ਨਕਲੀ DSP ਦੇ ਨਸ਼ਾ ਤਸਕਰ ਰਾਣੋ ਨਾਲ ਜੁੜੇ ਤਾਰ, ਪੁਲਸ ਜਾਂਚ ਦੌਰਾਨ ਹੋਣਗੇ ਵੱਡੇ ਖ਼ੁਲਾਸੇ
Thursday, Oct 20, 2022 - 01:39 PM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ, ਵਿਪਨ) : ਮਾਛੀਵਾੜਾ ਪੁਲਸ ਨੇ ਕੁੱਝ ਦਿਨ ਪਹਿਲਾਂ ਨਕਲੀ ਡੀ. ਐੱਸ. ਪੀ. ਦੀਪਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਭਰਤੀ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ ਦਾ ਪਰਦਾਫ਼ਾਸ ਕੀਤਾ ਸੀ। ਹੁਣ ਇਸ ਮਾਮਲੇ 'ਚ ਹੋਰ ਨਵੀਆਂ ਪਰਤਾਂ ਖੁੱਲ੍ਹਣ ਲੱਗ ਪਈਆਂ ਹਨ। ਪੁਲਸ ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਕਲੀ ਡੀ. ਐੱਸ. ਪੀ. ਦੀਪਪ੍ਰੀਤ ਸਿੰਘ ਵਾਸੀ ਇੰਦਰਾਪੁਰੀ ਮੁਹੱਲਾ ਖੰਨਾ ਦੇ ਤਾਰ ਚਰਚਿਤ ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਨਾਲ ਜੁੜੇ ਨਜ਼ਰ ਆ ਰਹੇ ਹਨ, ਜਿਸ ’ਤੇ ਮਾਛੀਵਾੜਾ ਪੁਲਸ ਰਾਣੋ ਨੂੰ ਫਿਰੋਜ਼ਪੁਰ ਜੇਲ੍ਹ ’ਚੋਂ ਰਿਮਾਂਡ ’ਤੇ ਲਿਆਈ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਟੋਲ ਪਲਾਜ਼ੇ ਅਜੇ ਨਹੀਂ ਹੋਣਗੇ ਬੰਦ, ਜਾਣੋ ਕੀ ਹੈ ਕਾਰਨ
ਰਾਣੋ ਦਾ ਗੰਨਮੈਨ ਬਣ ਕੇ ਘੁੰਮਦਾ ਰਿਹਾ ਦੀਪਪ੍ਰੀਤ
ਗੁਰਦੀਪ ਸਿੰਘ ਰਾਣੋ ਨੂੰ 2 ਦਿਨਾ ਰਿਮਾਂਡ ’ਤੇ ਲਿਆਂਦਾ ਗਿਆ ਹੈ ਅਤੇ ਇਸ ਨਕਲੀ ਡੀ. ਐੱਸ. ਪੀ. ਦੀਪਪ੍ਰੀਤ ਸਿੰਘ ਨਾਲ ਇਸ ਦੇ ਕੀ ਸਬੰਧ ਰਹੇ ਅਤੇ ਇਨ੍ਹਾਂ ਨੇ ਕੀ-ਕੀ ਕਾਂਡ ਕੀਤੇ, ਸਬੰਧੀ ਖ਼ੁਲਾਸੇ ਜਲਦ ਹੋ ਸਕਦੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਕਲੀ ਡੀ. ਐੱਸ. ਪੀ. ਦੀਪਪ੍ਰੀਤ ਸਿੰਘ ਪੁਲਸ ਵਰਦੀ ਪਾ ਕੇ ਕਥਿਤ ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਨਾਲ ਉਸ ਦਾ ਗੰਨਮੈਨ ਬਣ ਕੇ ਘੁੰਮਦਾ ਰਿਹਾ ਅਤੇ ਇਨ੍ਹਾਂ ਨੇ ਹੋਰ ਕੀ-ਕੀ ਜ਼ੁਰਮ ਕੀਤੇ, ਉਹ ਪੁਲਸ ਦੀ ਪੁੱਛਗਿੱਛ ਤੋਂ ਬਾਅਦ ਹੀ ਸਾਹਮਣੇ ਆਉਣਗੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ 1 ਕਰੋੜ ਦੀ ਰਿਸ਼ਵਤ ਠੁਕਰਾਉਣ ਵਾਲੇ AIG ਮਨਮੋਹਨ ਕੁਮਾਰ ਨੂੰ ਕਰੇਗੀ ਸਨਮਾਨਿਤ
ਗ੍ਰਿਫ਼ਤਾਰ ਕੀਤੇ ਗਏ ਨਕਲੀ ਡੀ. ਐੱਸ. ਪੀ. ਦੀਪਪ੍ਰੀਤ ਸਿੰਘ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਕਥਿਤ ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਨਾਲ ਘੁੰਮਦਾ ਰਿਹਾ ਅਤੇ ਉਨ੍ਹਾਂ ਨੇ ਇਕ ਉੱਚ ਪੁਲਸ ਅਧਿਕਾਰੀ ਨਾਲ ਮਿਲ ਕੇ ਵਾਅਦਾ ਕੀਤਾ ਸੀ ਕਿ ਉਸ ਨੂੰ ਜਲਦ ਪੁਲਸ ’ਚ ਭਰਤੀ ਕਰਵਾ ਦਿੱਤਾ ਜਾਵੇਗਾ, ਜਿਸ ਦੇ ਬਦਲੇ ਲੱਖਾਂ ਰੁਪਏ ਦੇ ਲੈਣ-ਦੇਣ ਦੇ ਚਰਚੇ ਵੀ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਹਸਪਤਾਲ 'ਚ ਰੋਂਦਾ ਵਿਅਕਤੀ ਪੈਰੀਂ ਪਿਆ ਤਾਂ CM ਮਾਨ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ, ਭਾਵੁਕ ਕਰ ਦੇਵੇਗੀ ਇਹ ਵੀਡੀਓ
ਪੁਲਸ ਦੇ ਇਕ ਉੱਚ ਅਧਿਕਾਰੀ ’ਤੇ ਵੀ ਡਿੱਗ ਸਕਦੀ ਹੈ ਗਾਜ਼
ਪੁਲਸ ਦੀ ਜਾਂਚ ਜੇਕਰ ਨਿਰਪੱਖਤਾ ਨਾਲ ਅੱਗੇ ਵੱਧਦੀ ਹੈ ਤਾਂ ਇਸ ਮਾਮਲੇ 'ਚ ਪੁਲਸ ਦੇ ਇਕ ਉੱਚ ਅਧਿਕਾਰੀ ’ਤੇ ਵੀ ਗਾਜ਼ ਡਿੱਗ ਸਕਦੀ ਹੈ। ਫਿਲਹਾਲ ਮਾਛੀਵਾੜਾ ਪੁਲਸ ਗੁਰਦੀਪ ਸਿੰਘ ਰਾਣੋ ਅਤੇ ਨਕਲੀ ਡੀ. ਐੱਸ. ਪੀ. ਦੀਪਪ੍ਰੀਤ ਸਿੰਘ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਰਹੀ ਹੈ ਅਤੇ ਪਿਛਲੇ ਸਮੇਂ ’ਚ ਕੀਤੀਆਂ ਵਾਰਦਾਤਾਂ ਦੇ ਖ਼ੁਲਾਸੇ ਕਰਵਾਉਣ 'ਚ ਜੁੱਟੀ ਹੋਈ ਹੈ। ਇਸ ਸਬੰਧੀ ਜਦੋਂ ਮਾਛੀਵਾੜਾ ਥਾਣੇ ਦੇ ਮੁਖੀ ਇੰਸ. ਵਿਨੋਦ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਰਾਣੋ ਨੂੰ ਪੁਲਸ ਰਿਮਾਂਡ ’ਤੇ ਲਿਆਂਦਾ ਗਿਆ ਹੈ। ਨਕਲੀ ਡੀ. ਐੱਸ. ਪੀ. ਦੀਪਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਰਾਣੋ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਵੱਡੇ ਖ਼ੁਲਾਸੇ ਹੋ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ