ਧੁੰਦ ਦਾ ਕਹਿਰ : ਪਾਰਾ ਡਿੱਗਣ ਕਾਰਨ ਸ਼ਹਿਰ ''ਚ ਪਸਰੀ ਠੰਡ

Wednesday, Jan 03, 2018 - 10:41 AM (IST)

ਧੁੰਦ ਦਾ ਕਹਿਰ : ਪਾਰਾ ਡਿੱਗਣ ਕਾਰਨ ਸ਼ਹਿਰ ''ਚ ਪਸਰੀ ਠੰਡ


ਬਾਘਾਪੁਰਾਣਾ (ਚਟਾਨੀ) - ਸੰਘਣੀ ਧੁੰਦ ਦੇ ਮੁੜ ਵਿਛੇ ਜਾਲ ਨੇ ਸਰਦੀ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਹੈ। ਨਾ ਸਿਰਫ ਧੁੰਦ 'ਚ ਸੰਘਣਾਪਨ ਵਧਿਆ ਹੈ, ਸਗੋਂ ਪਾਰਾ ਵੀ ਕਾਫੀ ਹੇਠਾਂ ਡਿੱਗ ਪਿਆ ਹੈ, ਜਿਸ ਕਾਰਨ ਜ਼ਿੰਦਗੀ ਦੀ ਰਫਤਾਰ ਅਸਲੋਂ ਮੱਠੀ ਹੋ ਗਈ ਹੈ। 'ਜ਼ੀਰੋ ਵਿਜ਼ੀਬਿਲਟੀ' (ਦਿਸਣ ਹੱਦ ਦਾ ਖਾਤਮਾ) ਕਾਰਨ ਸੜਕਾਂ ਉਪਰ ਵਾਹਨਾਂ ਦੇ ਟਕਰਾਅ ਦਾ ਖਤਰਾ ਕਾਫੀ ਹੱਦ ਵਧ ਗਿਆ। ਸੜਕਾਂ ਦੇ ਦੁਆਲੇ ਅਤੇ ਅੱਧ ਵਿਚਕਾਰ ਵਾਲੀਆਂ ਚਿੱਟੀਆਂ ਪੱਟੀਆਂ 80 ਫੀਸਦੀ ਤੋਂ ਵਧੇਰੇ ਸੜਕਾਂ ਉਪਰ ਤਾਂ ਲਾਈਆਂ ਨਹੀਂ, ਜਦਕਿ ਜਿਨ੍ਹਾਂ 20 ਫੀਸਦੀ ਸੜਕਾਂ ਉਪਰ ਇਹ ਲਾਈਆਂ ਹਨ, ਉਹ ਅਸਲੋਂ ਮੱਧਮ ਪੈ ਚੁੱਕੀਆਂ ਹਨ, ਜਿਸ ਕਾਰਨ ਵਾਹਨਾਂ ਦੇ ਚਾਲਕਾਂ ਨੂੰ ਅਗਵਾਈ ਦੇਣ ਵਾਲਾ ਕੋਈ ਸਾਧਨ ਨਹੀਂ ਮਿਲ ਰਿਹਾ। ਸੜਕਾਂ 'ਤੇ ਚੱਲਦੇ ਬਹੁਗਿਣਤੀ ਵਾਹਨਾਂ ਦੇ ਪਿੱਛੇ ਜਾਂ ਅੱਗੇ ਕਿਸੇ ਕਿਸਮ ਦੇ ਰਿਫਲੈਕਟਰ ਨਾ ਹੋਣ ਕਾਰਨ ਸੜਕੀ ਹਾਦਸਿਆਂ 'ਚ ਵਾਧਾ ਹੋ ਰਿਹਾ ਹੈ। ਬੱਸਾਂ ਅਤੇ ਯਾਤਰੀ ਗੱਡੀਆਂ ਧੁੰਦ ਦੇ ਜਾਲ ਕਾਰਨ ਮਿਥੇ ਸਮੇਂ ਤੋਂ ਕਈ ਘੰਟੇ ਪਛੜਦੀਆਂ ਆ ਰਹੀਆਂ ਹਨ, ਜਿਸ ਕਾਰਨ ਵਿਦਿਆਰਥੀ ਅਤੇ ਮੁਲਾਜ਼ਮ ਵਰਗ ਪ੍ਰੇਸ਼ਾਨ ਦਿਖਾਈ ਦਿੱਤਾ। ਮਾਪਿਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਇਨ੍ਹਾਂ ਦਿਨਾਂ ਵਿਚ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਜਾਣ ਜਾਂ ਫਿਰ ਸਮੇਂ 'ਚ ਯੋਗ ਤਬਦੀਲੀ ਕੀਤੀ ਜਾਵੇ। ਦੂਰ-ਦਰਾਡੇ ਤੋਂ ਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਦੇ ਦਫਤਰਾਂ 'ਚ ਪੱਛੜ ਕੇ ਪੁੱਜਣ ਕਾਰਨ ਪ੍ਰਭਾਵਿਤ ਹੁੰਦੇ ਲੋਕਾਂ ਦੇ ਅਜਿਹੇ ਕੰਮਾਂ ਦੀ ਪੂਰਤੀ ਹੱਦ ਵਧਾਈ ਜਾਵੇ, ਜਿਨ੍ਹਾਂ ਨੂੰ ਮੁਕੰਮਲ ਕਰਨ ਲਈ ਸਮਾਂ ਹੱਦ ਮਿਥੀ ਗਈ ਹੈ।


Related News