ਜਬਰ-ਜ਼ਨਾਹੀ ਲਈ ਫਾਂਸੀ ਤੋਂ ਘੱਟ ਨਾ ਹੋਵੇ ਕੋਈ ਸਜ਼ਾ

Saturday, Mar 24, 2018 - 08:19 AM (IST)

ਜਬਰ-ਜ਼ਨਾਹੀ ਲਈ ਫਾਂਸੀ ਤੋਂ ਘੱਟ ਨਾ ਹੋਵੇ ਕੋਈ ਸਜ਼ਾ

ਪਟਿਆਲਾ  (ਪ੍ਰਤਿਭਾ) - ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਹੋਵੇ, ਇਹ ਮੰਗ ਹੁਣ ਹੋਰ ਵੀ ਮਜ਼ਬੂਤੀ ਨਾਲ ਉਠਣੀ ਸ਼ੁਰੂ ਹੋ ਚੁੱਕੀ ਹੈ। ਹਰ ਵਰਗ, ਖੇਤਰ ਤੋਂ ਔਰਤਾਂ ਅੱਗੇ ਆ ਕੇ ਹੁਣ ਇਹ ਕਹਿ ਰਹੀਆਂ ਹਨ ਕਿ ਕਦੀ ਇਹ ਵੀ ਸੁਣਿਆ ਹੈ ਕਿ ਲੜਕੀ ਨੇ ਕਿਸੇ ਨਾਲ ਜਬਰ-ਜ਼ਨਾਹ ਕੀਤਾ ਹੋਵੇ? ਹਮੇਸ਼ਾ ਲੜਕੀਆਂ ਨੂੰ ਹੀ ਇਸ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਹੁਣ ਤਾਂ ਫਿਲਮ ਇੰਡਸਟਰੀ ਨਾਲ ਜੁੜੇ ਵੱਡੇ-ਵੱਡੇ ਕਲਾਕਾਰ ਵੀ ਦੱਸ ਰਹੇ ਹਨ ਕਿ ਉਨ੍ਹਾਂ ਨਾਲ ਬਚਪਨ ਵਿਚ ਕੀ ਹੋਇਆ? ਕਿਸ ਤਰ੍ਹਾਂ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ? ਹੁਣ ਸਮਾਜ ਨੂੰ ਬਦਲਣ ਦੀ ਲੋੜ ਹੈ। ਅਜਿਹੇ ਪਾਪੀ ਲੋਕਾਂ ਨੂੰ ਫਾਂਸੀ ਦੀ ਸਜ਼ਾ ਤੋਂ ਘੱਟ ਕੁੱਝ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਸ਼ਹਿਰ ਦੀ ਕੁੱਝ ਲੜਕੀਆਂ ਨੇ ਇਸ ਖਿਲਾਫ ਆਪਣੀ ਆਵਾਜ਼ ਉਠਾਈ ਹੈ। ਨਾਬਾਲਗਾਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਮਾਮਲੇ ਨੂੰ ਗੰਭੀਰਤਾ ਨਾਲ ਲਵੇ ਸਰਕਾਰ
ਯੂਥ ਕਲੱਬ ਨਾਲ ਜੁੜੀਆਂ ਲੜਕੀਆਂ ਗੁਰਵਿੰਦਰ ਕੌਰ, ਰਾਜਕਮਲਦੀਪ ਕੌਰ, ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ ਤੇ ਮਮਤਾ ਨੇ ਕਿਹਾ ਕਿ ਅਜਿਹੀ ਮੰਗ ਤਾਂ ਬਹੁਤ ਪਹਿਲਾਂ ਤੋਂ ਉਠਦੀ ਆ ਰਹੀ ਹੈ। ਜ਼ਰੂਰੀ ਹੈ ਕਿ ਇਸ ਨੂੰ ਲੈ ਕੇ ਸਰਕਾਰ ਆਪਣਾ ਰੁਖ ਬਦਲੇ। ਨਾਬਾਲਗਾਂ ਨਾਲ ਜਬਰ-ਜ਼ਨਾਹ ਦੇ ਮਾਮਲੇ ਵਧਦੇ ਜਾ ਰਹੇ ਹਨ।  ਦੋਸ਼ੀ ਲੋਕ ਬਚ ਨਿਕਲਦੇ ਹਨ। ਬਹੁਤੇ ਮਾਮਲਿਆਂ ਵਿਚ ਤਾਂ ਨਾਬਾਲਗਾ ਦੱਸ ਵੀ ਨਹੀਂ ਸਕਦੀਆਂ ਕਿ ਉਨ੍ਹਾਂ ਨਾਲ ਆਖਰ ਹੋਇਆ ਕੀ ਹੈ? ਇਸ ਲਈ ਸਰਕਾਰ ਨੂੰ ਅਜਿਹੇ ਮਾਮਲੇ ਗੰਭੀਰਤਾ ਨਾਲ ਲੈਣੇ ਚਾਹੀਦੇ ਹਨ। ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ। ਜਦੋਂ ਤੱਕ ਜਬਰ-ਜ਼ਨਾਹ ਪ੍ਰਤੀ ਕੋਈ ਸਖਤ ਸਜ਼ਾ ਤੈਅ ਨਹੀਂ ਹੋਵੇਗੀ, ਉਦੋਂ ਤੱਕ 'ਮਾਨਸਿਕ ਤੌਰ 'ਤੇ ਬੀਮਾਰ' ਲੋਕਾਂ ਦੇ ਦਿਲ ਵਿਚ ਕੋਈ ਡਰ ਨਹੀਂ ਹੋਵੇਗਾ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਖੁਦ ਹੀ ਪਹਿਲ ਕਰਨ ਅਤੇ ਇਸ ਨੂੰ ਲੈ ਕੇ ਨਿਯਮ ਤੈਅ ਕੀਤੇ ਜਾਣ। ਸਖਤ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇ।


Related News