ਪਿੰਡ ਅਬਾਸਪੁਰਾ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ''ਤੇ ਛਾਪਾ
Saturday, Jul 25, 2026 - 04:54 PM (IST)
ਅਮਰਗੜ੍ਹ (ਸ਼ੇਰਗਿੱਲ)- ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੀ ਸਾਂਝੀ ਟੀਮ ਵੱਲੋਂ ਪਿੰਡ ਅਬਾਸਪੁਰਾ ਵਿਖੇ ਗੈਰ-ਕਾਨੂੰਨੀ ਤਰੀਕੇ ਨਾਲ ਚਲਾਏ ਜਾ ਰਹੇ ਇਕ ਨਸ਼ਾ ਛੁਡਾਊ ਕੇਂਦਰ ’ਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਡੀ. ਐੱਸ. ਪੀ. ਸੰਜੀਵ ਕਪੂਰ ਅਮਰਗੜ੍ਹ ,ਐੱਸ.ਐੱਚ.ਓ. ਅਮਰਗੜ੍ਹ, ਐੱਸ.ਆਈ. ਜਗਸੀਰ ਸਿੰਘ, ਡਾ. ਸਾਜਿਲਾ ਖਾਨ (ਸਹਾਇਕ ਸਿਵਲ ਸਰਜਨ), ਡਾ. ਜੋਤੀ ਕਪੂਰ (ਐੱਸ.ਐੱਮ.ਓ., ਅਹਿਮਦਗੜ੍ਹ), ਡਾ. ਸ਼ਗੁਫ਼ਤਾ (ਮਨੋਚਿਕਿਤਸਕ), ਡਾ. ਨਵਪ੍ਰੀਤ ਸਿੰਘ (ਡਰੱਗ ਇੰਸਪੈਕਟਰ), ਰਿਜ਼ਵਾਨ (ਕਲੀਨਿਕਲ ਸਾਈਕੋਲੋਜਿਸਟ) ਅਤੇ ਜਗਸੀਰ ਸਿੰਘ (ਬਲਾਕ ਐਕਸਟੈਂਸ਼ਨ ਐਜੂਕੇਟਰ) ਦੀ ਸਾਂਝੀ ਟੀਮ ਵੱਲੋਂ ਅਮਲ ’ਚ ਲਿਆਂਦੀ ਗਈ।
ਛਾਪੇਮਾਰੀ ਦੌਰਾਨ 16 ਨਸ਼ਾ ਪੀੜਤ ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਜਾਂਚ ਦੌਰਾਨ ਪਾਇਆ ਗਿਆ ਕਿ ਇਹ ਕੇਂਦਰ ਬਿਨਾਂ ਸਰਕਾਰੀ ਮਨਜ਼ੂਰੀ ਅਤੇ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਕੀਤੇ ਬਿਨਾਂ ਗੈਰ-ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਇਸ ਮਾਮਲੇ ’ਚ ਕੇਂਦਰ ਚਲਾਉਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਚਾਏ ਗਏ ਸਾਰੇ ਵਿਅਕਤੀਆਂ ਦਾ ਮੈਡੀਕਲ ਮੁਆਇਨਾ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਲੋੜੀਂਦੇ ਇਲਾਜ ਤੇ ਮੁੜ ਵਸੇਬੇ ਲਈ ਅਧਿਕਾਰਤ ਨਸ਼ਾ ਛੁਡਾਊ ਕੇਂਦਰਾਂ ’ਚ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਦੋਸ਼ੀ ਖਿਲਾਫ ਕਾਨੂੰਨ ਅਨੁਸਾਰ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਜਾਰੀ ਹੈ। ਮਾਲੇਰਕੋਟਲਾ ਪੁਲਸ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਨਸ਼ਾ ਪੀੜਤ ਵਿਅਕਤੀਆਂ ਨੂੰ ਸਿਰਫ ਸਰਕਾਰ ਤੋਂ ਪ੍ਰਵਾਨਿਤ ਨਸ਼ਾ ਛੁਡਾਊ ਕੇਂਦਰਾਂ ’ਚ ਹੀ ਦਾਖਲ ਕਰਵਾਇਆ ਜਾਵੇ।
