ਪੰਜਾਬ: ਘਰਦਿਆਂ ਨੇ ਆਸ਼ਿਕ ਦੀ THAR ''ਤੇ ਚਲਵਾਈਆਂ ਗੋਲ਼ੀਆਂ ਤਾਂ ਭੜਕੀ ਕੁੜੀ ਨੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ

Tuesday, Nov 03, 2026 - 02:41 PM (IST)

ਪੰਜਾਬ: ਘਰਦਿਆਂ ਨੇ ਆਸ਼ਿਕ ਦੀ THAR ''ਤੇ ਚਲਵਾਈਆਂ ਗੋਲ਼ੀਆਂ ਤਾਂ ਭੜਕੀ ਕੁੜੀ ਨੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ

ਲੁਧਿਆਣਾ (ਰਾਜ): ਮਹਾਨਗਰ ਦੇ ਸ਼ਿੰਗਾਰ ਸਿਨੇਮਾ ਰੋਡ ਸਥਿਤ ਹਰਚਰਨ ਨਗਰ ਵਿਚ ਥਾਰ ਸਵਾਰ ਨੌਜਵਾਨ 'ਤੇ ਹੋਈ ਤਾਬੜਤੋੜ ਫਾਇਰਿੰਗ ਦੇ ਮਾਮਲੇ ਨੇ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਬੇਹੱਦ ਦਰਦਨਾਕ ਅਤੇ ਸਨਸਨੀਖੇਜ਼ ਮੋੜ ਲੈ ਲਿਆ। ਪਰਿਵਾਰ ਵਾਲਿਆਂ ਵੱਲੋਂ ਆਪਣੇ ਬੁਆਏਫ੍ਰੈਂਡ 'ਤੇ ਜਾਨਲੇਵਾ ਹਮਲਾ ਕਰਵਾਉਣ ਅਤੇ 15-20 ਰਾਊਂਡ ਗੋਲੀਆਂ ਚਲਾਉਣ ਤੋਂ ਡੂੰਘੇ ਸਦਮੇ ਵਿਚ ਆਈ 23 ਸਾਲਾ ਮੁਟਿਆਰ ਰੈਨਾ ਧੀਰ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮੁਟਿਆਰ ਨੂੰ ਗੰਭੀਰ ਹਾਲਤ ਵਿਚ CMC ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਇਕ-ਦੂਜੇ 'ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ, ਜਦਕਿ ਥਾਣਾ ਡਵੀਜ਼ਨ ਨੰਬਰ-3 ਦੀ ਪੁਲਸ ਨੇ ਮੁਟਿਆਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਵਿਸਥਾਰਤ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਬੁਆਏਫ੍ਰੈਂਡ ਦਾ ਦੋਸ਼: 'ਕੇਕ ਕੱਟਣ ਲਈ ਬੁਲਾਇਆ ਸੀ, ਮਾਂ ਦੇ ਲਲਕਾਰਨ 'ਤੇ 25-30 ਗੁੰਡਿਆਂ ਨੇ ਥਾਰ 'ਤੇ ਵਰ੍ਹਾਈਆਂ ਗੋਲੀਆਂ'

ਵਾਮਿਕਾ ਐਂਟਰਪ੍ਰਾਈਜ਼ (ਨੱਟ-ਬੋਲਟ ਫੈਕਟਰੀ) ਦੇ ਸੰਚਾਲਕ ਅਤੇ ਹੈਬੋਵਾਲ ਨਿਵਾਸੀ ਦਿਵਿਆਂਸ਼ੂ ਬੱਗਾ ਨੇ ਆਪਣੀ ਆਪਬੀਤੀ ਦੱਸਦਿਆਂ ਕਿਹਾ ਕਿ 2 ਨਵੰਬਰ ਨੂੰ ਉਸ ਦਾ ਜਨਮਦਿਨ ਸੀ। ਦਿਵਿਆਂਸ਼ੂ ਮੁਤਾਬਕ, ਉਸ ਦੀ ਦੋਸਤ ਰੈਨਾ ਧੀਰ ਨੇ ਫੋਨ ਕਰਕੇ ਉਸ ਨੂੰ ਜਨਮਦਿਨ ਦਾ ਕੇਕ ਕੱਟਣ ਲਈ ਆਪਣੇ ਘਰ ਦੀ ਗਲੀ ਵਿਚ ਬੁਲਾਇਆ ਸੀ। ਰਾਤ ਲਗਭਗ 12:30 ਵਜੇ ਜਿਵੇਂ ਹੀ ਉਹ ਆਪਣੀ ਮਹਿੰਦਰਾ ਥਾਰ ਲੈ ਕੇ ਹਰਚਰਨ ਨਗਰ ਪਹੁੰਚਿਆ, ਉੱਥੇ ਪਹਿਲਾਂ ਤੋਂ ਤਿਆਰ ਬੈਠੇ 25 ਤੋਂ 30 ਹਥਿਆਰਬੰਦ ਨੌਜਵਾਨਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਦਿਵਿਆਂਸ਼ੂ ਦਾ ਦੋਸ਼ ਹੈ ਕਿ ਇਹ ਹਮਲਾ ਲੜਕੀ ਦੇ ਭਰਾ ਰੋਹਨ ਧੀਰ ਨੇ ਆਪਣੀ ਮਾਂ ਸੀਮਾ ਰਾਣੀ ਦੇ ਉਕਸਾਉਣ 'ਤੇ ਕਰਵਾਇਆ। ਉਸ ਨੇ ਦਾਅਵਾ ਕੀਤਾ ਕਿ ਲੜਕੀ ਦੀ ਮਾਂ ਨੇ ਜ਼ੋਰ ਨਾਲ ਕਿਹਾ, "ਮਾਰੋ ਇਸ ਨੂੰ, ਅੱਜ ਇੱਥੋਂ ਇਸ ਦੀ ਲਾਸ਼ ਹੀ ਜਾਣੀ ਚਾਹੀਦੀ ਹੈ"। ਇਸ ਤੋਂ ਬਾਅਦ ਹਮਲਾਵਰਾਂ ਨੇ ਗੱਡੀ 'ਤੇ ਇੱਟਾਂ-ਪੱਥਰ ਸੁੱਟੇ ਅਤੇ 15 ਤੋਂ 20 ਰਾਊਂਡ ਗੋਲੀਆਂ ਚਲਾਈਆਂ। ਗੋਲੀਆਂ ਨਾਲ ਟਾਇਰ ਫਟਣ ਦੇ ਬਾਵਜੂਦ ਉਹ ਗੱਡੀ ਭਜਾ ਕੇ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਰਿਹਾ। ਦਿਵਿਆਂਸ਼ੂ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਵਿਚਕਾਰ ਖਾਟੂ ਸ਼ਿਆਮ ਯਾਤਰਾ ਦੌਰਾਨ ਜਾਣ-ਪਛਾਣ ਹੋਈ ਸੀ ਅਤੇ ਉੱਥੋਂ ਹੀ ਉਨ੍ਹਾਂ ਦੀ ਦੋਸਤੀ ਸ਼ੁਰੂ ਹੋਈ ਸੀ। ਨੌਜਵਾਨ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਇਸ ਖੂਨੀ ਕਦਮ ਅਤੇ ਆਪਣੇ ਪ੍ਰੇਮੀ 'ਤੇ ਗੋਲੀਆਂ ਚਲਵਾਉਣ ਤੋਂ ਨਾਰਾਜ਼ ਹੋ ਕੇ ਰੈਨਾ ਨੇ ਇਹ ਕਦਮ ਚੁੱਕ ਲਿਆ।

ਭਰਾ ਦਾ ਪਲਟਵਾਰ: 'ਭੈਣ ਨੂੰ 3 ਮਹੀਨਿਆਂ ਤੋਂ ਕਰ ਰਿਹਾ ਸੀ ਪ੍ਰੇਸ਼ਾਨ'

ਦੂਜੇ ਪਾਸੇ, ਮੁਟਿਆਰ ਦੀ ਮੌਤ ਤੋਂ ਬਾਅਦ ਸਿਵਲ ਹਸਪਤਾਲ ਪਹੁੰਚੇ ਮ੍ਰਿਤਕਾ ਦੇ ਭਰਾ ਰੋਹਨ ਧੀਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਦਿਵਿਆਂਸ਼ੂ 'ਤੇ ਗੰਭੀਰ ਦੋਸ਼ ਲਗਾਏ ਹਨ। ਰੋਹਨ ਨੇ ਦੱਸਿਆ ਕਿ ਉਸ ਦੀ ਭੈਣ 22-23 ਸਾਲ ਦੀ ਪੜ੍ਹੀ-ਲਿਖੀ ਲੜਕੀ ਸੀ। ਦੋਸ਼ੀ ਦਿਵਿਆਂਸ਼ੂ ਪਿਛਲੇ 3 ਮਹੀਨਿਆਂ ਤੋਂ ਗਲੀ ਵਿਚ ਆ ਕੇ ਉਸ ਦੀ ਭੈਣ ਨੂੰ ਲਗਾਤਾਰ ਪ੍ਰੇਸ਼ਾਨ ਅਤੇ ਤੰਗ ਕਰ ਰਿਹਾ ਸੀ। ਰੋਹਨ ਅਨੁਸਾਰ, ਉਨ੍ਹਾਂ ਨੇ ਅਤੇ ਪਰਿਵਾਰ ਨੇ ਦੋਸ਼ੀ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ 10-15 ਵਾਰ ਸਮਝਾਇਆ, ਪਰ ਉਸ ਨੇ ਛੇੜਛਾੜ ਬੰਦ ਨਹੀਂ ਕੀਤੀ। ਭਰਾ ਨੇ ਦੋਸ਼ ਲਗਾਇਆ, "ਕੱਲ੍ਹ ਰਾਤ ਉਹ ਸਾਡੇ ਘਰ ਦੇ ਬਾਹਰ ਆ ਕੇ ਤੇਜ਼ ਆਵਾਜ਼ ਵਿਚ ਗਾਣੇ ਵਜਾ ਰਿਹਾ ਸੀ, ਸ਼ਰਾਬ ਪੀਤੀ ਅਤੇ ਘੰਟੀ ਵਜਾਈ। ਜਦੋਂ ਅਸੀਂ ਬਾਹਰ ਨਿਕਲੇ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਸਾਡੇ 'ਤੇ ਥਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਹੈਬੋਵਾਲ ਤੋਂ 8-10 ਲੜਕੇ ਬੁਲਾ ਕੇ ਸਾਡੇ 'ਤੇ ਫਾਇਰਿੰਗ ਵੀ ਕਰਵਾਈ, ਜਦਕਿ ਸਾਡੇ ਪਰਿਵਾਰ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ"। ਰੋਹਨ ਨੇ ਦਾਅਵਾ ਕੀਤਾ ਕਿ ਉਸ ਕੋਲ ਦੋਸ਼ੀ ਵੱਲੋਂ ਭੇਜੇ ਗਏ ਗਲਤ ਮੈਸੇਜਿਸ ਅਤੇ 2 ਮਹੀਨਿਆਂ ਦੀ ਆਡੀਓ ਰਿਕਾਰਡਿੰਗ ਦੇ ਪੁਖਤਾ ਸਬੂਤ ਹਨ। ਭਰਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਭੈਣ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ।

ਸੀ.ਐੱਮ.ਸੀ. ਹਸਪਤਾਲ ਪਹੁੰਚੀ ਪੁਲਸ, ਬਿਆਨਾਂ ਦੇ ਆਧਾਰ 'ਤੇ FIR ਦੀ ਪ੍ਰਕਿਰਿਆ ਜਾਰੀ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ-3 ਦੇ ਸਬ-ਇੰਸਪੈਕਟਰ ਹਰਪਾਲ ਸਿੰਘ ਪੁਲਸ ਟੀਮ ਨਾਲ ਸੀ.ਐੱਮ.ਸੀ. ਹਸਪਤਾਲ ਪਹੁੰਚੇ ਅਤੇ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ। ਸਬ-ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਹਰਚਰਨ ਨਗਰ ਦੀ 23 ਸਾਲਾ ਮੁਟਿਆਰ ਰੈਨਾ ਧੀਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਆਪਣੇ ਮੁੱਢਲੇ ਬਿਆਨਾਂ ਵਿਚ ਦੋਸ਼ ਲਗਾਇਆ ਹੈ ਕਿ ਦਿਵਿਆਂਸ਼ੂ ਬੱਗਾ ਨਾਮ ਦਾ ਨੌਜਵਾਨ ਉਸ ਨੂੰ ਲੰਬੇ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਦੇ ਮਾਨਸਿਕ ਤਣਾਅ ਦੇ ਚੱਲਦਿਆਂ ਮੁਟਿਆਰ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਤ ਨੂੰ ਹੋਏ ਕਥਿਤ ਹਮਲੇ ਅਤੇ ਗੋਲੀਬਾਰੀ ਦੇ ਤੱਥਾਂ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
 


author

Anmol Tagra

Content Editor

Related News