ਹੁਣ ਬਿਨਾਂ ਲਾਇਸੈਂਸ ਕੰਮ ਕਰਨ ਵਾਲੇ ਟਰੈਵਲ ਏਜੰਟਾਂ ਦੀ ਖੈਰ ਨਹੀਂ, ਹੋਵੇਗੀ ਸਖਤ ਕਾਰਵਾਈ

Tuesday, Aug 08, 2017 - 07:17 PM (IST)

ਕਪੂਰਥਲਾ(ਭੂਸ਼ਣ)— ਜ਼ਿਲੇ 'ਚ ਬਿਨਾਂ ਲਾਇਸੈਂਸ ਕੰਮ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਹੁਣ ਪ੍ਰਸ਼ਾਸਨ ਨੇ ਆਉਣ ਵਾਲੇ ਦਿਨਾਂ ਵਿਚ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਜਿੱਥੇ ਜ਼ਿਲਾ ਭਰ ਵਿੱਚ ਐੱਸ. ਡੀ. ਐੱਮ. ਅਤੇ ਡੀ. ਐੱਸ. ਪੀ. ਪੱਧਰ ਦੇ ਅਫਸਰਾਂ 'ਤੇ ਆਧਾਰਿਤ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ, ਉਥੇ ਹੀ ਪਲਸ ਦੇ ਨਾਲ ਵੀ ਪੂਰਾ ਤਾਲਮੇਲ ਰੱਖਿਆ ਜਾ ਰਿਹਾ ਹੈ। ਇਹ ਗੱਲ ਡੀ. ਸੀ. ਮੁਹੰਮਦ ਤਈਅਬ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਹੀ।  
ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਤੌਰ 'ਤੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੋੜਾਂ ਦੀ ਠੱਗੀ ਮਾਰਨ ਵਾਲੇ ਫਰਜ਼ੀ ਟਰੈਵਲ ਏਜੰਟ ਦੇਸ਼ ਦੇ ਦੁਸ਼ਮਣ ਹਨ। ਅਜਿਹੇ ਫਰਜ਼ੀ ਟਰੈਵਲ ਏਜੰਟਾਂ 'ਤੇ ਲਗਾਮ ਕੱਸਣ ਦੇ ਮਕਸਦ ਨਾਲ ਸਾਰੇ ਟਰੈਵਲ ਏਜੰਟਾਂ ਲਈ ਸਰਕਾਰੀ ਤੌਰ 'ਤੇ ਲਾਇਸੈਂਸ ਲੈਣਾ ਜ਼ਰੂਰੀ ਕੀਤਾ ਗਿਆ ਹੈ। ਜਿਸ ਤਹਿਤ ਕਾਫੀ ਗਿਣਤੀ ਵਿਚ ਟਰੈਵਲ ਏਜੰਟਾਂ ਤੋਂ ਜ਼ਿਲਾ ਪ੍ਰਸ਼ਾਸਨ ਨੇ ਲਾਇਸੈਂਸ ਲਏ ਹਨ ਪਰ ਜਿਸ ਦੇ ਬਾਵਜੂਦ ਵੀ ਜ਼ਿਲਾ ਪ੍ਰਸ਼ਾਸਨ ਨੂੰ ਅਜਿਹੇ ਵੱਡੀ ਗਿਣਤੀ ਵਿਚ ਟਰੈਵਲ ਏਜੰਟਾਂ ਦੇ ਸੰਬੰਧ ਵਿਚ ਸੂਚਨਾ ਮਿਲ ਰਹੀ ਹੈ, ਜਿਨ੍ਹਾਂ ਨੇ ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਅਜੇ ਤਕ ਲਾਇਸੈਂਸ ਨਹੀਂ ਲਿਆ। ਅਜਿਹੇ ਲੋਕਾਂ ਨੂੰ ਬਿਨਾਂ ਲਾਇਸੈਂਸ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। 
ਡੀ. ਸੀ. ਨੇ ਕਿਹਾ ਕਿ ਉਨ੍ਹਾਂ ਨੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨਾਲ ਵਿਸ਼ੇਸ਼ ਬੈਠਕ ਕਰਕੇ ਆਉਣ ਵਾਲੇ ਦਿਨਾਂ ਵਿਚ ਗੈਰ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ ਖਿਲਾਫ ਵਿਸ਼ੇਸ਼ ਮੁਹਿੰਮ ਛੇੜਨ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਦਾ ਜ਼ਿਲਾ ਪ੍ਰਸ਼ਾਸਨ ਕੋਲ ਅਤੇ ਪੁਲਸ ਕੋਲ ਕੋਈ ਸਥਾਈ ਪਤਾ ਨਹੀਂ ਹੈ ਅਤੇ ਅਜਿਹੇ ਲੋਕ ਮਾਸੂਮ ਲੋਕਾਂ ਨੂੰ ਝਾਂਸਾ ਦੇ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਜ਼ਿਲੇ ਦੇ ਚਾਰੇ ਸਬ ਡਿਵੀਜ਼ਨਾਂ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁਲੱਥ 'ਚ ਐੱਸ. ਡੀ. ਐੱਮ. ਅਤੇ ਡੀ. ਐੱਸ. ਪੀ. 'ਤੇ ਆਧਾਰਿਤ ਵਿਸ਼ੇਸ਼ ਟੀਮਾਂ ਦਾ ਗਠਨ ਕਰ ਕੇ ਅਜਿਹੇ ਫਰਜ਼ੀ ਟਰੈਵਲ ਏਜੰਟਾਂ 'ਤੇ ਨਜ਼ਰ ਰੱਖਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਟੀਮਾਂ ਕਿਸੇ ਵੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਖਤਰਨਾਕ ਰਸਤਿਆਂ ਤੋਂ ਵਿਦੇਸ਼ ਭੇਜਣ ਵਾਲੇ ਕਬੂਤਰਬਾਜ਼ਾਂ ਖਿਲਾਫ ਵੀ ਮੁਹਿੰਮ ਲਗਾਤਾਰ ਚਲਾਈ ਜਾਵੇਗੀ, ਜਿਸ ਦੌਰਾਨ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਮਾਮਲੇ ਵੀ ਦਰਜ ਕਰਵਾਏ ਜਾਣਗੇ। ਉਨ੍ਹਾਂ ਜਨਤਾ ਤੋਂ ਅਪੀਲ ਕੀਤੀ ਕਿ ਉਹ ਬਿਨਾਂ ਲਾਇਸੈਂਸ ਕੰਮ ਕਰਨ ਵਾਲੇ ਸੜਕ-ਛਾਪ ਫਰਜ਼ੀ ਟਰੈਵਲ ਏਜੰਟਾਂ ਦੇ ਝਾਂਸੇ 'ਚ ਨਾ ਆਉਣ ਅਤੇ ਅਜਿਹੇ ਕਬੂਤਰਬਾਜ਼ਾਂ ਦੇ ਸਬੰਧ ਵਿਚ ਜ਼ਿਲਾ ਪ੍ਰਸ਼ਾਸਨ ਨੂੰ ਸੂਚਨਾ ਦੇਣ।  


Related News