ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਔਰਤ ਨੂੰ ਬਦਨਾਮ ਕਰਨ ਦਾ ਯਤਨ

10/26/2019 6:21:27 PM

ਮੋਗਾ (ਅਜ਼ਾਦ)- ਮੋਗਾ ਜ਼ਿਲੇ ਦੇ ਇਕ ਪਿੰਡ ਦੀ ਮਹਿਲਾ ਨੂੰ ਵਿਦੇਸ਼ ਰਹਿੰਦੇ ਇਕ ਲੜਕੇ ਵਲੋਂ ਗਲਤ ਨਾਮ 'ਤੇ ਫੇਸਬੁੱਕ ਆਈ. ਡੀ ਬਣਾ ਕੇ ਉਸ ਨੂੰ ਬਦਨਾਮ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਦਰ ਪੁਲਸ ਵਲੋਂ ਪੀੜਤ ਮਹਿਲਾ ਦੇ ਪਤੀ ਦੀ ਸ਼ਿਕਾਇਤ 'ਤੇ ਰਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਨਿਵਾਸੀ ਪੰਡੋਰੀ ਖੱਰਤੀਆ (ਫਿਰੋਜ਼ਪੁਰ) ਹਾਲ ਅਬਾਦ ਕੈਨੇਡਾ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਇੰਸਪੈਕਟਰ ਕਰਮਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। 

ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਦੇ ਪਤੀ ਨੇ ਕਿਹਾ ਕਿ ਕਥਿਤ ਦੋਸ਼ੀ ਜੋ ਕੈਨੇਡਾ ਰਹਿੰਦਾ ਹੈ, ਨੇ ਗਲਤ ਨਾਮ 'ਤੇ ਫੇਸਬੁੱਕ ਆਈ. ਡੀ. ਬਣਾ ਕੇ ਉਸ 'ਤੇ ਮੇਰੀ ਪਤਨੀ ਦੀ ਆਈ. ਡੀ. 'ਤੇ ਫੋਟੋ ਲਾ ਕੇ ਗਲਤ ਦੁਰਪ੍ਰਯੋਗ ਕੀਤਾ ਅਤੇ ਮੇਰੀ ਪਤਨੀ ਨੂੰ ਬਦਨਾਮ ਕਰਨ ਦਾ ਯਤਨ ਕੀਤਾ। ਜਾਂਚ ਕਰਨ 'ਤੇ ਜਦ ਮੈਨੂੰ ਕਥਿਤ ਦੋਸ਼ੀ ਦਾ ਪਤਾ ਲੱਗਾ ਤਾਂ ਮੈਂ ਉਸ ਨਾਲ ਗੱਲਬਾਤ ਕੀਤੀ ਤਾਂ ਉਹ ਮੈਨੂੰ ਧਮਕੀਆਂ ਦੇਣ ਲੱਗਾ, ਜਿਸ 'ਤੇ ਮੈਂ ਪੁਲਸ ਨੂੰ ਸੂਚਿਤ ਕੀਤਾ। ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ 'ਤੇ ਇਸ ਦੀ ਜਾਂਚ ਸਾਈਬਰ ਸੈਲ ਮੋਗਾ ਦੇ ਇੰਚਾਰਜ ਵਲੋਂ ਕੀਤੀ ਗਈ। ਜਾਂਚ ਤੋਂ ਬਾਅਦ ਕÎਿਥਤ ਦੋਸ਼ੀ ਖਿਲਾਫ ਉਕਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News