SSP ਦੇ ਭਰੋਸੇ ਮਗਰੋਂ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਵਲੋਂ ਧਰਨਾ ਖਤਮ ਕਰਨ ਦਾ ਐਲਾਨ
Friday, Jun 25, 2021 - 10:34 PM (IST)
ਡੇਰਾ ਬਾਬਾ ਨਾਨਕ (ਵਤਨ)- ਬੀਤੇ ਦਿਨੀਂ ਕਸਬੇ ਦੇ ਨਜ਼ਦੀਕ ਪੈਂਦੇ ਪਿੰਡ ਨਿਕੋਸਰਾਂ ਵਿਖੇ ਹੋਏ ਇਕ ਜ਼ਮੀਨੀ ਝਗੜੇ ਦੌਰਾਨ ਨਰਿੰਦਰ ਸਿੰਘ ਨਾਂ ਦੇ ਕਿਸਾਨ ਦਾ ਕਤਲ ਹੋ ਗਿਆ ਸੀ। ਡੇਰਾ ਬਾਬਾ ਨਾਨਕ ਪੁਲਸ ਵਲੋਂ ਤੁਰੰਤ ਧਾਰਾ 302 ਤਹਿਤ ਦੋਸ਼ੀਆਂ ਵਿਰੁੱਧ ਪਰਚਾ ਵੀ ਦਰਜ਼ ਕਰਕੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਪਰਿਵਾਰ ਵਲੋਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਮ੍ਰਿਤਕ ਨਰਿੰਦਰ ਸਿੰਘ ਦਾ ਸੰਸਕਾਰ ਨਹੀਂ ਕੀਤਾ ਗਿਆ।
ਇਹ ਖ਼ਬਰ ਪੜ੍ਹੋ- ਹੋਟਲ ਕਾਰੋਬਾਰੀ ਰਾਣਾ ਨਾਲ ਖੜ੍ਹੀ ਹੋਈ ਜਾਗੋ
ਬੀਤੇ ਕੱਲ ਤੋਂ ਉਨ੍ਹਾਂ ਨੇ ਮ੍ਰਿਤਕ ਨਰਿੰਦਰ ਸਿੰਘ ਦੀ ਦੇਹ ਪੁਲਸ ਸਾਹਮਣੇ ਲਿਜਾ ਕੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਧਰਨੇ 'ਚ ਪਰਿਵਾਰਕ ਮੈਂਬਰਾਂ, ਸਿਆਸੀ ਜਥੇਬੰਦੀਆਂ ਅਤੇ ਕਿਸਾਨਾ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਐੱਸ. ਐੱਚ. ਓ. ਅਵਤਾਰ ਸਿੰਘ ਬਾਰ-ਬਾਰ ਘਰ ਵਾਲਿਆਂ ਨੂੰ ਭਰੋਸਾ ਦਵਾਉਂਦੇ ਰਹੇ ਕਿ ਉਹ ਜਲਦ ਤੋਂ ਜਲਦ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲੈਣਗੇ ਪਰ ਪਰਿਵਾਰ ਵਾਲੇ ਆਪਣੀ ਜਿੱਦ 'ਤੇ ਅੜੇ ਰਹੇ ਅਤੇ ਬੀਤੀ ਰਾਤ ਵੀ ਨਰਿੰਦਰ ਸਿੰਘ ਦੀ ਮ੍ਰਿਤਕ ਦੇਹ ਨਾਲ ਥਾਣੇ ਸਾਹਮਣੇ ਧਰਨੇ 'ਤੇ ਬੈਠੇ ਰਹੇ। ਇਸ ਮਾਮਲੇ ਨੂੰ ਧਿਆਨ ਵਿਚ ਰੱਖਦਿਆਂ ਅੱਜ ਐੱਸ. ਐੱਸ. ਪੀ. ਬਟਾਲਾ ਰਛਪਾਲ ਸਿੰਘ ਵਲੋਂ ਡੇਰਾ ਬਾਬਾ ਨਾਨਕ ਪਹੁੰਚ ਕੇ ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ ਅਤੇ ਪਰਿਵਾਰ ਵਾਲਿਆ ਨੂੰ ਭਰੋਸਾ ਦਵਾਇਆ ਕਿ ਉਹ ਬਾਕੀ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਫੜ ਲੈਣਗੇ।
ਇਹ ਖ਼ਬਰ ਪੜ੍ਹੋ- 'ਪੰਜਾਬੀ ਅਧਿਆਪਕਾਂ ਸਬੰਧੀ GK ਨੇ ਕੇਜਰੀਵਾਲ ਨੂੰ ਲਿਖਿਆ ਪੱਤਰ'
ਅੱਜ ਦੇਰ ਸ਼ਾਮ ਐੱਸ. ਐੱਸ. ਪੀ. ਬਟਾਲਾ ਵਲੋਂ ਧਰਨੇ ਵਾਲੀ ਥਾਂ ਤੇ ਪਹੁੰਚ ਐਲਾਨ ਕੀਤਾ ਕਿ ਉਨ੍ਹਾਂ ਮੁਲਜ਼ਮਾਂ ਨੂੰ ਫੜਣ ਲਈ ਸਿਟ ਦਾ ਗਠਨ ਕਰ ਦਿੱਤਾ ਹੈ, ਜਿਸ ਵਿਚ ਐੱਸ. ਪੀ. ਹੈੱਡਕਵਾਟਰ, ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਅਤੇ ਐੱਸ. ਐੱਚ. ਓ. ਡੇਰਾ ਬਾਬਾ ਨਾਨਕ ਸ਼ਾਮਲ ਹਨ । ਅਸੀਂ 2 ਦਿਨਾਂ ਦੇ ਅੰਦਰ-ਅੰਦਰ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਉਨ੍ਹਾਂ ਧਰਨਾ ਖਤਮ ਕਰਕੇ ਪੁਲਸ ਨੂੰ ਮੁਲਜ਼ਮਾਂ ਨੂੰ ਫੜਣ ਲਈ ਸਮਾਂ ਦੇਣ ਦੀ ਗੱਲ ਆਖੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਵੀ ਐਲਾਨ ਕੀਤਾ ਗਿਆ ਕਿ ਉਹ 2 ਦਿਨਾਂ ਦੀ ਨਹੀਂ ਬਲਕਿ 2 ਜੁਲਾਈ ਤੱਕ ਦੀ ਪੁਲਸ ਨੂੰ ਮੋਹਲਤ ਦਿੰਦੇ ਹਨ ਕਿ ਉਹ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲੈਣ। ਜੇਕਰ ਅਜਿਹਾ ਨਾ ਹੋਇਆ ਤਾਂ ਮੁੜ 2 ਜੁਲਾਈ ਤੋਂ ਥਾਣਾ ਡੇਰਾ ਬਾਬਾ ਨਾਨਕ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਮ੍ਰਿਤਕ ਨਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।