ਨਾਈਜੀਰੀਅਨ ਤੋਂ ਹੈਰੋਇਨ ਖਰੀਦਣ ਲਈ ਛਾਪੀ ਜਾਅਲੀ ਕਰੰਸੀ
Monday, Aug 14, 2017 - 12:28 PM (IST)
ਬਠਿੰਡਾ (ਵਰਮਾ) - ਪੁਲਸ ਦੇ ਸੰਯੁਕਤ ਅਭਿਆਨ ਨਾਲ ਨਸ਼ੀਲੇ ਪਦਾਰਥਾਂ ਦੀ ਖਰੀਦ ਦੇ ਲਈ ਜਾਅਲੀ ਕਰੰਸੀ ਛਾਪਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਥਾਣਾ ਲੰਬੀ ਨਾਲ ਸੰਬੰਧਿਤ ਹੈ। ਲੰਬੀ ਥਾਣੇ 'ਚ ਪੈਂਦੇ ਪਿੰਡ ਮਿਠੜੀ ਵਾਸੀ ਰਵਿੰਦਰ ਸਿੰਘ ਨੇ ਨਾਈਜੀਰੀਅਨ ਤੋਂ ਹੈਰੋਇਨ ਖਰੀਦਣ ਲਈ ਜਾਅਲੀ ਕਰੰਸੀ ਛਾਪੀ ਅਤੇ ਪੁਲਸ ਦੇ ਹੱਥੇ ਚੜ੍ਹ ਗਿਆ। ਮੁਲਜ਼ਮ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਕਰਜ ਕਰ ਕੇ ਗਹਿਰਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਮੁਖੀ ਹਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਥਾਣਾ ਕੈਨਾਲ ਪੁਲਸ ਅਤੇ ਸੀ. ਆਈ. ਏ. 2 ਦੇ ਸੰਯੁਕਤ ਅਭਿਆਨ ਨਾਲ ਐੱਸ. ਟੀ. ਐੱਫ. ਨੂੰ ਵੱਡੀ ਕਾਮਯਾਬੀ ਮਿਲੀ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਰਵਿੰਦਰ ਸਿੰਘ ਨੂੰ 8.80 ਲੱਖ ਦੀ ਜਾਅਲੀ ਭਾਰਤੀ ਕਰੰਸੀ ਸਣੇ ਗ੍ਰਿਫਤਾਰ ਕੀਤਾ ਜੋ ਦਿੱਲੀ ਦੇ ਨਾਈਜੀਰੀਅਨ ਤੋਂ ਹੈਰੋਇਨ ਖਰੀਦਣ ਜਾ ਰਿਹਾ ਸੀ। ਪੁਲਸ ਨੇ ਉਸ ਨੂੰ ਬਠਿੰਡਾ ਦੀ ਠੰਡੀ ਸੜਕ 'ਤੋਂ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਉੱਚ ਕੁਆਲਿਟੀ ਦਾ ਪ੍ਰਿੰਟਰ ਅਤੇ ਸਕੈਨਰ ਵੀ ਬਰਾਮਦ ਕੀਤਾ ਜੋ ਉਸ ਨੇ ਜਾਅਲੀ ਕਰੰਸੀ ਛਾਪਣ ਲਈ ਪ੍ਰਯੋਗ ਕੀਤਾ ਸੀ।
ਮਾਨ ਨੇ ਦੱਸਿਆ ਕਿ ਉਹ ਆਪਣੀ ਕਰੰਸੀ ਖੁਦ ਹੀ ਚਲਾਉਂਦਾ ਸੀ, ਜਿਸ ਦੇ ਲਈ ਉਹ ਰਾਤ ਦੇ ਸਮੇਂ ਪੈਟਰੋਲ ਪੰਪ ਅਤੇ ਸਬਜ਼ੀ ਮੰਡੀ ਤੋਂ ਖਰੀਦਦਾਰੀ ਕਰਦਾ ਸੀ। ਉਸ ਦੇ ਲਿੰਕ ਨਸ਼ਾ ਸਮੱਗਲਰਾਂ ਦੇ ਨਾਲ ਵੀ ਹਨ, ਜਿਨ੍ਹਾਂ ਤੋਂ ਜਾਅਲੀ ਕਰੰਸੀ ਦੇ ਬਦਲੇ ਨਸ਼ਾ ਖਰੀਦਦਾ ਸੀ। ਇਸ ਤੋਂ ਪਹਿਲਾਂ ਵੀ ਉਹ 700 ਗ੍ਰਾਮ ਅਫੀਮ ਜਾਅਲੀ ਕਰੰਸੀ ਦੇ ਜ਼ਰੀਏ ਖਰੀਦ ਚੁੱਕਾ ਹੈ। ਪੁੱਛਗਿੱਛ 'ਚ ਉਸ ਨੇ ਪੁਲਸ ਨੂੰ ਦੱਸਿਆ ਕਿ ਭਗਤਾ ਭਾਈਕਾ ਦੇ ਬਾਬਾ ਨਾਮਕ ਵਿਅਕਤੀ ਤੋਂ ਉਸ ਨੇ ਜਾਅਲੀ ਕਰੰਸੀ ਬਣਾਉਣ ਦਾ ਕੰਮ ਸਿੱਖਿਆ, ਸਾਲ 2015 ਵਿਚ ਜਾਅਲੀ ਕਰੰਸੀ ਦਾ ਮਾਮਲਾ ਵੀ ਦੋਵਾਂ 'ਤੇ ਦਰਜ ਹੋਇਆ ਸੀ। ਪੁਲਸ ਬਾਬਾ ਦੀ ਤਲਾਸ਼ ਕਰ ਰਹੀ ਹੈ ਜੋ ਫਰਾਰ ਹੈ, ਜਦੋਂਕਿ ਪੁਲਸ ਗਹਿਰਾਈ ਨਾਲ ਦੋਸ਼ੀ ਤੋਂ ਪੁੱਛਗਿੱਛ ਕਰਨ 'ਚ ਜੁਟੀ ਹੈ।
