ਮੁਲਾਜ਼ਮ ਗੁਰਮੇਲ ਸਿੰਘ ਨੂੰ ਉਸ ਤਾਂ 'ਤੇ ਭੇਜਿਆ, ਜਿਨ੍ਹਾਂ ਨੇ ਭਰੂਣ ਨੂੰ ਆਪਣੇ ਕਬਜ਼ੇ 'ਚ ਲੈ ਲਿਆ। 

ਐੱਸ. ਐੱਚ. ਓ. ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰ ਮਕੈਨਿਕ ਬੇਅੰਤ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾਵੇਗੀ। ਡਾ. ਕਰਮਜੀਤ ਕੌਰ ਨੇ ਦੱਸਿਆ ਕਿ ਇਹ ਭਰੂਣ 8 ਕੁ ਮਹੀਨੇ ਦਾ ਲੱਗਦਾ ਹੈ ਅਤੇ ਇਸ ਨੂੰ ਜਾਂਚ ਲਈ ਫੋਰੈਂਸਿਕ ਲੈਬ 'ਚ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News