ਐਕਸਪੋ 2020 ਦੁਬਈ ਵਿਸ਼ੇਸ਼ : 2.30 ਕਰੋੜ ਵਿਜ਼ੀਟਰਸ ਨਾਲ ਦੁਬਈ ਐਕਸਪੋ ਨੇ ਰਚਿਆ ਇਤਿਹਾਸ

Saturday, Apr 02, 2022 - 11:24 AM (IST)

ਐਕਸਪੋ 2020 ਦੁਬਈ ਵਿਸ਼ੇਸ਼ : 2.30 ਕਰੋੜ ਵਿਜ਼ੀਟਰਸ ਨਾਲ ਦੁਬਈ ਐਕਸਪੋ ਨੇ ਰਚਿਆ ਇਤਿਹਾਸ

ਪੰਜਾਬ : ਦੁਬਈ ’ਚ ਹੁਣੇ ਜਿਹੇ ਸੰਪੰਨ ਹੋਏ ਵਰਲਡ ਐਕਸਪੋ 2020 ’ਚ 2 ਕਰੋੜ 30 ਲੱਖ ਤੋਂ ਵੱਧ ਲੋਕਾਂ ਨੇ ਵਿਜ਼ਿਟ ਕੀਤਾ ਹੈ। ਵਿਜ਼ੀਟਰਸ ਦੀ ਗਿਣਤੀ ਦੇ ਲਿਹਾਜ਼ ਨਾਲ ਦੁਬਈ ਐਕਸਪੋ ਨੇ ਮਿਲਾਨ ’ਚ 2015 ਵਿਚ ਹੋਏ ਵਰਲਡ ਐਕਸਪੋ ਨੂੰ ਪਿੱਛੇ ਛੱਡ ਦਿੱਤਾ ਹੈ। ਮਿਲਾਨ ਐਕਸਪੋ ’ਚ 2.15 ਕਰੋੜ ਲੋਕਾਂ ਨੇ ਵਿਜ਼ਿਟ ਕੀਤਾ ਸੀ।

ਹਾਸਲ ਕੀਤਾ ਵਿਜ਼ੀਟਰਸ ਦਾ ਟੀਚਾ

ਇਹ ਐਕਸਪੋ ਦੁਬਈ ’ਚ 2020 ਵਿਚ ਹੋਣਾ ਤੈਅ ਹੋਇਆ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਦਾ ਆਯੋਜਨ 1 ਅਕਤੂਬਰ 2021 ਤੋਂ ਲੈ ਕੇ 31 ਮਾਰਚ 2022 ਦਰਮਿਆਨ ਕੀਤਾ ਗਿਆ ਅਤੇ 31 ਮਾਰਚ ਨੂੰ ਇਕ ਸ਼ਾਨਦਾਰ ਸਮਾਗਮ ਦੇ ਨਾਲ ਇਸ ਦੀ ਸਮਾਪਤੀ ਹੋਈ। ਐਕਸਪੋ ਦੇ ਆਖਰੀ ਦਿਨ ਤਕ 2 ਕਰੋੜ 30 ਲੱਖ ਤੋਂ ਵੱਧ ਲੋਕ ਇਸ ਵਿਚ ਵਿਜ਼ਿਟ ਕਰ ਚੁੱਕੇ ਸਨ। ਹਾਲਾਂਕਿ ਵਿਜ਼ੀਟਰਸ ਦਾ ਅੰਤਿਮ ਅੰਕੜਾ ਬਾਅਦ ’ਚ ਆਏਗਾ ਪਰ ਇਸ ਐਕਸਪੋ ਦੇ ਆਯੋਜਕਾਂ ਵੱਲੋਂ ਨਿਰਧਾਰਤ ਕੀਤੇ ਗਏ ਵਿਜ਼ੀਟਰਸ ਦੇ ਟੀਚੇ ਨੂੰ ਹਾਸਲ ਕਰ ਲਿਆ ਗਿਆ ਹੈ।

ਐਕਸਪੋ ਦਾ ਥੀਮ ‘ਕੁਨੈਕਟਿੰਗ ਮਾਈਂਡਸ, ਕ੍ਰਿਏਟਿੰਗ ਫਿਊਚਰ’ ਰੱਖਿਆ ਗਿਆ ਸੀ ਅਤੇ ਐਕਸਪੋ ’ਚ ਮੌਜੂਦਾ ਦੌਰ ਵਿਚ ਕੀਤੇ ਜਾ ਰਹੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ।

ਮੀਰਾ ਸਿੰਘ ਦੀ ਪ੍ਰਫਾਰਮੈਂਸ ਨੇ ਜਿੱਤਿਆ ਦਿਲ

ਦੁਬਈ ਐਕਸਪੋ ਦੇ ਸਮਾਪਤੀ ਸਮਾਗਮ ਦੌਰਾਨ 11 ਸਾਲਾ ਬਾਲ ਮਾਡਲ ਮੀਰਾ ਸਿੰਘ ਦੀ ਪ੍ਰਫਾਰਮੈਂਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਬੇਲਾਰੂਸੀ ਮਾਂ ਤੇ ਭਾਰਤੀ ਪਿਤਾ ਦੀ ਔਲਾਦ ਇਸ ਬੱਚੀ ਨੇ ਅਮੀਰਾਤ ਦਾ ਪਹਿਰਾਵਾ ਪਹਿਨਿਆ ਹੋਇਆ ਸੀ ਅਤੇ ਦੁਨੀਆ ਤੋਂ ਦੁਬਈ ਦੀਆਂ ਉਮੀਦਾਂ ਨੂੰ ਪ੍ਰਗਟ ਕਰ ਰਹੀ ਸੀ।

PunjabKesari

ਕ੍ਰਿਸਟੀਨ ਐਗੁਲੇਰਾ ਤੇ ਯੋ-ਯੋ ਮਾ ਦੀ ਪ੍ਰਫਾਰਮੈਂਸ ਨਾਲ ਹੋਈ ਵਰਲਡ ਐਕਸਪੋ ਦੀ ਸਮਾਪਤੀ

ਐਕਸਪੋ ਦੇ ਸਮਾਪਤੀ ਸਮਾਗਮ ਦੌਰਾਨ ਕ੍ਰਿਸਟੀਨਾ ਐਗੁਲੇਰਾ ਤੇ ਯੋ-ਯੋ ਮਾ ਦੇ ਪ੍ਰਸਿੱਧ ਮਿਊਜ਼ਿਕ ਗਰੁੱਪ ਨੇ ਸ਼ਾਨਦਾਰ ਪੇਸ਼ਕਾਰੀ ਨਾਲ ਉੱਥੇ ਮੌਜੂਦ ਲੋਕਾਂ ਦਾ ਦਿਲ ਛੂਹ ਲਿਆ। ਇਹ ਮਿਊਜ਼ਿਕ ਸ਼ੋਅ ਦੁਬਈ ਐਕਸਪੋ ’ਚ ਲਾਈਆਂ ਗਈਆਂ 20 ਤੋਂ ਵੱਧ ਵੱਡੀਆਂ ਸਕ੍ਰੀਨਾਂ ’ਤੇ ਲਾਈਵ ਵੀ ਵਿਖਾਇਆ ਗਿਆ।

PunjabKesari

ਸਮਾਗਮ ’ਚ ਰਾਸ਼ਟਰੀ ਗੀਤ ਦੀ ਧੁਨ

ਦੁਬਈ ਐਕਸਪੋ ਦੇ ਸਮਾਪਤੀ ਸਮਾਗਮ ਦੌਰਾਨ ਯੂ. ਏ. ਈ. ਦੇ ਰਾਸ਼ਟਰੀ ਗੀਤ ਦੀ ਧੁਨ ’ਤੇ ਬੱਚਿਆਂ ਨੇ ਪ੍ਰਫਾਰਮ ਕੀਤਾ ।

ਭਾਰਤੀ ਪੈਵੇਲੀਅਨ ਨੇ ਟਾਪ-3 ’ਚ ਆ ਕੇ ਰਚਿਆ ਇਤਿਹਾਸ

ਦੁਬਈ ਐਕਸਪੋ ’ਚ ਬਣਾਏ ਗਏ ਭਾਰਤੀ ਪੈਵੇਲੀਅਨ ਨੂੰ ਇਸ ਦੇ ਡਿਜ਼ਾਈਨ ਤੇ ਇਨੋਵੇਸ਼ਨ ਲਈ ‘ਪੀਪਲਜ਼ ਚੁਆਇਸ’ ਕੈਟਾਗਰੀ ’ਚ ਤੀਜਾ ਸਥਾਨ ਮਿਲਿਆ ਹੈ। ਵਰਲਡ ਐਕਸਪੋ ਦੇ ਇਤਿਹਾਸ ’ਚ ਪਹਿਲੀ ਵਾਰ ਭਾਰਤੀ ਪੈਵੇਲੀਅਨ ਨੂੰ ਇਹ ਪ੍ਰਾਪਤੀ ਹਾਸਲ ਹੋਈ ਹੈ। ਪਿਛਲੇ ਸਾਲ ਨਵੰਬਰ ਵਿਚ ਅਮੇਰਿਕਨ ਇੰਸਟੀਚਿਊਟ ਆਫ ਆਰਕੀਟੈਕਟ ਵੱਲੋਂ ਭਾਰਤੀ ਪੈਵੇਲੀਅਨ ਨੂੰ ਮੋਸਟ ਆਈਕਾਨਿਕ ਪੈਵੇਲੀਅਨ ਦਾ ਐਵਾਰਡ ਵੀ ਦਿੱਤਾ ਗਿਆ ਸੀ। ਭਾਰਤੀ ਪੈਵੇਲੀਅਨ ’ਚ 17 ਲੱਖ ਤੋਂ ਵੱਧ ਲੋਕਾਂ ਨੇ ਵਿਜ਼ਿਟ ਕੀਤਾ ਹੈ।

ਇੰਡੀਆ ਪੈਵੇਲੀਅਨ

ਐਕਸਪੋ-2020 ’ਚ ਭਾਰਤ ਦੇ ਪੈਵੇਲੀਅਨ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਇਹ ਪੈਵੇਲੀਅਨ ‘ਓਪਨਨੈੱਸ, ਅਪਾਰਚੂਨਿਟੀ ਤੇ ਗ੍ਰੋਥ’ ਨੂੰ ਦਰਸਾਉਂਦਾ ਹੈ ਜਿਵੇਂ ਕਿ ਇਸ ਦਾ ਥੀਮ ਵੀ ਹੈ। ਇਸ ਪੈਵੇਲੀਅਨ ’ਚ ਨਵੇਂ ਭਾਰਤ ਦੀ ਗੱਲ ਹੈ। ਇੱਥੇ 4 ਫਲੋਰ ਹਨ ਅਤੇ ਹਰੇਕ ਫਲੋਰ ’ਤੇ ਭਾਰਤ ਦਾ ਹਰ ਰੰਗ ਵਿਖਾਇਆ ਗਿਆ ਹੈ। ਇੱਥੇ ਆਯੁਰਵੇਦ, ਯੋਗ ਤੇ ਸਪੇਸ ਪ੍ਰੋਗਰਾਮ ਵਿਖਾਏ ਗਏ ਹਨ। ਇਸ ਬਿਲਡਿੰਗ ਦਾ ਬਾਹਰਲਾ ਹਿੱਸਾ 600 ਵੱਖ-ਵੱਖ ਬਲਾਕਸ (ਸਕਰੀਨਸ) ਦਾ ਬਣਾਇਆ ਗਿਆ ਹੈ, ਜੋ ਕਿ ਰੋਟੇਟ ਕਰਦੇ ਹਨ।

ਸੁਸਵਾਗਤਮ

ਭਾਰਤ ਦੇ ਪੈਵੇਲੀਅਨ ਨੂੰ ਬੇਹੱਦ ਪਸੰਦ ਕੀਤਾ ਗਿਆ ਹੈ। ਇੱਥੇ ਗੱਲ ਸਿਰਫ ਭਾਰਤੀਆਂ ਦੀ ਨਹੀਂ ਹੋ ਰਹੀ, ਸਗੋਂ ਵਿਦੇਸ਼ੀਆਂ ਦੀ ਵੀ ਹੋ ਰਹੀ ਹੈ।

ਹੁਣ ਤਕ ਭਾਰਤੀ ਪੈਵੇਲੀਅਨ ’ਚ 1.7 ਮਿਲੀਅਨ ਤੋਂ ਵੱਧ ਲੋਕ ਵਿਜ਼ਿਟ ਕਰ ਚੁੱਕੇ ਹਨ। 600 ਰੋਟੇਟਿੰਗ ਸਕਰੀਨਸ ’ਤੇ ਭਾਰਤ ਦੀ ਗੱਲ

ਭਾਰਤੀ ਪੈਵੇਲੀਅਨ ਦੀ ਬਿਲਡਿੰਗ ਦੇ ਫਰੰਟ ’ਤੇ 600 ਰੋਟੇਟਿੰਗ ਸਕਰੀਨਸ ਲਾਈਆਂ ਗਈਆਂ ਹਨ, ਜੋ ਕਿ ਭਾਰਤ ਦੇ 75 ਸਾਲ ਦੇ ਸਫਰ ਨੂੰ ਬਿਆਨ ਕਰਦੀਆਂ ਹਨ। ਇਨ੍ਹਾਂ ਸਕਰੀਨਸ ’ਤੇ ਲਗਾਤਾਰ ਤਬਦੀਲੀ ਸਮੇਤ ਭਾਰਤ ਦੀਆਂ ਕਈ ਹੋਰ ਕਹਾਣੀਆਂ ਵੀ ਬਿਆਨ ਕੀਤੀਆਂ ਜਾ ਰਹੀਆਂ ਹਨ।

PunjabKesari

ਐਕਸਪੋ ਦੌਰਾਨ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਝੰਡੇ ਦਰਸਾਉਂਦੀ ਤਸਵੀਰ

PunjabKesari

ਇਹ ਅੰਤ ਨਹੀਂ, ਨਵੇਂ ਯੁੱਗ ਦੀ ਸ਼ੁਰੂਆਤ : ਮੁਹੰਮਦ ਬਿਨ ਰਾਸ਼ਿਦ

ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਸਮਾਪਤੀ ਸਮਾਗਮ ਦੌਰਾਨ ਪ੍ਰਸਾਰਿਤ ਆਪਣੇ ਸੁਨੇਹੇ ਵਿਚ ਕਿਹਾ ਕਿ ਦੁਬਈ ਐਕਸਪੋ ਦੀ ਸਫਲਤਾ ਨੇ ਨਾ ਸਿਰਫ ਦੁਬਈ ਲਈ, ਸਗੋਂ ਦੁਨੀਆ ਲਈ ਵੀ ਭਵਿੱਖ ਦੇ ਤੇ ਨਵੀਂ ਸ਼ੁਰੂਆਤ ਦੇ ਦਰਵਾਜ਼ੇ ਖੋਲ੍ਹੇ ਹਨ। ਇਸ ਐਕਸਪੋ ਦੌਰਾਨ ਅਸੀਂ ਦੁਨੀਆ ਦੀ ਸਰਲਤਾ ਦੀ ਵੱਖਰੀ ਤਸਵੀਰ ਦੁਨੀਆ ਨੂੰ ਵਿਖਾਈ ਹੈ। ਇਸ ਐਕਸਪੋ ਨੇ ਵੈਸ਼ਵਿਕ ਸਮਾਜ ਦੇ ਦਿਲੋ-ਦਿਮਾਗ ਨੂੰ ਛੂਹਿਆ ਹੈ। ਸਾਡੇ ਬੇਟਿਆਂ ਤੇ ਬੇਟੀਆਂ ਨੇ ਇਸ ਐਕਸਪੋ ਦੌਰਾਨ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ ਅਤੇ ਦੁਨੀਆ ਨੂੰ ਦੱਸਿਆ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਨ। 182 ਦਿਨ ਚੱਲੇ ਇਸ ਆਯੋਜਨ ਦੇ ਹਰ ਪਲ ਦੌਰਾਨ ਅਸੀਂ ਆਪਣੀ ਮੇਜ਼ਬਾਨੀ ਨਾਲ ਅਤੇ ਆਪਣੇਪਨ ਨਾਲ ਦੁਨੀਆ ਦਾ ਦਿਲ ਜਿੱਤਿਆ ਹੈ। ਅੱਜ ਇਸ ਐਕਸਪੋ ਦਾ ਅੰਤ ਨਹੀਂ ਹੋਣ ਜਾ ਰਿਹਾ, ਸਗੋਂ ਇਹ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਸੰਯੁਕਤ ਅਰਬ ਅਮੀਰਾਤ ਭਵਿੱਖ ਵਿਚ ਵੀ ਵਿਲੱਖਣ ਹੁਨਰਾਂ ਨਾਲ ਸੰਪਰਕ ’ਚ ਰਹੇਗਾ ਅਤੇ ਦੁਨੀਆ ਦੀ ਬਿਹਤਰੀ ਲਈ ਨਵੀਆਂ-ਨਵੀਆਂ ਖੋਜਾਂ ’ਚ ਮਦਦ ਕਰਦਾ ਰਹੇਗਾ।

PunjabKesari

ਓਸਾਕਾ ’ਚ ਹੋਵੇਗਾ 2025 ਵਰਲਡ ਐਕਸਪੋ

ਦੁਬਈ ਐਕਸਪੋ ਦੇ ਸਮਾਪਤੀ ਸਮਾਗਮ ਦੌਰਾਨ ਜਾਪਾਨ ਦੇ ਓਸਾਕਾ ’ਚ 2025 ਵਿਚ ਕਰਵਾਏ ਜਾਣ ਵਾਲੇ ਅਗਲੇ ਵਰਲਡ ਐਕਸਪੋ ਲਈ ਬਿਊਰੋ ਆਫ ਇੰਟਰਨੈਸ਼ਨਲ ਐਕਸਪੋ ਦਾ ਝੰਡਾ ਜਾਪਾਨ ਦੇ ਮੰਤਰੀ ਵਾਕਾਮੀਆਂ ਕਿੰਜੀ ਨੂੰ ਦਿੱਤਾ ਗਿਆ।

PunjabKesari

ਦੁਬਈ ਐਕਸਪੋ–ਇਕ ਨਜ਼ਰ

182 ਦਿਨਾਂ ਦਾ ਈਵੈਂਟ

192 ਹਿੱਸਾ ਲੈਣ ਵਾਲੇ ਦੇਸ਼

96 ਲੋਕੇਸ਼ਨਜ਼

30000 ਤੋਂ ਵੱਧ ਪ੍ਰਫਾਰਮੈਂਸ

4000 ਤੋਂ ਵੱਧ ਕਰਮਚਾਰੀ ਤੇ ਕਾਂਟ੍ਰੈਕਟਰ


author

Anuradha

Content Editor

Related News