ਫਰਜ਼ੀ CIA ਸਟਾਫ ਦਾ ਮੁਲਾਜ਼ਮ ਡਿਲੀਵਰੀ ਮੈਨ ਤੋਂ 22 ਹਜ਼ਾਰ ਖੋਹ ਕੇ ਰਫੂ ਚੱਕਰ

Tuesday, Mar 11, 2025 - 07:52 PM (IST)

ਫਰਜ਼ੀ CIA ਸਟਾਫ ਦਾ ਮੁਲਾਜ਼ਮ ਡਿਲੀਵਰੀ ਮੈਨ ਤੋਂ 22 ਹਜ਼ਾਰ ਖੋਹ ਕੇ ਰਫੂ ਚੱਕਰ

ਭਵਾਨੀਗੜ੍ਹ (ਕਾਂਸਲ)- ਨੇੜਲੇ ਪਿੰਡ ਰਾਮਪੁਰਾ ਵਿਖੇ ਅੱਜ ਦੁਪਹਿਰ ਇਕ ਨੌਸਰਵਾਜ ਵੱਲੋਂ ਆਪਣੇ ਆਪ ਨੂੰ ਸੀ.ਆਈ.ਏ ਪੁਲਸ ਦਾ ਮੁਲਾਜ਼ਮ ਦੱਸ ਕੇ ਪਿੰਡ ’ਚ ਘਰੇਲੂ ਰਸੋਈ ਗੈਸ ਦੇ ਸਿੰਲੈਡਰਾਂ ਦੀ ਸਪਲਾਈ ਕਰ ਰਹੇ ਗੈਸ ਏਜੰਸੀ ਦੇ ਡਿਲੀਵਰੀ ਮੈਨ ਤੋਂ ਜਬਰਨ 22 ਹਜ਼ਰ ਰੁਪਏ ਦੀ ਨਗਦੀ ਲੈ ਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਗੈਸ ਸਰਵਿਸ ਦੇ ਮਾਲਕ ਚਰਨਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੈਸ ਏਜੰਸੀ ਦਾ ਇਕ ਡਿਲੀਵਰੀ ਮੈਨ ਸੁਖਚੈਨ ਸਿੰਘ ਵਾਸੀ ਭਵਾਨੀਗੜ੍ਹ ਜਦੋਂ ਨੇੜਲੇ ਪਿੰਡ ਰਾਮਪੁਰਾ ਵਿਖੇ ਆਪਣੇ ਛੋਟੇ ਹਾਥੀ ਟੈਪੂ ਰਾਹੀ ਗੈਸ ਸਿਲੰਡਰਾਂ ਦੀ ਸਪਲਾਈ ਕਰ ਰਿਹਾ ਸੀ ਤਾਂ ਉਸ ਕੋਲ ਇਕ ਸਕੂਟਰੀ ਦੇ ਸਵਾਰ ਹੋ ਕੇ ਆਏ ਵਿਅਕਤੀ ਨੇ ਆਪਣੇ ਆਪ ਨੂੰ ਸੀ.ਆਈ.ਏ ਪੁਲਸ ਦਾ ਮੁਲਾਜ਼ਮ ਦੱਸਦਿਆਂ ਕਿਹਾ ਇਕ ਔਰਤ ਦਾ ਪਰਸ ਚੋਰੀ ਹੋ ਗਿਆ ਹੈ। ਇਸ ਲਈ ਮੈਂ ਸ਼ੱਕ ਦੇ ਅਧਾਰ ’ਤੇ ਤੇਰੀ ਤੇ ਤੇਰੇ ਟੈਪੂ ਦੀ ਤਲਾਸ਼ੀ ਲੈਣੀ ਹੈ ਤੇ ਇਸ ਦੌਰਾਨ ਹੀ ਤਲਾਸੀ ਦਾ ਬਹਾਨਾ ਬਣਾ ਕੇ ਉਕਤ ਵਿਅਕਤੀ ਨੇ ਡਿਲੀਵਰੀ ਮੈਨ ਤੋਂ ਸਿੰਲਡਰਾਂ ਦੀ ਇਕੱਠੀ ਹੋਈ 22 ਹਜ਼ਰ ਰੁਪਏ ਦੀ ਰਾਸ਼ੀ ਜਬਰਨ ਖੋਹ ਲਈ ਤੇ ਉਸ ਨੂੰ ਇਹ ਕਹਿ ਕੇ ਚਲਾ ਗਿਆ ਕਿ ਸਾਡੇ ਬਾਕੀ ਮੁਲਾਜ਼ਮ ਫੱਗੂਵਾਲਾ ਕੈਂਚੀਆਂ ਵਿਖੇ ਸਥਿਤ ਓਵਰਬ੍ਰਿਜ਼ ਨਿੱਚੇ ਖੜੇ ਹਨ ਤੇ ਤੂੰ ਉਥੇ ਆ ਜਾ ਤੇ ਪੜਤਾਲ ਕਰਨ ਤੋਂ ਬਾਅਦ ਤੈਨੂੰ ਇਹ ਪੈਸੇ ਵਾਪਸ ਕਰ ਦੇਵਾਂਗੇ। 

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦਾ ਡਿਲੀਵਰੀ ਮੈਨ ਫੱਗੂਵਾਲਾ ਕੈਂਚੀਆਂ ਵਿਖੇ ਸਥਿਤ ਓਵਰਬ੍ਰਿਜ ਨਿੱਚੇ ਪਹੁੰਚਿਆਂ ਤਾਂ ਉਥੇ ਕੋਈ ਵੀ ਮੌਜੂਦ ਨਹੀਂ ਸੀ। ਇਸ ਤਰ੍ਹਾਂ ਉਕਤ ਸਕੂਟਰੀ ਸਵਾਰ ਨੌਸਰਵਾਜ ਡਿਲੀਵਰੀ ਮੈਨ ਤੋਂ 22 ਹਜ਼ਾਰ ਰੁਪਏ ਦੀ ਰਾਸ਼ੀ ਖੋਹ ਕੇ ਰਫੂ ਚੱਕਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਵੱਲੋਂ ਸਥਾਨਕ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।

ਭਵਾਨੀਗੜ੍ਹ ਗੈਸ ਸਰਵਿਸ ਦੇ ਮਾਲਕ ਚਰਨਪਾਲ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਪਿਛਲੇ ਹਫ਼ਤੇ ਪਿੰਡ ਚੰਨੋਂ ਵਿਖੇ ਵੀ ਨਾਭਾ ਦੀ ਇਕ ਗੈਸ ਏਜੰਸੀ ਦੇ ਡਿਲੀਵਰੀ ਮੈਨ ਤੋਂ ਵੀ ਇਕ ਨੌਸਰਵਾਜ ਵੱਲੋਂ ਆਪਣੇ ਆਪ ਨੂੰ ਇਸੇ ਤਰ੍ਹਾਂ ਪੁਲਸ ਮੁਲਾਜ਼ਮ ਦੱਸ ਦੇ 35 ਹਜ਼ਾਰ ਰੁਪਏ ਦੀ ਰਾਸ਼ੀ ਖੋਹੀ ਗਈ ਸੀ। ਉਨ੍ਹਾਂ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸ ਕੇ ਲੋਕਾਂ ਨੂੰ ਠੱਗ ਰਹੇ ਇਸ ਬਹਰੂਪੀਏ ਨੂੰ ਜਲਦ ਕਾਬੂ ਕਰਕੇ ਇਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸੰਬਧੀ ਸਥਾਨਕ ਪੁਲਸ ਦੇ ਡਿਊਟੀ ਅਫ਼ਸਰ ਸਹਾਇਕ ਸਬ ਇੰਸਪੈਕਟਰ ਸੁਖਦੇਵ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਪੁਲਸ ਵੱਲੋਂ ਪੂਰੀ ਗੰਭੀਰਤਾਂ ਨਾਲ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।


author

Baljit Singh

Content Editor

Related News