ਵਿਆਹੁਤਾ ਵੱਲੋਂ ਫੇਸਬੁੱਕ ''ਤੇ ਬਣਾਇਆ ਦੋਸਤ ਨਿਕਲਿਆ ਬਲੈਕਮੇਲਰ

Sunday, Oct 29, 2017 - 02:55 AM (IST)

ਸਾਹਨੇਵਾਲ(ਜਗਰੂਪ)- ਇਕ ਵਿਆਹੁਤਾ ਨੂੰ ਫੇਸਬੁੱਕ 'ਤੇ ਬਣਾਏ ਦੋਸਤੀ ਦੇ ਸਬੰਧ ਉਸ ਸਮੇਂ ਭਾਰੀ ਪੈ ਗਏ ਜਦੋਂ ਦੋਸਤੀ ਕਰਨ ਵਾਲੇ ਉਸ ਦੇ ਦੋਸਤ ਵੱਲੋਂ ਕਥਿਤ ਸਰੀਰਕ ਸ਼ੋਸ਼ਣ ਕਰਨ ਤੋਂ ਬਾਅਦ ਦੋਵਾਂ ਦੇ ਸਾਂਝੇ ਫੇਸਬੁੱਕ ਫਰੈਂਡ ਨੇ ਵੀ ਉਕਤ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਸ ਨੂੰ ਕਥਿਤ ਤੌਰ 'ਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਵਿਆਹੁਤਾ ਜੀਵਨ ਨੂੰ ਬਚਾਉਣ ਲਈ ਉਕਤ ਔਰਤ ਕੁਝ ਦੇਰ ਤੱਕ ਤਾਂ ਉਨ੍ਹਾਂ ਦੀ ਬਲੈਕਮੇਲਿੰਗ ਦਾ ਸ਼ਿਕਾਰ ਹੋ ਕੇ ਉਨ੍ਹਾਂ ਨੂੰ ਪੈਸੇ ਦਿੰਦੀ ਰਹੀ ਪਰ ਜਦੋਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਸ ਨੇ ਇਸ ਦੀ ਸ਼ਿਕਾਇਤ ਥਾਣਾ ਸਾਹਨੇਵਾਲ ਪੁਲਸ ਨੂੰ ਦਿੱਤੀ। ਪੁਲਸ ਨੇ ਮੁੱਢਲੇ ਤੱਥਾਂ ਦੇ ਆਧਾਰ 'ਤੇ ਉਕਤ ਦੋਵਾਂ ਵਿਅਕਤੀਆਂ ਖਿਲਾਫ ਜਬਰ-ਜ਼ਨਾਹ ਅਤੇ ਧਮਕਾਉਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰ ਕੇ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੂਰੇ ਮਾਮਲੇ ਸਬੰਧੀ ਹਾਸਲ ਕੀਤੀ ਜਾਣਕਾਰੀ ਅਨੁਸਾਰ ਥਾਣਾ ਮੁਖੀ ਸੁਰਿੰਦਰ ਸਿੰਘ ਮੁਤਾਬਕ ਕਸਬਾ ਸਾਹਨੇਵਾਲ ਦੀ ਰਹਿਣ ਵਾਲੀ 30 ਸਾਲਾ ਵਿਆਹੁਤਾ ਇਕ ਬੱਚੇ ਦੀ ਮਾਂ ਹੈ, ਜਿਸ ਨੇ ਪੁਲਸ ਨੂੰ ਦੱਸਿਆ ਕਿ ਦਸੰਬਰ 2016 'ਚ ਉਸ ਦੀ ਫੇਸਬੁੱਕ ਰਾਹੀਂ ਪਟਿਆਲਾ ਦੇ ਬਾਰਨ ਪਿੰਡ ਦੇ ਰਹਿਣ ਵਾਲੇ ਗੁਰਲਾਲ ਸਿੰਘ ਲਾਲੀ ਖਰੋੜ ਨਾਲ ਦੋਸਤੀ ਹੋ ਗਈ, ਜਿਸ ਤੋਂ ਬਾਅਦ ਉਹ ਅਕਸਰ ਸਾਹਨੇਵਾਲ ਤੇ ਪਟਿਆਲਾ ਵਿਖੇ ਮਿਲਦੇ ਰਹੇ, ਇਸ ਦੌਰਾਨ ਉਨ੍ਹਾਂ ਵਿਚਕਾਰ ਕਥਿਤ ਸਰੀਰਕ ਸਬੰਧ ਵੀ ਪੈਦਾ ਹੋ ਗਏ।  ਸ਼ਿਕਾਇਤਕਰਤਾ ਨੇ ਦੱਸਿਆ ਕਿ ਲਾਲੀ ਨੇ ਉਸ ਦੀਆਂ ਧੋਖੇ ਨਾਲ ਕਥਿਤ ਨਗਨ ਤਸਵੀਰਾਂ ਖਿੱਚ ਲਈਆਂ, ਜਿਸ ਕਾਰਨ ਉਹ ਬਾਅਦ 'ਚ ਉਸ ਨੂੰ ਧਮਕਾਉਣ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਦੇ ਆਪਸੀ ਸਬੰਧਾਂ 'ਚ ਦੂਰੀਆਂ ਪੈਦਾ ਹੋ ਗਈਆਂ, ਫਿਰ ਜੁਲਾਈ 2017 'ਚ ਉਹ ਮੁੜ ਤੋਂ ਮਿਲੇ ਤਾਂ ਫਿਰ ਉਨ੍ਹਾਂ ਦਾ ਮੇਲ-ਮਿਲਾਪ ਵੱਧ ਗਿਆ। ਇਸੇ ਦੌਰਾਨ ਲਾਲੀ ਦੀ ਜਾਣ-ਪਛਾਣ ਉਨ੍ਹਾਂ ਦੇ ਤੀਸਰੇ ਫੇਸਬੁੱਕ ਫਰੈਂਡ ਰਵਿੰਦਰ ਸਿੰਘ ਲਾਡੀ ਵਾਸੀ ਭਵਾਨੀਗੜ੍ਹ ਸੰਗਰੂਰ ਨਾਲ ਹੋ ਗਈ, ਜਿਸ ਨੇ ਲਾਲੀ ਤੋਂ ਉਸ ਦੀਆਂ ਨਗਨ ਤਸਵੀਰਾਂ ਲੈ ਕੇ ਉਸ ਨੂੰ ਕਥਿਤ ਬਲੈਕਮੇਲ ਕਰਦੇ ਹੋਏ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ਤੋਂ ਬਾਅਦ ਪੈਸਿਆਂ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
ਲਾਲੀ ਵੀ ਸੀ ਵਿਆਹੁਤਾ
ਪੀੜਤਾ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਉਸ ਦਾ ਫੇਸਬੁੱਕ ਫਰੈਂਡ ਗੁਰਲਾਲ ਸਿੰਘ ਲਾਲੀ ਖਰੋੜ (35) ਵਿਆਹਿਆ ਹੋਇਆ ਹੈ, ਜੋ ਇਕ ਬੱਚੇ ਦਾ ਬਾਪ ਹੈ। ਉਸ ਨੇ ਫੇਸਬੁੱਕ 'ਤੇ ਉਸ ਨੂੰ ਝੂਠ ਬੋਲ ਕੇ ਆਪਣੇ ਝਾਂਸੇ 'ਚ ਲੈ ਲਿਆ। ਉਧਰ ਰਵਿੰਦਰ ਸਿੰਘ ਲਾਡੀ ਕਰੀਬ 22 ਸਾਲ ਦਾ ਹੈ ਅਤੇ ਅਣਵਿਆਹਿਆ ਹੈ। ਫਿਲਹਾਲ ਪੁਲਸ ਵੱਲੋਂ ਦੋਵਾਂ ਬਾਰੇ ਗਹਿਰਾਈ ਨਾਲ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। 
ਦੋਵੇਂ ਮਿਲ ਕੇ ਕਰਨ ਲੱਗੇ ਬਲੈਕਮੇਲ : ਥਾਣਾ ਮੁਖੀ
ਥਾਣਾ ਮੁਖੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਲਾਲੀ ਅਤੇ ਰਵਿੰਦਰ ਦੋਵੇਂ ਬਾਅਦ 'ਚ ਮਿਲ ਗਏ ਤੇ ਮਿਲ ਕੇ ਉਸ ਨੂੰ ਪੈਸਿਆਂ ਲਈ ਕਥਿਤ ਬਲੈਕਮੇਲ ਕਰਨ ਲੱਗੇ, ਜਿਨ੍ਹਾਂ ਨੇ ਉਸ ਪਾਸੋਂ 12 ਹਜ਼ਾਰ, 9 ਹਜ਼ਾਰ ਤੇ ਬਾਅਦ 'ਚ ਸਮੇਂ-ਸਮੇਂ 'ਤੇ ਲਗਭਗ 80 ਹਜ਼ਾਰ ਤੋਂ 1 ਲੱਖ ਰੁਪਏ ਤੱਕ ਠੱਗ ਲਏ।  
ਪੁਲਸ ਜੁਟੀ ਛਾਪੇਮਾਰੀ 'ਚ
ਥਾਣਾ ਸਾਹਨੇਵਾਲ ਦੇ ਮੁਖੀ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਉਕਤ ਦੋਵਾਂ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ 'ਚ ਛਾਪੇਮਾਰੀ ਆਰੰਭ ਦਿੱਤੀ ਹੈ।


Related News