ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਚਸ਼ਮਦੀਦ ਨੇ ਬਿਆਨ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਮੰਜ਼ਰ

Monday, May 30, 2022 - 12:42 PM (IST)

ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਚਸ਼ਮਦੀਦ ਨੇ ਬਿਆਨ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਮੰਜ਼ਰ

ਮਾਨਸਾ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕੱਲ ਗੋਲ਼ੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਦੇ ਚਸ਼ਮਦੀਦ ਗਵਾਹ ਪ੍ਰਿੰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਸ਼ਾਮ 5 ਵਜੇ ਤੋਂ 5.30 ਵਜੇ ਦਰਮਿਆਨ ਵਾਪਰੀ ਸੀ । ਸਿਰਫ਼ 2 ਮਿੰਟਾਂ 'ਚ ਹੀ ਮੂਸੇਵਾਲਾ 'ਤੇ 30 ਗੋਲ਼ੀਆਂ ਚਲਾਈਆਂ ਗਈਆਂ। ਦੋਸ਼ੀ ਘਟਨਾ ਵਾਲੀ ਥਾਂ 'ਤੇ ਸਿਰਫ਼ 2 ਮਿੰਟ ਹੀ ਰੁਕੇ ਸਨ। ਉਸ ਨੇ ਅੱਗੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਦੋ ਗੱਡੀਆਂ ਆਉਂਦੀਆਂ ਹਨ, ਇਕ ਬੋਲੈਰੋ ਅਤੇ ਦੂਜੀ ਲੰਬੀ ਕਾਰ ਸੀ। ਦੋਵੇਂ ਗੱਡੀਆਂ ਮੂਸੇਵਾਲਾ ਦੇ ਥਾਰ ਨੂੰ ਓਵਰਟੇਕ ਕਰਦੀਆਂ ਹਨ। ਜਿਵੇਂ ਹੀ ਮੂਸੇਵਾਲਾ ਨੇ ਆਪਣੀ ਕਾਰ ਨੂੰ ਸੰਭਾਲਿਆ ਤਾਂ 7 ਨੌਜਵਾਨ ਦੋਵੇਂ ਕਾਰਾਂ ਤੋਂ ਹੇਠਾਂ ਉਤਰ ਗਏ ਅਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਕਰਦੇ ਸਮੇਂ ਉਹ 1 ਤੋਂ 2 ਮਿੰਟ ਤੱਕ ਮੌਕੇ 'ਤੇ ਹੀ ਰਹੇ, ਉਸ ਤੋਂ ਬਾਅਦ ਫਰਾਰ ਹੋ ਗਏ।

ਥਾਰ ਦੇ ਪਿਛਲੇ ਟਾਇਰ 'ਚ ਕੀਤਾ ਗਿਆ ਪਹਿਲਾ ਫਾਇਰ

ਪ੍ਰਿੰਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਮੂਸੇਵਾਲਾ ਦੀ ਗੱਡੀ ਦੇ ਪਿਛਲੇ ਟਾਇਰ 'ਤੇ ਫਾਇਰ ਕੀਤਾ ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਦੋਸ਼ੀ ਓਵਰਟੇਕ ਕਰਨ ਤੋਂ ਬਾਅਦ ਕਾਰ ਤੋਂ ਹੇਠਾਂ ਉਤਰ ਗਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੂਸੇਵਾਲਾ ਅਤੇ ਉਸਦੇ ਦੋ ਦੋਸਤਾਂ ਨੂੰ ਆਪਣੀ ਜਾਨ ਬਚਾਉਣ ਤੱਕ ਦਾ ਮੌਕਾ ਵੀ ਨਹੀਂ ਮਿਲਿਆ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕ ਘਰਾਂ 'ਚੋਂ ਬਾਹਰ ਆ ਗਏ ਪਰ ਹਮਲਾਵਰਾਂ ਵੱਲੋਂ ਮਾਰੇ ਗਏ ਲਲਕਾਰੇ ਸੁਣ ਕੇ ਉਹ ਸਭ ਮੁੜ ਘਰਾਂ 'ਚ ਵੜ ਗਏ।

ਇਹ ਵੀ ਪੜ੍ਹੋ- ਮੂਸੇਵਾਲਾ ਦੇ ਕਤਲ ਮਗਰੋਂ ਐਕਸ਼ਨ 'ਚ ਪੰਜਾਬ ਪੁਲਸ, 2 ਵਿਅਕਤੀ ਹਥਿਆਰਾਂ ਸਣੇ ਕਾਬੂ

ਘਟਨਾ ਵਾਲੀ ਥਾਂ 'ਤੇ ਕੀਤੇ ਗਏ 30 ਰਾਉਂਡ ਫਾਇਰ 

ਚਸ਼ਮਦੀਦ ਪ੍ਰਿੰਸ ਨੇ ਦੱਸਿਆ ਕਿ ਹਮਲਾਵਰਾਂ ਨੇ ਇਸ ਤਰ੍ਹਾਂ ਗੋਲੀਆਂ ਚਲਾ ਰਹੇ ਸਨ ਕਿ ਜਿਵੇਂ ਉਹ ਇਹ ਸੋਚ ਕੇ ਆਏ ਸਨ ਕਿ ਅੱਜ ਮੂਸੇਵਾਲਾ ਨੂੰ ਹਰ ਕੀਮਤ 'ਤੇ ਖ਼ਤਮ ਕਰਨਾ ਹੈ। ਹਮਲਾਵਰਾਂ ਨੇ 30 ਦੇ ਕਰੀਬ ਗੋਲ਼ੀਆਂ ਚਲਾਈਆਂ। ਪ੍ਰਿੰਸ ਅਨੁਸਾਰ ਉਸ ਨੇ ਅਤੇ ਉਸ ਦੇ ਦੋਸਤ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਲੱਭਣ ਵਿੱਚ ਪੁਲਸ ਦੀ ਮਦਦ ਕੀਤੀ।

ਕੰਧਾਂ 'ਤੇ ਹੁਣ ਵੀ ਹਨ ਸਿੱਧੂ ਮੂਸੇਵਾਲਾ ਦੇ ਖੂਨ ਦੇ ਨਿਸ਼ਾਨ

ਜਿਸ ਥਾਂ 'ਤੇ ਮੂਸੇਵਾਲਾ 'ਤੇ ਬੇਰਹਿਮੀ ਨਾਲ ਗੋਲ਼ੀਬਾਰੀ ਕੀਤੀ ਗਈ ਸੀ ਉਨ੍ਹਾਂ ਕੰਧਾਂ 'ਤੇ ਉਸ ਦਾ ਖੂਨ ਹੁਣ ਵੀ ਲੱਗਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਗੋਲ਼ੀਆਂ ਦੇ ਨਿਸ਼ਾਨ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਪਿੰਡ ਵਾਸੀ ਨੇ ਸਿੱਧੂ ਮੂਸੇਵਾਲਾ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਘਟਨਾ ਕਾਰਨ ਲੋਕ ਇੰਨਾਂ ਸਹਿਮ ਗਏ ਸੀ ਕਿ ਕੋਈ ਵੀ ਘਰ 'ਚੋਂ ਬਾਹਰ ਆਉਣ ਦੀ ਹਿੰਮਤ ਨਹੀਂ ਕਰ ਰਿਹਾ ਸੀ। ਇਸ ਤੋਂ ਬਾਅਦ ਇਕ ਅਣਜਾਣ ਵਿਅਕਤੀ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਮੋਟਰਸਾਈਕਲ 'ਤੇ ਲੈ ਜਾ ਕੇ ਹਸਪਤਾਲ ਪਹੁੰਚਾਇਆ ਸੀ। 

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਦੁੱਖ ਭਰੀ ਚਿੱਠੀ, ਆਖੀਆਂ ਵੱਡੀਆਂ ਗੱਲਾਂ

ਚਸ਼ਮਦੀਦ ਦੇ ਮੁਤਾਬਕ ਪੁਲਸ ਮੌਕੇ 'ਤੇ ਤਾਂ ਪਹੁੰਚ ਗਈ ਸੀ ਪਰ ਉਨ੍ਹਾਂ ਨੇ 1 ਘੰਟੇ ਦਾ ਸਮਾਂ ਲੱਗਾ ਦਿੱਤਾ ਸੀ। ਪ੍ਰਿੰਸ ਨੇ ਕਿਹਾ ਕਿ ਜੇਕਰ ਪੁਲਸ ਐਕਟਿਵ ਹੁੰਦੀ ਤਾਂ ਸ਼ਾਇਦ ਦੋਸ਼ੀ ਮਾਨਸਾ ਤੋਂ ਬਾਹਰ ਨਹੀਂ ਜਾ ਸਕਦੇ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਦੋਸ਼ੀਆਂ ਵਿੱਚੋਂ ਇਕ ਨੇ ਚੈੱਕ ਕਮੀਜ਼ ਪਾਈ ਹੋਈ ਸੀ , ਜਿਸ ਕੋਲ AK 47 ਸੀ। ਉਸ ਉਕਤ ਨੌਜਵਾਨ ਨੇ ਹੀ ਸਿੱਧੂ ਮੂਸੇਵਾਲਾ 'ਤੇ ਗੋਲ਼ੀਆਂ ਚਲਾਈਆਂ ਸਨ।  ਬਾਕੀ ਦੇ 6 ਨੌਜਵਾਨਾਂ ਨੇ ਇਧਰ-ਓਧਰ ਗੋਲ਼ੀਆਂ ਚੱਲਾ ਕੇ ਉਸ ਨੂੰ ਕਵਰ ਕਰ ਕੇ ਰੱਖਿਆ ਹੋਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦਹਿਸ਼ਤ ਫੈਲਾਉਣ 'ਚ ਵੀ ਕੋਈ ਕਸਰ ਨਹੀਂ ਛੱਡੀ। ਉਸ ਨੇ ਦੱਸਿਆ ਕਿ ਘਟਨਾ ਸਮੇਂ ਇਕ ਵਿਅਕਤੀ ਨੇ ਵੀਡੀਓ  ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਹਮਲਾਵਰਾਂ ਨੇ ਉਸ 'ਤੇ ਵੀ ਗੋਲ਼ੀਆਂ ਚਲਾਈਆਂ ਸਨ ਜਿਸ ਕਾਰਨ ਉਹ ਨੌਜਵਾਨ ਮੌਕੇ 'ਤੇ ਆਪਣੀ ਜਾਨ ਬਚਾ ਕੇ ਭੱਜ ਗਿਆ ਸੀ। 

ਨੋਟ- ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News