ਫੇਕ ਆਈ. ਡੀ. ਬਣਾ ਕੇ ਕਰਦਾ ਸੀ ਲੜਕੀਆਂ ਨੂੰ ਬਲੈਕਮੇਲ, ਗ੍ਰਿਫਤਾਰ

11/01/2017 4:33:38 AM

ਫਗਵਾੜਾ, (ਜਲੋਟਾ)- ਪੁਲਸ ਨੇ ਇਕ ਅਜਿਹੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪੰਜਾਬ ਵਿਚ ਦਰਜਨਾਂ ਮਾਸੂਮ ਲੜਕੀਆਂ ਦੀ ਇੰਟਰਨੈੱਟ 'ਤੇ ਫੇਕ ਆਈ. ਡੀ. ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ। ਇਸ ਸੰਬੰਧੀ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਜਤਿਨ ਬੇਦੀ ਪੁੱਤਰ ਜਸਵਿੰਦਰ ਸਿੰਘ ਬੇਦੀ ਵਾਸੀ ਤਰਸੇਮ ਕਾਲੋਨੀ ਜੱਸੀਆਂ ਰੋਡ ਹੈਬੋਵਾਲ ਕਲਾਂ ਲੁਧਿਆਣਾ ਦੇ ਰੂਪ ਵਿਚ ਹੋਈ ਹੈ। ਦੋਸ਼ੀ ਨੇ ਫਗਵਾੜਾ ਦੀ ਇਕ ਨਿੱਜੀ ਯੂਨੀਵਰਸਿਟੀ ਵਿਚ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਦੀ ਕਥਿਤ ਤੌਰ 'ਤੇ ਫੇਕ ਆਈ. ਡੀ. ਬਣਾਈ ਤੇ ਉਸਦੇ ਚਿਹਰੇ ਦਾ ਪ੍ਰਯੋਗ ਕਰਕੇ ਅਸ਼ਲੀਲ ਫੋਟੋਆਂ ਇੰਸਟਾਗ੍ਰਾਮ ਤੇ ਯੂ-ਟਿਊਬ 'ਤੇ ਅਪਲੋਡ ਕਰ ਦਿੱਤੀਆਂ। ਇਸਦੇ ਬਾਅਦ ਵਿਦਿਆਰਥਣ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ।
ਪੀੜਤ ਵਿਦਿਆਰਥਣ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਪੁਲਸ ਨੇ ਥਾਣਾ ਰਾਵਲਪਿੰਡੀ ਵਿਚ ਅਣਪਛਾਤੇ ਦੋਸ਼ੀ ਦੇ ਵਿਰੁੱਧ ਕੇਸ ਦਰਜ ਕਰ ਲਿਆ। ਪੀੜਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਦੋਸ਼ੀ ਨੇ ਉਸਦੀਆਂ ਫੋਟੋਆਂ ਤੋਂ ਉਸਦਾ ਚਿਹਰਾ ਪ੍ਰਯੋਗ ਕਰਦੇ ਹੋਏ ਅਸ਼ਲੀਲ ਫੋਟੋਆਂ ਤਿਆਰ ਕੀਤੀਆਂ। ਇਸ ਤੋਂ ਪਹਿਲਾਂ ਦੋਸ਼ੀ ਨੇ ਉਸਦੀ ਫੋਟੋ ਦਾ ਪ੍ਰਯੋਗ ਕਰਕੇ ਫੇਕ ਫੇਸਬੁੱਕ ਪ੍ਰੋਫਾਈਲ ਤਿਆਰ ਕੀਤੀ, ਜਿਸਨੂੰ ਉਸਨੇ ਤੁਰੰਤ ਬੰਦ ਕਰਵਾ ਦਿੱਤਾ। ਇਸਦੇ ਬਾਅਦ ਫਿਰ ਉਸਨੇ ਆਪਣਾ ਫੇਕ ਇੰਸਟਾਗ੍ਰਾਮ ਅਕਾਊਂਟ ਬਣਵਾਇਆ ਅਤੇ ਉਸ 'ਤੇ ਅਸ਼ਲੀਲ ਫੋਟੋਆਂ ਪੁਆ ਦਿੱਤੀਆਂ। ਇਸਦੇ ਬਾਅਦ ਉਸਨੇ ਉਸਦੇ ਕਰੀਬੀ ਦੋਸਤ ਦੀ ਫੇਸਬੁੱਕ 'ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।


Related News