ਜ਼ਿਲੇ ਦੇ 277 ਸ਼ਰਾਬ ਦੇ ਠੇਕਿਆਂ ਦੇ ਕੱਢੇ ਡਰਾਅ
Tuesday, Mar 27, 2018 - 01:31 AM (IST)

ਹੁਸ਼ਿਆਰਪੁਰ, (ਘੁੰਮਣ)- ਜ਼ਿਲੇ 'ਚ ਸਾਲ 2018-19 ਲਈ ਸ਼ਰਾਬ ਦੇ ਠੇਕਿਆਂ ਦੇ ਡਰਾਅ ਅੱਜ ਇੱਥੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਸਖਤ ਸੁਰੱਖਿਆ 'ਚ ਦੌਲਤ ਗਾਰਡਨ 'ਚ ਕੱਢੇ ਗਏ। ਡਿਪਟੀ ਕਮਿਸ਼ਨਰ ਵਿਪੁਲ Àੁੱਜਵਲ ਨੇ ਪਹਿਲਾ ਡਰਾਅ ਕੱਢਿਆ, ਜੋ ਕਿ ਬਜਵਾੜਾ ਗਰੁੱਪ ਦੇ ਸੁਰਜੀਤ ਸਿੰਘ ਗਰਚਾ ਦੇ ਨਾਂ ਰਿਹਾ। ਜਗ ਬਾਣੀ ਨਾਲ ਗੱਲਬਾਤ ਦੌਰਾਨ ਸ੍ਰੀ ਉੱਜਵਲ ਨੇ ਕਿਹਾ ਕਿ ਡਰਾਅ ਪ੍ਰਕਿਰਿਆ ਸ਼ਾਤੀ ਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਹੋਈ। ਵਿਭਾਗ ਵੱਲੋਂ ਜੁਆਇੰਟ ਕਮਿਸ਼ਨਰ ਐੈੱਚ. ਐੱਸ. ਗੋਚਰਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਏ. ਡੀ. ਸੀ. ਅਨੁਪਮ ਕਲੇਰ, ਐੱਸ. ਡੀ. ਐੱਮ. ਜਤਿੰਦਰ ਜੋਰਵਾਲ ਤੇ ਪੀ. ਸੀ. ਐੱਸ. ਅੰਡਰ ਟ੍ਰੇਨਿੰਗ ਅਮਿਤ ਸਰੀਨ ਨੇ ਵੀ ਡਰਾਅ ਕੱਢੇ।
ਸਹਾਇਕ ਆਬਕਾਰੀ ਤੇ ਕਰ ਵਿਭਾਗ ਅਧਿਕਾਰੀ ਸੁਦੇਸ਼ ਵਿਕਾਸ ਨੇ ਦੱਸਿਆ ਕਿ 277 ਠੇਕਿਆਂ ਲਈ 3828 ਅਰਜ਼ੀਆਂ ਹਾਸਲ ਕੀਤੀਆਂ ਸਨ, ਜਿਸ 'ਚ ਵਿਭਾਗ ਨੂੰ 6.89 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਇਆ। ਇਹ ਰਾਸ਼ੀ ਬੀਤੇ ਸਾਲ ਤੋਂ 12 ਕਰੋੜ ਰੁਪਏ ਜ਼ਿਆਦਾ ਹੈ। 277 ਠੇਕਿਆਂ ਨੂੰ 46 ਗਰੁੱਪਾਂ 'ਚ ਵੰਡਿਆ ਗਿਆ ਸੀ। ਈ. ਟੀ. ਸੀ. ਨੇ ਦੱਸਿਆ ਕਿ ਸਫ਼ਲ ਬੋਲੀ ਧਾਰਕਾਂ ਨੂੰ ਲਾਇਸੈਂਸ ਫੀਸ ਦੀ 25 ਫੀਸਦੀ ਰਾਸ਼ੀ ਮੌਕੇ 'ਤੇ, 25 ਫੀਸਦੀ 48 ਘੰਟੇ ਅੰਦਰ ਤੇ 50 ਫੀਸਦੀ 31 ਮਾਰਚ ਨੂੰ ਜਮ੍ਹਾ ਕਰਵਾਉਣੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਭੰਗ ਦਾ ਠੇਕਾ ਵੀ ਲੱਕੀ ਡਰਾਅ ਰਾਹੀਂ ਕੱਢਿਆ ਗਿਆ। ਜਿਸ ਤੋਂ ਵਿਭਾਗ ਨੂੰ 3.50 ਲੱਖ ਰੁਪਏ ਦਾ ਮਾਲੀਆ ਹਾਸਲ ਹੋਵੇਗਾ। ਠੇਕੇਦਾਰਾਂ ਦੀ ਸਹੂਲਤ ਲਈ ਮੌਕੇ 'ਤੇ ਹੀ ਆਈ. ਸੀ. ਆਈ. ਸੀ. ਬੈਂਕ ਦਾ ਕਾਊਂਟਰ ਸਥਾਪਤ ਕੀਤਾ ਗਿਆ ਸੀ। ਇਸ ਮੌਕੇ ਈ. ਟੀ. ਓ. ਐਕਸਾਈਜ਼ ਹਨੁਵੰਤ ਸਿੰਘ, ਈ. ਟੀ. ਓ. ਪਰਮਜੀਤ ਸਿੰਘ, ਅਰਸ਼ਦੀਪ ਤੇ ਨਵਜੋਤ ਸ਼ਰਮਾ, ਈ. ਟੀ. ਓ. ਅੰਡਰ ਟ੍ਰੇਨਿੰਗ ਨਿਤਿਕਾ ਅਗਰਵਾਲ, ਜ਼ਿਲਾ ਮਾਲ ਅਫ਼ਸਰ ਅਮਨਪਾਲ ਸਿੰਘ ਤੇ ਤਹਿਸੀਲਦਾਰ ਅਰਵਿੰਦਰ ਪ੍ਰਕਾਸ਼ ਵਰਮਾ ਹਾ²ਜ਼ਰ ਸਨ।