ਘਰ ’ਚ ਸੁੱਤਾ ਪਿਆ ਸੀ ਪਰਿਵਾਰ, ਬਾਹਰੋਂ ਅਣਪਛਾਤਿਆਂ ਨਾਲ ਚਲਾਈਆਂ ਗੋਲ਼ੀਆਂ
Tuesday, Feb 27, 2024 - 03:55 PM (IST)
ਜ਼ੀਰਾ (ਰਾਜੇਸ਼ ਢੰਡ) : ਥਾਣਾ ਸਦਰ ਜ਼ੀਰਾ ਦੇ ਅਧੀਨ ਆਉਂਦੇ ਪਿੰਡ ਛੱਜਾ ਵਾਲੀ ਵਿਖੇ ਇਕ ਵਿਅਕਤੀ ਦੇ ਘਰ ਅੰਦਰ ਫਾਇਰ ਕਰਨ ਦੇ ਮਾਮਲੇ ਵਿਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ 336 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਮੇਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਛੱਜਾ ਵਾਲੀ ਨੇ ਦੱਸਿਆ ਕਿ ਮਿਤੀ 25 ਫਰਵਰੀ 2024 ਨੂੰ ਉਹ ਆਪਣੇ ਪਰਿਵਾਰ ਸਮੇਤ ਸੁੱਤਾ ਹੋਇਆ ਸੀ ਤਾਂ ਰਾਤ 12 ਵਜੇ ਘਰ ਦੇ ਅੰਦਰ 2 ਫਾਇਰ ਚੱਲਣ ਦੀ ਆਵਾਜ਼ ਆਈ, ਜਿਸ ਨਾਲ ਉਹ ਤੇ ਉਸ ਦਾ ਪਰਿਵਾਰ ਡਰ ਗਏ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਨੇ ਬਾਹਰ ਜਾ ਕੇ ਵੇਖਿਆ ਤਾਂ ਇਕ ਫਾਇਰ ਬਾਹਰਲੇ ਮੇਨ ਗੇਟ ’ਤੇ ਲੱਗਾ ਸੀ ਤੇ ਦੂਜਾ ਫਾਇਰ ਘਰ ਦੇ ਬਰਾਂਡੇ ’ਤੇ ਲੱਗਾ ਸੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।