ਪੰਜਾਬ ਪੁਲਸ ਦੇ ਜ਼ੁਲਮਾਂ ਦਾ ਸ਼ਿਕਾਰ ਪਰਿਵਾਰ, 14 ਸਾਲਾਂ ਤੋਂ ਨਹੀਂ ਮਿਲਿਆ ਇਨਸਾਫ
Tuesday, Mar 26, 2019 - 04:25 PM (IST)

ਚੰਡੀਗੜ੍ਹ (ਮਨਮੋਹਨ) : ਜਗਰਾਓਂ ਨੇੜਲੇ ਪਿੰਡ ਰਸੂਲਪੁਰ ਮੱਲਾ 'ਚ ਪੰਜਾਬ ਪੁਲਸ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਪਰਿਵਾਰ ਨੂੰ ਪਿਛਲੇ 14 ਸਾਲਾਂ ਤੋਂ ਇਨਸਾਫ ਦੀ ਉਮੀਦ ਹੈ ਪਰ ਅਜੇ ਤੱਕ ਪਰਿਵਾਰਕ ਮੈਂਬਰ ਦਰ-ਦਰ ਧੱਕੇ ਖਾ ਰਹੇ ਹਨ। ਅਸਲ 'ਚ ਇਸ ਪਰਿਵਾਰ 'ਤੇ ਆਪਣੇ ਕਿਸੇ ਰਿਸ਼ਤੇਦਾਰ ਦੇ ਕਤਲ ਦਾ ਮਾਮਲਾ ਦਰਜ ਕਰਕੇ ਪੁਲਸ ਨੇ ਜ਼ਬਰਦਸਤੀ ਪਰਿਵਾਰ ਦੀਆਂ ਔਰਤਾਂ ਨੂੰ ਘਰੋਂ ਚੁੱਕ ਲਿਆ ਅਤੇ ਫਿਰ ਉਨ੍ਹਾਂ 'ਤੇ ਤਸ਼ੱਦਦ ਢਾਹੇ, ਜਿਸ ਕਾਰਨ ਪਰਿਵਾਰ ਦੀ ਇਕ ਲੜਕੀ ਕੁਲਵੰਤ ਕੌਰ ਬੁਰੀ ਤਰ੍ਹਾਂ ਅਪਾਹਜ ਹੋ ਗਈ। ਪਰਿਵਾਰ ਦੇ ਮਰਦਾਂ ਨੂੰ ਵੀ ਜੇਲ੍ਹਾਂ ਕੱਟਣੀਆਂ ਪਈਆਂ।
ਪੀੜਤ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਨੇ ਦੱਸਿਆ ਕਿ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਬਾਵਜੂਦ ਵੀ ਪੰਜਾਬ ਪੁਲਸ ਨੇ ਨਾ ਤਾਂ ਜ਼ੁਲਮ ਕਰਨ ਵਾਲੇ ਥਾਣੇਦਾਰ 'ਤੇ ਪਰਚਾ ਦਰਜ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਇਨਸਾਫ ਦੇਣ ਲਈ ਕੋਈ ਕਾਰਵਾਈ ਕੀਤੀ। ਪਰਿਵਾਰ ਦੀ ਮਦਦ ਲਈ ਉਨ੍ਹਾਂ ਦੇ ਹੱਕ 'ਚ ਆਏ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਸਿੰਘ ਨੇ ਦੱਸ਼ਿਆ ਕਿ ਉਹ ਲਗਾਤਾਰ ਪੀੜਤ ਪਰਿਵਾਰ ਦੀ ਹਮਾਇਤ ਕਰ ਰਹੇ ਹਨ ਅਤੇ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਸ ਲੜਾਈ ਨੂੰ ਸੜਕਾਂ 'ਤੇ ਲੈ ਜਾਣਗੇ। ਪੀੜਤ ਧਿਰ ਦੇ ਵਕੀਲ ਸਤਿੰਦਰ ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਇਨਸਾਫ ਨਾ ਮਿਲਿਆ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ ਅਤੇ ਸਾਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰਨਗੇ। ਭਾਵੇਂ ਹੀ ਹੁਣ ਜ਼ਮਾਨਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕਈ ਤਰ੍ਹਾਂ ਦੇ ਕਮਿਸ਼ਨ ਬਣੇ ਹੋਏ ਹਨ ਅਤੇ ਔਰਤਾਂ ਦੀ ਭਲਾਈ ਲਈ ਵੀ ਕਈ ਸੰਸਥਾਵਾਂ ਬਣੀਆਂ ਹੋਈਆਂ ਹਨ ਪਰ ਜਗਰਾਓਂ ਦੇ ਪਿੰਡ ਦੇ ਇਸ ਪੀੜਤ ਪਰਿਵਾਰ ਨੂੰ ਇਨਸਾਫ ਕੋਹਾਂ ਦੂਰ ਲੱਗ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਸਾਡੇ ਪੁਲਸ ਤੰਤਰ ਅਤੇ ਨਿਆਂ ਪ੍ਰਣਾਲੀ 'ਚ ਬਹੁਤ ਖਾਮੀਆਂ ਹਨ।