ਸਾਵਧਾਨ: ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰ ’ਚ ਆਉਣ ਵਾਲਿਆਂ ਨੂੰ ਇੰਝ ਲੁੱਟ ਰਹੇ ਨੇ ਫਰਜ਼ੀ ਏਜੰਟ
Wednesday, Mar 23, 2022 - 07:14 PM (IST)
ਜਲੰਧਰ (ਖੁਰਾਣਾ)– ਮਹਾਵੀਰ ਮਾਰਗ ’ਤੇ ਡਾ. ਅੰਬੇਡਕਰ ਚੌਕ ਨੇੜੇ ਸਥਿਤ ਅਮਨ ਪਲਾਜ਼ਾ ਬਿਲਡਿੰਗ ਵਿਚ ਚੱਲ ਰਹੇ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਬਾਹਰ ਪੱਕਾ ਮੋਰਚਾ ਲਾ ਕੇ ਖੜ੍ਹੇ ਹੁੰਦੇ ਠੱਗ ਅਤੇ ਫਰਜ਼ੀ ਕਿਸਮ ਦੇ ਏਜੰਟਾਂ ਦੀਆਂ ਮਨਮਾਨੀਆਂ ਅਤੇ ਗੁੰਡਾਗਰਦੀ ਦਿਨੋ-ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਭਾਰਤ ਸਰਕਾਰ ਦੇ ਨਾਲ-ਨਾਲ ਕੈਨੇਡੀਅਨ ਅੰਬੇਸੀ ਦੇ ਪ੍ਰਤੀਨਿਧੀ ਵੀ ਕਾਫ਼ੀ ਪ੍ਰੇਸ਼ਾਨ ਹੋ ਗਏ ਹਨ। ਪਿਛਲੇ ਦਿਨੀਂ ਕੈਨੇਡੀਅਨ ਦੂਤਘਰ ਦੇ ਅਧਿਕਾਰੀਆਂ ’ਤੇ ਆਧਾਰਿਤ ਟੀਮ ਨੇ ਇਸ ਮਾਮਲੇ ਵਿਚ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਅਤੇ ਪਤਾ ਲੱਗਾ ਹੈ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ ਪੰਜਾਬ ਸਰਕਾਰ ਤੱਕ ਵੀ ਪਹੁੰਚੀ ਹੈ।
ਜ਼ਿਕਰਯੋਗ ਹੈ ਕਿ ਅਮਨ ਪਲਾਜ਼ਾ ਬਿਲਡਿੰਗ ਵਿਚ ਚੱਲ ਰਹੇ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਵਿਚ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਦੀ ਬਾਇਓ-ਮੈਟ੍ਰਿਕ ਪ੍ਰਕਿਰਿਆ ਵੀ ਪੂਰੀ ਕੀਤੀ ਜਾਂਦੀ ਹੈ, ਜਿਸ ਕਾਰਨ ਇਸ ਸੈਂਟਰ ’ਚ ਹਰ ਰੋਜ਼ ਕਾਫ਼ੀ ਭੀੜ ਲੱਗੀ ਰਹਿੰਦੀ ਹੈ। ਭਾਵੇਂ ਬਿਲਡਿੰਗ ਦੇ ਅੰਦਰ ਅਤੇ ਵੀਜ਼ਾ ਐਪਲੀਕੇਸ਼ਨ ਸੈਂਟਰ ਦਾ ਆਪਣਾ ਸਿਸਟਮ ਕਾਫੀ ਸ਼ਾਨਦਾਰ ਅਤੇ ਫੁੱਲਪਰੂਫ ਹੈ ਪਰ ਫਿਰ ਵੀ ਬਿਲਡਿੰਗ ਦੇ ਬਾਹਰ ਸੜਕ ’ਤੇ ਹੀ ਖੜ੍ਹੇ ਠੱਗ ਅਤੇ ਫਰਜ਼ੀ ਕਿਸਮ ਦੇ ਏਜੰਟ ਉਥੇ ਆਉਣ ਵਾਲੇ ਲੋਕਾਂ ਨੂੰ ਕਈ ਬਹਾਨਿਆਂ ਨਾਲ ਲੁੱਟ ਰਹੇ ਹਨ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਹਸਪਤਾਲ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼
ਬਾਹਰ ਸੜਕ ’ਤੇ ਹੀ ਧੜੱਲੇ ਨਾਲ ਹੁੰਦੇ ਹਨ ਦਸਤਾਵੇਜ਼ ਚੈੱਕ
ਅਮਨ ਪਲਾਜ਼ਾ ਬਿਲਡਿੰਗ ਵਿਚ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਦੇ ਨਾਲ-ਨਾਲ ਆਸਟ੍ਰੇਲੀਆ, ਇੰਗਲੈਂਡ ਅਤੇ ਹੋਰ ਯੂਰਪੀਅਨ ਦੇਸ਼ਾਂ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਅਤੇ ਹੋਰ ਕਈ ਤਰ੍ਹਾਂ ਦੇ ਆਫਿਸ ਵੀ ਹਨ। ਇਥੇ ਪਾਸਪੋਰਟ ਦਫ਼ਤਰ ਵੀ ਚੱਲਦਾ ਹੈ, ਇਸ ਲਈ ਕਾਫ਼ੀ ਲੋਕਾਂ ਦਾ ਆਉਣਾ-ਜਾਣਾ ਇਸ ਬਿਲਡਿੰਗ ਵਿਚ ਲੱਗਾ ਰਹਿੰਦਾ ਹੈ। ਭਾਵੇਂ ਪਾਸਪੋਰਟ ਆਫਿਸ, ਕੈਨੇਡਾ ਦੀ ਅੰਬੈਸੀ ਅਤੇ ਹੋਰ ਦੂਤਘਰਾਂ ਦੀ ਵਧੇਰੇ ਪ੍ਰਕਿਰਿਆ ਆਨਲਾਈਨ ਹੈ ਅਤੇ ਲਗਭਗ ਹਰ ਬਿਨੈਕਾਰ ਪਹਿਲਾਂ ਹੀ ਐਪੁਆਇੰਟਮੈਂਟ ਲੈ ਕੇ ਜਾਂਦਾ ਹੈ ਪਰ ਫਿਰ ਵੀ ਧਡ਼ੱਲੇ ਨਾਲ ਬਿਲਡਿੰਗ ਦੇ ਬਾਹਰ ਭੀੜ ਲਾ ਕੇ ਬੈਠੇ ਰਹਿੰਦੇ ਏਜੰਟ ਹਰ ਬਿਨੈਕਾਰ ਦੇ ਦਸਤਾਵੇਜ਼ ਚੈੱਕ ਕਰਨ ਲੱਗਦੇ ਹਨ ਅਤੇ ਵਧੇਰੇ ਦਸਤਾਵੇਜ਼ਾਂ ਵਿਚ ਕੋਈ ਨਾ ਕੋਈ ਗਲਤੀ ਕੱਢ ਕੇ ਨਾਲ ਲੱਗਦੀ ਚਿੱਟੀ ਬਿਲਡਿੰਗ ਵਿਚ ਲੈ ਜਾਂਦੇ ਹਨ , ਜਿਥੇ ਕਈਆਂ ਦੇ ਦਫਤਰ ਬਣੇ ਹੋਏ ਹਨ।
‘ਜਗ ਬਾਣੀ’ ਦੀ ਟੀਮ ਨੇ ਕਈ ਘੰਟੇ ਇਸ ਖੇਡ ’ਤੇ ਨਜ਼ਰ ਰੱਖਣ ਦੌਰਾਨ ਪਾਇਆ ਕਿ ਅਮਨ ਪਲਾਜ਼ਾ ਬਿਲਡਿੰਗ ਦੇ ਬਾਹਰ ਹਰ ਸਮੇਂ ਲਗਭਗ ਇਕ ਦਰਜਨ ਠੱਗ ਕਿਸਮ ਦੇ ਏਜੰਟ ਸਰਗਰਮ ਰਹਿੰਦੇ ਹਨ। 6-7 ਏਜੰਟਾਂ ਦੀ ਅਗਵਾਈ ਮਹਾਜਨ ਨਾਂ ਦਾ ਇਕ ਨੌਜਵਾਨ ਕਰਦਾ ਹੈ, ਜਦੋਂ ਕਿ ਬਾਕੀ 5-6 ਏਜੰਟ ਦੂਜੀਆਂ ਏਜੰਸੀਆਂ ਲਈ ਕੰਮ ਕਰਦੇ ਹਨ। ਕਈਆਂ ਦੇ ਦਫਤਰ ਨਾਲ ਲੱਗਦੀ ਬਿਲਡਿੰਗ ਵਿਚ ਹਨ, ਜਿੱਥੇ ਗਾਹਕਾਂ ਨੂੰ ਬਿਠਾ ਕੇ ਉਨ੍ਹਾਂ ਕੋਲੋਂ ਪੈਸੇ ਤੱਕ ਭੋਟ ਲਏ ਜਾਂਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦੀਆਂ ਜੇਲ੍ਹਾਂ 'ਚ ਸੁਧਾਰ ਕਰਨ ਲਈ ਸੁਖਜਿੰਦਰ ਰੰਧਾਵਾ ਨੇ ਨਵੇਂ ਜੇਲ੍ਹ ਮੰਤਰੀ ਨੂੰ ਦਿੱਤਾ ਸੁਝਾਅ
ਲਗਭਗ ਹਰ ਰੋਜ਼ ਏਜੰਟਾਂ ’ਚ ਹੁੰਦਾ ਹੈ ਆਪਸੀ ਝਗੜਾ, ਪੁਲਸ ਕੁਝ ਨਹੀਂ ਕਰਦੀ
ਅਮਨ ਪਲਾਜ਼ਾ ਬਿਲਡਿੰਗ ਦੇ ਬਾਹਰ ਮੇਨ ਸੜਕ ’ਤੇ ਹੀ ਦਰਜਨ ਦੇ ਲਗਭਗ ਏਜੰਟ ਸਾਰਾ ਦਿਨ ਖੜ੍ਹੇ ਰਹਿੰਦੇ ਹਨ, ਜਿਹੜੇ ਅਕਸਰ ਆਪਸ ਵਿਚ ਗਾਹਕ ਨੂੰ ਲੈ ਕੇ ਝਗੜ ਵੀ ਪੈਂਦੇ ਹਨ ਤੇ ਹਰ ਰੋਜ਼ ਹੀ ਉਨ੍ਹਾਂ ਵਿਚ ਹੱਥੋਪਾਈ ਦੀ ਨੌਬਤ ਤੱਕ ਆ ਜਾਂਦੀ ਹੈ। ਹਰ ਰੋਜ਼ ਉਥੇ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਹੁੰਦੀ ਹੈ ਅਤੇ ਪੁਲਸ ਤੱਕ ਸ਼ਿਕਾਇਤਾਂ ਵੀ ਪਹੁੰਚਦੀਆਂ ਹਨ ਪਰ ਫਿਰ ਵੀ ਇਸ ਮਾਮਲੇ ਵਿਚ ਪੁਲਸ ਕੁਝ ਨਹੀਂ ਕਰਦੀ।
ਕੁਝ ਸਮਾਂ ਪਹਿਲਾਂ ਕੈਨੇਡੀਅਨ ਦੂਤਘਰ ਨੇ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਸ਼ਿਕਾਇਤ ਪੱਤਰ ਭੇਜਿਆ ਸੀ, ਜਿਸ ਤੋਂ ਬਾਅਦ ਇਹ ਸ਼ਿਕਾਇਤ ਡੀ. ਜੀ. ਪੀ. ਦਫ਼ਤਰ ਨੂੰ ਮਾਰਕ ਹੋਈ ਸੀ, ਉਦੋਂ ਜਲੰਧਰ ਪੁਲਸ ਨੇ ਇਨ੍ਹਾਂ ਏਜੰਟਾਂ ਵਿਰੁੱਧ ਸਖ਼ਤ ਐਕਸ਼ਨ ਲੈ ਕੇ ਐੱਫ਼. ਆਈ. ਆਰ. ਤੱਕ ਦਰਜ ਕੀਤੀ ਸੀ ਪਰ ਹੁਣ ਇਹ ਸਿਲਸਿਲਾ ਫਿਰ ਬਾਦਸਤੂਰ ਜਾਰੀ ਹੈ ਅਤੇ ਪੁਲਸ ਬੇਬੱਸ ਦਿਖਾਈ ਦੇ ਰਹੀ ਹੈ।
ਏਜੰਟਾਂ ਦੀ ਗੁੰਡਾਗਰਦੀ ਕਾਰਨ ਵੀਜ਼ਾ ਐਪਲੀਕੇਸ਼ਨ ਸੈਂਟਰ ਅਤੇ ਪਾਸਪੋਰਟ ਦਫ਼ਤਰ ਆਉਣ ਵਾਲੀਆਂ ਔਰਤਾਂ ਅਤੇ ਲੜਕੀਆਂ ਕਾਫ਼ੀ ਪ੍ਰੇਸ਼ਾਨ ਵੀ ਹੁੰਦੀਆਂ ਹਨ ਪਰ ਬਿਲਡਿੰਗ ਦੇ ਅੰਦਰ ਖੜ੍ਹੇ ਰਹਿੰਦੇ ਗਾਰਡ ਅਤੇ ਹੋਰ ਸੁਰੱਖਿਆ ਕਰਮਚਾਰੀ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਕਰ ਪਾਉਂਦੇ ਕਿਉਂਕਿ ਅਕਸਰ ਏਜੰਟ ਉਨ੍ਹਾਂ ਨਾਲ ਵੀ ਕੁੱਟਮਾਰ ਤੱਕ ’ਤੇ ਉਤਾਰੂ ਹੋ ਜਾਂਦੇ ਹਨ। ਕਈ ਏਜੰਟ ਤਾਂ ਨਸ਼ੇ ਵਿਚ ਵੀ ਵਿਖਾਈ ਦਿੰਦੇ ਹਨ। ਇਸ ਮਾਮਲੇ ਵਿਚ ਜਦੋਂ ਤੱਕ ਜਲੰਧਰ ਪੁਲਸ ਕਮਿਸ਼ਨਰੇਟ ਦੀ ਟੀਮ ਕੋਈ ਸਖ਼ਤ ਐਕਸ਼ਨ ਨਹੀਂ ਲੈਂਦੀ, ਉਦੋਂ ਤੱਕ ਏਜੰਟੀ ਦਾ ਇਹ ਮੱਕੜਜਾਲ ਉਲਝਿਆ ਹੀ ਰਹੇਗਾ ਅਤੇ ਵਿਦੇਸ਼ਾਂ ਤੱਕ ਭਾਰਤ ਤੇ ਪੰਜਾਬ ਸਰਕਾਰ ਦੀ ਬਦਨਾਮੀ ਹੀ ਹੋਵੇਗੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਐਂਟੀ-ਕੁਰੱਪਸ਼ਨ ਹੈਲਪਲਾਈਨ ਨੰਬਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ