ਬੇਹੱਦ ਖਤਰਨਾਕ ਹੈ ਕੋਰੋਨਾ ਦੀ ਦੂਜੀ ਲਹਿਰ, 5 ਮਹੀਨਿਆਂ ਬਾਅਦ 147 ਮਾਮਲੇ ਆਏ ਸਾਹਮਣੇ

Tuesday, Mar 16, 2021 - 01:27 AM (IST)

ਅੰਮ੍ਰਿਤਸਰ, (ਦਲਜੀਤ)- ਕੋਰੋਨਾ ਦੀ ਦੂਜੀ ਲਹਿਰ ਬੇਹੱਦ ਖਤਰਨਾਕ ਹੈ, ਲੋਕਾਂ ਨੂੰ ਸਾਵਧਾਨੀ ਹੁਣ ਤੋਂ ਵਰਤਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਅੰਮ੍ਰਿਤਸਰ ਲਗਾਤਾਰ ਕੋਰੋਨਾ ਦੀ ਦੂਜੀ ਲਹਿਰ ਵੱਲ ਵੱਧ ਰਿਹਾ ਹੈ। ਕੋਰੋਨਾ ਲਗਭਗ 5 ਮਹੀਨੇ ਬਾਅਦ ਹਮਲਾਵਰ ਵਿਖਾਈ ਦੇ ਰਿਹਾ ਹੈ। ਸੋਮਵਾਰ ਨੂੰ ਜ਼ਿਲ੍ਹੇ ’ਚ 147 ਪਾਜ਼ੇਟਿਵ ਮਰੀਜ਼ ਮਿਲੇ ਹਨ ਅਤੇ ਦੋ ਲੋਕਾਂ ਦੀ ਮੌਤ ਹੋ ਗਈ ਹੈ । ਇਸ ਤੋਂ ਪਹਿਲਾਂ 5 ਅਕਤੂਬਰ 2020 ਨੂੰ 144 ਪਾਜ਼ੇਟਿਵ ਰਿਪੋਰਟ ਹੋਏ ਸਨ । ਅੱਜ ਆਏ ਮਾਮਲਿਆਂ ’ਚ 22 ਵਿਦਿਆਰਥੀ ਅਤੇ 4 ਅਧਿਆਪਕ ਸ਼ਾਮਲ ਹਨ। ਉਥੇ ਸਿੱਖਿਆ ਵਿਭਾਗ ਨੇ ਜਿਨ੍ਹਾਂ ਸਕੂਲਾਂ ’ਚ 2 ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕ ਪਾਜ਼ੇਟਿਵ ਮਿਲੇ ਹਨ, ਉਨ੍ਹਾਂ ’ਚ ਮੰਗਲਵਾਰ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਅੰਮ੍ਰਿਤਸਰ ’ਚ ਵੱਧ ਰਹੇ ਹਨ। ਮਾਰਚ 2021 ’ਚ ਕੋਰੋਨਾ ਵਾਇਰਸ ਦਾ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਸਤੰਬਰ ਵਰਗੇ ਹਾਲਾਤ ਨਜ਼ਰ ਆ ਰਹੇ ਹਨ । ਮਾਰਚ ਮਹੀਨੇ ਦੇ 15 ਦਿਨਾਂ ’ਚ ਹੀ 1270 ਪਾਜ਼ੇਟਿਵ ਮਰੀਜ਼ ਮਿਲੇ ਹਨ । ਇਹ ਵੱਡੀ ਗਿਣਤੀ ਹੈ ਅਤੇ ਬੇਹੱਦ ਚਿੰਤਾਜਨਕ ਵੀ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਵਧਣ ਦਾ ਵੱਡਾ ਕਾਰਣ ਸਿੱਖਿਆ ਅਦਾਰਿਆਂ ਦਾ ਖੁੱਲਣਾ ਵੀ ਰਿਹਾ ਹੈ । ਉਥੇ ਹੀ ਜਿਨ੍ਹਾਂ ਦੋ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚ ਰਾਜਾਸਾਂਸੀ ਵਾਸੀ 38 ਸਾਲਾ ਵਿਅਕਤੀ ਅਤੇ ਕੋਟ ਮਿੱਤ ਸਿੰਘ ਤਰਨਤਾਰਨ ਰੋਡ ਵਾਸੀ 61 ਸਾਲਾ ਬਜ਼ੁਰਗ ਸ਼ਾਮਲ ਹੈ ।

ਸਿਵਲ ਸਰਜਨ ਡਾ . ਚਰਨਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਦੀ ਸੈਕਿੰਡ ਵੇਬ ਸ਼ੁਰੂ ਹੋ ਚੁੱਕੀ ਹੈ । ਲੋਕ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਨਿਕਲਣ । ਮਾਸਕ ਪਹਿਨੋ, ਸਰੀਰਕ ਦੂਰੀ ਬਣਾਈ ਰੱਖੋ। 100 ਤੋਂ ਜਿਆਦਾ ਲੋਕ ਇਕ ਛੱਤ ਹੇਠਾਂ ਇੱਕਠੇ ਨਾ ਹੋਣ । ਲੋਕ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ, ਇਸ ਲਈ ਕੋਰੋਨਾ ਵੱਧ ਰਿਹਾ ਹੈ । ਬਦਕਿਸਮਤੀ ਇਹ ਵੀ ਹੈ ਕਿ ਕੋਰੋਨਾ ਟੀਕਾਕਰਨ ਦਾ ਟੀਚਾ ਅਜੇ 52 ਫੀਸਦੀ ਹੀ ਪੂਰਾ ਹੋ ਸਕਿਆ ਹੈ । 45 ਤੋਂ 59 ਅਤੇ 60 ਤੋਂ ਜਿਆਦਾ ਵਰਗ ਦੇ ਲੋਕ ਟੀਕਾ ਲਗਵਾਉਣ, ਕਿਉਂਕਿ ਕਮਜ਼ੋਰ ਸਮਰੱਥਾ ਦੀ ਵਜ੍ਹਾ ਨਾਲ ਉਹ ਜਲਦੀ ਪਾਜ਼ੇਟਿਵ ਹੋ ਸਕਦੇ ਹਨ। ਅਸੀਂ ਸੈਂਪਲਿੰਗ ’ਤੇ ਜਿਆਦਾ ਜ਼ੋਰ ਦੇ ਰਹੇ ਹਾਂ । ਹੁਣ ਸਾਰੇ ਸੈਂਟਰ ਪੱਧਰ ’ਤੇ ਵੀ ਸੈਂਪਲਿੰਗ ਸ਼ੁਰੂ ਕੀਤੀ ਗਈ ਹੈ । ਸੈਕਿੰਡ ਵੇਬ ਤੋਂ ਬਚਣ ਲਈ ਨਿਯਮਾਂ ਦਾ ਪਾਲਣ ਕਰਨਾ ਹੀ ਪਵੇਗਾ ।

ਓਧਰ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਨੇ ਦੱਸਿਆ ਜਿਨ੍ਹਾਂ ਸਕੂਲਾਂ ’ਚ ਇਕ ਤੋਂ ਜਿਆਦਾ ਅਧਿਆਪਕ ਅਤੇ ਵਿਦਿਆਰਥੀ ਪਾਜ਼ੇਟਿਵ ਆਏ ਹਨ ਉਨ੍ਹਾਂ ਸਕੂਲਾਂ ਨੂੰ 48 ਘੰਟੇ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਵਿਦਿਆਰਥੀਆਂ ਦੀ ਮੰਗਲਵਾਰ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ ਦੂਜੀਆਂ ਪ੍ਰੀਖਿਆਵਾਂ ਤੋਂ ਬਾਅਦ ’ਚ ਲਈ ਜਾਵੇਗੀ।

ਇੰਨ੍ਹਾਂ ਸਕੂਲਾਂ ’ਚ ਮਿਲੇ ਪਾਜ਼ੇਟਿਵ ਮਰੀਜ਼

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਜੌਹਲ — 6 ਵਿਦਿਆਰਥੀ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਾਲਗਡ਼੍ਹ ਢਪਇਆ— 2 ਵਿਦਿਆਰਥੀ , ਇਕ ਅਧਿਆਪਕ

ਸਰਕਾਰੀ ਸੀ. ਸੈ. ਸਕੂਲ ਜੇਠੂਵਾਲ — 2 ਅਧਿਆਪਕ

ਸਰਕਾਰੀ ਐਲੀਮੈਂਟਰੀ ਸਕੂਲ ਅੰਨਗਡ਼੍ਹ — 1 ਅਧਿਆਪਕ

ਸਰਕਾਰੀ ਸੀ. ਸੈ. ਸਕੂਲ ਜਲਾਲ ਉਸਮਾਂ— 8 ਵਿਦਿਆਰਥੀ

ਸਰਕਾਰੀ ਸੀ. ਸੈ. ਸਕੂਲ ਬੱਲ ਸਰਾਂ — 4 ਵਿਦਿਆਰਥੀ

ਸਰਕਾਰੀ ਹਾਈ ਸਕੂਲ ਸ਼ਰੀਫਪੁਰਾ- 1 ਵਿਦਿਆਰਥੀ

ਸਰਕਾਰੀ ਸਕੂਲ ਅਜਾਇਬ ਵਾਲੀ- 1 ਵਿਦਿਆਰਥੀ 1 ਅਧਿਆਪਕ

ਅੱਜ ਕਮਿਊਨਿਟੀ ਤੋਂ ਮਿਲੇ — 91

ਕਾਂਟੈਕਟ ਤੋਂ ਮਿਲੇ — 56

ਕੁਲ ਪਾਜ਼ੇਟਿਵ — 17,008

ਤੰਦਰੁਸਤ ਹੋਏ — 15,393

ਮੌਤਾਂ — 621

ਐਕਟਿਵ ਕੇਸ — 994

ਜ਼ਿਲ੍ਹੇ ’ਚ 2781 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ । ਇਨ੍ਹਾਂ ’ਚੋਂ 1867 ਨੇ ਕੋਵਿਸ਼ੀਲਡ ਲਗਵਾਇਆ , ਜਦ ਕਿ 916 ਨੇ ਕੋ-ਵੈਕਸੀਨ । ਜ਼ਿਲ੍ਹੇ ਦੇ 67 ਹਸਪਤਾਲਾਂ ’ਚ ਟੀਕਾਕਰਨ ਜਾਰੀ ਹੈ । ਦਰਅਸਲ, ਜਨਵਰੀ ਮਹੀਨੇ ਤੋਂ ਟੀਕਾਕਰਨ ਜਾਰੀ ਹੈ । ਸਿਹਤ ਕਰਮਚਾਰੀਆਂ ਅਤੇ ਫਰੰਟ ਲਾਈਨ ਵਾਰੀਅਰਸ ਨਾਲ 45 ਤੋਂ 59 ਅਤੇ 60 ਅਤੇ ਇਸ ਤੋਂ ਜਿਆਦਾ ਉਮਰ ਦੇ ਲੋਕਾਂ ’ਚ ਟੀਕਾਕਰਨ ਪ੍ਰਤੀ ਕਾਫੀ ਉਤਸ਼ਾਹ ਹੈ ।


Bharat Thapa

Content Editor

Related News