ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼

Wednesday, Nov 01, 2017 - 05:02 AM (IST)

ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼

ਟਾਂਡਾ ਉੜਮੁੜ, (ਵਰਿੰਦਰ, ਜਸਵਿੰਦਰ, ਮੋਮੀ, ਸ਼ਰਮਾ, ਕੁਲਦੀਸ਼)- ਐੱਸ. ਐੱਸ. ਪੀ. ਜੇ. ਏਲੀਚੇਲਿਅਨ ਦੇ ਦਿਸ਼ਾ-ਨਿਰਦੇਸ਼ ਅਧੀਨ ਐੱਸ. ਪੀ. (ਡੀ) ਹਰਪ੍ਰੀਤ ਸਿੰਘ ਮੰਡੇਰ, ਡੀ. ਐੱਸ. ਪੀ. (ਡੀ) ਗੁਰਜੀਤ ਪਾਲ ਸਿੰਘ ਦੀ ਅਗਵਾਈ ਵਿਚ ਮਾੜੇ ਅਨਸਰਾਂ ਖਿਲਾਫ਼ ਸਰਗਰਮ ਸੀ. ਆਈ. ਏ. ਸਟਾਫ਼ ਦਸੂਹਾ ਦੀ ਟੀਮ ਨੇ ਟਾਂਡਾ ਪੁਲਸ ਦੀ ਮਦਦ ਨਾਲ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 2 ਹੋਰਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। 
ਡੀ. ਐੱਸ. ਪੀ. ਰਾਜਿੰਦਰ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਸਰਗਰਮ ਇਸ ਗਿਰੋਹ ਦੇ ਸਰਗਣੇ ਨਵਦੀਪ ਸਿੰਘ ਗੋਲਾ ਨਿਵਾਸੀ ਮਿਆਣੀ, ਸਵਤੰਤਰ ਕੁਮਾਰ ਮਨੂ ਪੁੱਤਰ ਰਜਿੰਦਰ ਸਿੰਘ ਵਾਸੀ ਵਾਰਡ ਨੰ. 6 ਮਿਆਣੀ, ਲਖਵਿੰਦਰ ਸਿੰਘ ਲਾਡੀ ਪੁੱਤਰ ਦੇਸ ਰਾਜ ਵਾਸੀ ਮਿਆਣੀ, ਕੁਲਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪੁਲਪੁਖਤਾ ਸ਼ਾਮਲ ਹਨ। ਪੁਲਸ ਨੇ ਗਿਰੋਹ ਦੇ ਸਰਗਣੇ ਨਵਦੀਪ ਸਿੰਘ ਗੋਲਾ ਅਤੇ ਲਖਵਿੰਦਰ ਸਿੰਘ ਲਾਡੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ 8 ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਹਨ। 
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦਸੂਹਾ ਦੇ ਮੁਖੀ ਗੋਬਿੰਦਰ ਕੁਮਾਰ ਅਤੇ ਏ. ਐੱਸ. ਆਈ. ਨਰਿੰਦਰਪਾਲ ਸਿੰਘ ਸਮੇਤ ਟੀਮ ਸ਼ਹਿਬਾਜ਼ਪੁਰ ਤੋਂ ਮਿਆਣੀ ਵੱਲ ਗਸ਼ਤ ਕਰ ਰਹੇ ਸਨ ਤਾਂ ਕਿਸੇ ਮੁਖਬਰ ਨੇ ਉਕਤ ਗਿਰੋਹ ਬਾਰੇ ਜਾਣਕਾਰੀ ਦਿੱਤੀ ਕਿ ਇਸ ਦੇ ਮੈਂਬਰ ਜ਼ਿਲੇ ਦੇ ਵੱਖ-ਵੱਖ ਸਥਾਨਾਂ ਤੋਂ ਮੋਟਰਸਾਈਕਲ ਚੋਰੀ ਕਰ ਕੇ ਉਨ੍ਹਾਂ 'ਤੇ ਜਾਅਲੀ ਨੰਬਰ ਲਾ ਕੇ ਵੇਚਦੇ ਹਨ। ਸੀ. ਆਈ. ਏ. ਸਟਾਫ਼ ਦੀ ਟੀਮ ਨੇ ਪੁਲਪੁਖਤਾ-ਮਿਆਣੀ ਮੋੜ ਕੋਲ ਕੀਤੀ ਨਾਕਾਬੰਦੀ ਦੌਰਾਨ ਉਕਤ ਦੋਵਾਂ ਦੋਸ਼ੀਆਂ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਬਾਅਦ ਵਿਚ ਪੁੱਛਗਿੱਛ ਦੌਰਾਨ ਗਿਰੋਹ ਦਾ ਪਰਦਾਫਾਸ਼ ਹੋਇਆ।
ਕੀ ਹੈ ਗਿਰੋਹ ਦੇ ਕੰਮ ਕਰਨ ਦਾ ਤਰੀਕਾ
ਗਿਰੋਹ ਦਾ ਸਰਗਣਾ ਨਵਦੀਪ ਗੋਲਾ ਚਿੱਟੇ ਦੇ ਕੇਸ ਵਿਚ 7 ਮਹੀਨੇ ਜੇਲ ਕੱਟ ਕੇ ਆਇਆ ਹੈ। ਗਿਰੋਹ ਵਿਚ ਸ਼ਾਮਲ ਸਾਰੇ ਮੈਂਬਰ ਨੌਜਵਾਨ ਹਨ, ਜੋ ਮਿਲ ਕੇ ਮੋਟਰਸਾਈਕਲ ਚੋਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਗਿਰੋਹ ਦੇ ਮੈਂਬਰ ਲਖਵਿੰਦਰ ਸਿੰਘ ਲਾਡੀ, ਜਿਸ ਦੀ ਮਿਆਣੀ ਵਿਚ ਮੋਟਰਸਾਈਕਲ ਰਿਪੇਅਰ ਦੀ ਵਰਕਸ਼ਾਪ ਹੈ, ਪਾਸੋਂ ਮੋਡੀਫਾਈ ਕਰਵਾਉਣ ਤੋਂ ਬਾਅਦ ਜਾਅਲੀ ਨੰਬਰ ਲਾ ਕੇ ਗਰੀਬ ਤੇ ਅਨਪੜ੍ਹ ਪਰਿਵਾਰਾਂ ਨੂੰ ਵੇਚ ਦਿੰਦੇ ਸਨ। ਮੁੱਢਲੀ ਪੁੱਛਗਿੱਛ ਦੌਰਾਨ ਗਿਰੋਹ ਨੇ ਟਾਂਡਾ ਤੋਂ ਇਲਾਵਾ ਚਿੰਤਪੂਰਨੀ, ਹੁਸ਼ਿਆਰਪੁਰ, ਬੁੱਲ੍ਹੋਵਾਲ, ਦਸੂਹਾ ਆਦਿ ਸਥਾਨਾਂ ਤੋਂ ਮੋਟਰਸਾਈਕਲ ਚੋਰੀ ਕਰਨੇ ਮੰਨੇ ਹਨ। ਡੀ. ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਦੋਸ਼ੀਆਂ ਪਾਸੋਂ 8 ਮੋਟਰਸਾਈਕਲ ਬਰਾਮਦ ਕੀਤੇ ਹਨ। ਬਾਕੀ ਬਚੇ ਦੋ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਤੇ ਪੁੱਛਗਿੱਛ ਦੌਰਾਨ ਗਿਰੋਹ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਅਤੇ ਐੱਸ. ਆਈ. ਗੋਬਿੰਦਰ ਕੁਮਾਰ ਵੀ ਮੌਜੂਦ ਸਨ।


Related News