ਪ੍ਰਾਪਰਟੀ ਖਰੀਦਣਾ ਹੋਇਆ ਮਹਿੰਗਾ, ਕੁਲੈਕਟਰ ਰੇਟ ’ਚ ਕੀਤਾ ਗਿਆ 5 ਫੀਸਦੀ ਦਾ ਵਾਧਾ
Thursday, Apr 01, 2021 - 03:52 AM (IST)
ਜਲੰਧਰ, (ਚੋਪੜਾ)–ਜਲੰਧਰ ਵਿਚ ਹੁਣ ਪ੍ਰਾਪਰਟੀ ਖਰੀਦਣਾ ਮਹਿੰਗਾ ਹੋ ਜਾਵੇਗਾ ਕਿਉਂਕਿ ਜ਼ਿਲਾ ਪ੍ਰਸ਼ਾਸਨ ਨੇ 1 ਅਪ੍ਰੈਲ ਤੋਂ ਰਿਹਾਇਸ਼ੀ, ਕਮਰਸ਼ੀਅਲ, ਐਗਰੀਕਲਚਰ ਅਤੇ ਇੰਡਸਟਰੀਅਲ ਸਮੇਤ ਹਰੇਕ ਤਰ੍ਹਾਂ ਦੀ ਪ੍ਰਾਪਰਟੀ ’ਤੇ ਫਲੈਟ 5 ਫੀਸਦੀ ਕੁਲੈਕਟਰ ਰੇਟ ਵਧਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਦੇ ਰੈਵੇਨਿਊ ਵਿਚ ਵਾਧੇ ਨੂੰ ਲੈ ਕੇ ਪਿਛਲੇ ਕਈ ਹਫਤਿਆਂ ਤੋਂ ਕੁਲੈਕਟਰ ਰੇਟਾਂ ਨੂੰ ਰਿਵਾਈਜ਼ ਕਰਨ ਲਈ ਰੈਵੇਨਿਊ ਅਧਿਕਾਰੀ ਕੰਮ ਕਰ ਰਹੇ ਸਨ। ਸ਼ਹਿਰੀ ਅਤੇ ਦਿਹਾਤੀ ਏਰੀਏ ਦੀ ਪ੍ਰਾਪਰਟੀ ਦੇ ਰੇਟਾਂ ਨੂੰ ਰਿਵਾਈਜ਼ ਕਰਨ ਲਈ ਕਈ ਪ੍ਰਪੋਜ਼ਲਾਂ ਨੂੰ ਦੇਖਦੇ ਹੋਏ ਆਖਿਰਕਾਰ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਪ੍ਰਾਪਰਟੀ ਦੀ ਰਜਿਸਟਰੀ ’ਤੇ ਕੁਲੈਕਟਰ ਰੇਟਾਂ ਵਿਚ ਇਕ ਸਮਾਨ ਵਾਧਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਵੀ ਪੜੋ -ਜਲੰਧਰ ਦੇ ਪੀ.ਏ.ਪੀ. ਗੇਟ 'ਤੇ ਚੱਲੀ ਗੋਲੀ ਦੀ ਵੀਡੀਓ ਆਈ ਸਾਹਮਣੇ
ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ 1 ਅਪ੍ਰੈਲ ਤੋਂ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਨਾਲ ਸਬੰਧਤ ਸਾਰੇ ਇਲਾਕਿਆਂ ਵਿਚ ਨਵੇਂ ਕੁਲੈਕਟਰ ਰੇਟ ਲਾਗੂ ਕਰ ਦਿੱਤੇ ਗਏ ਹਨ। ਅੱਜ ਤੋਂ ਲੋਕਾਂ ਨੂੰ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਲਈ ਪਹਿਲਾਂ ਤੋਂ ਪੈਸੇ ਖਰਚਣੇ ਪੈਣਗੇ। ਜ਼ਿਕਰਯੋਗ ਹੈ ਕਿਜ਼ਿਲਾ ਪ੍ਰਸ਼ਾਸਨ ਹਸ ਸਾਲ ਕੁਲੈਕਟਰ ਰੇਟਾਂ ਨੂੰ ਰਿਵਾਇਜ਼ ਕਰਦਾ ਹੈ ਪਰ ਕੋਰੋਨਾ ਮਹਾਮਾਰੀ ਕਾਰਣ ਲੋਕਾਂ ਨੂੰ ਰਾਹਤ ਦੇਣ ਲਈ ਪਿਛਲੇ ਸਾਲ ਕੁਲੈਕਟਰ ਰੇਟਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ।
ਇਹ ਵੀ ਪੜੋ - ਦੁਨੀਆ ਦੀ ਕਰੀਬ ਅੱਧੀ ਵ੍ਹਿਸਕੀ ਦੀ ਖਪਤ ਭਾਰਤ 'ਚ, ਸਭ ਤੋਂ ਵਧ ਵਿਕਣ ਵਾਲੇ 10 'ਚੋਂ 7 ਬ੍ਰਾਂਡ ਭਾਰਤ ਦੇ
ਨਵੇਂ ਕੁਲੈਕਟਰ ਰੇਟ ਦਾ ਗਣਿਤ, ਕਿਵੇਂ ਅਤੇ ਕਿੰਨੀ ਅਸ਼ਟਾਮ ਡਿਊਟੀ, ਰਜਿਸਟਰੀ ਫੀਸ ਅਤੇ ਪੀ. ਆਈ. ਡੀ. ਬੀ. ਫੀਸ ਦਾ ਬੋਝ ਵਧਿਆ
ਕੁਲੈਕਟਰ ਰੇਟਾਂ ਨਾਲ ਮਹਿੰਗੀ ਹੋਈ ਰਜਿਸਟਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇ ਕਿਸੇ ਰਿਹਾਇਸ਼ੀ ਇਲਾਕੇ ਵਿਚ ਪ੍ਰਾਪਰਟੀ ਦੇ ਕੁਲੈਕਟਰ ਰੇਟ ਪਹਿਲਾਂ 1 ਲੱਖ ਰੁਪਏ ਮਰਲਾ ਸਨ ਅਤੇ 5 ਮਰਲੇ ਤੱਕ ਪਲਾਟ ਦੇ 5 ਲੱਖ ਰੁਪਏ ’ਤੇ ਪਹਿਲਾਂ ਕੁਲੈਕਟਰ ਰੇਟ ਮੁਤਾਬਕ 30 ਹਜ਼ਾਰ ਰੁਪਏ ਦੀ ਅਸ਼ਟਾਮ ਡਿਊਟੀ ਲੱਗਦੀ ਸੀ ਪਰ ਹੁਣ ਅਸ਼ਟਾਮ ਡਿਊਟੀ ਵਧ ਕੇ 31,500 ਰੁਪਏ ਹੋ ਜਾਵੇਗੀ।
ਇਸੇ ਤਰ੍ਹਾਂ ਰਜਿਸਟਰੀ ਫੀਸ ਇੰਨੀ ਰਕਮ ਦੀ ਪ੍ਰਾਪਰਟੀ ’ਤੇ 5 ਹਜ਼ਾਰ ਰੁਪਏ ਹੁੰਦੀ ਸੀ ਪਰ ਹੁਣ 5250 ਰੁਪਏ ਹੋਵੇਗੀ। ਇਸ ਤੋਂ ਇਲਾਵਾ ਇਨਫਰਾਸਟਰੱਕਟਰ ਡਿਵੈੱਲਪਮੈਂਟ ਬੋਰਡ ਫੀਸ (ਪੀ. ਆਈ. ਡੀ. ਬੀ.) ਵੀ 5 ਹਜ਼ਾਰ ਰੁਪਏ ਤੋਂ ਵੱਧ ਕੇ 5250 ਰੁਪਏ ਹੋ ਗਈ ਹੈ, ਜਿਸ ’ਤੇ ਹਰੇਕ ਪ੍ਰਾਪਰਟੀ ਖਰੀਦਦਾਰ ਨੂੰ 5 ਲੱਖ ਰੁਪਏ ਤੱਕ ਦੇ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਪਹਿਲਾਂ ਜਿਥੇ 40 ਹਜ਼ਾਰ ਰੁਪਏ ਅਦਾ ਕਰਨੇ ਪੈਂਦੇ ਸਨ, ਉਥੇ ਹੁਣ ਨਵੇਂ ਕੁਲੈਕਟਰ ਰੇਟ ’ਤੇ 2 ਹਜ਼ਾਰ ਰੁਪਏ ਜ਼ਿਆਦਾ ਦੇ ਹਿਸਾਬ ਨਾਲ 42 ਹਜ਼ਾਰ ਰੁਪਏ ਸਰਕਾਰ ਨੂੰ ਦੇਣੇ ਹੋਣਗੇ। ਕੁਲੈਕਟਰ ਰੇਟ ਵਧਣ ਨਾਲ ਲਗਭਗ 8 ਕਰੋੜ ਰੁਪਏ ਸਾਲਾਨਾ ਆਮਦਨੀ ਵਧੇਗੀ
ਇਹ ਵੀ ਪੜੋ -ਕੋਰੋਨਾ ਨੂੰ ਲੈ ਕੇ ਕੈਪਟਨ ਦੀ ਚਿਤਾਵਨੀ, ਸਥਿਤੀ ਨਾਂ ਸੁਧਰੀ ਤਾਂ ਲਾਗੂ ਹੋਣਗੀਆਂ ਹੋਰ ਸਖ਼ਤ ਪਾਬੰਦੀਆਂ
ਸਬ-ਰਜਿਸਟਰਾਰ-1 ਅਤੇ 2 ਨਾਲ ਸਬੰਧਤ 17 ਏਰੀਏ ਦੇ ਕੁਲੈਕਟਰ ਰੇਟਾਂ ਦੀ ਅਸਮਾਨਤਾ ਨੂੰ ਵੀ ਕੀਤਾ ਇਕ ਸਮਾਨ
ਡਿਪਟੀ ਕਮਿਸ਼ਨਰ ਵੱਲੋਂ ਨਵੇਂ ਕੁਲੈਕਟਰ ਰੇਟ ਲਾਗੂ ਕਰਨ ਦੌਰਾਨ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਦੇ ਅਧਿਕਾਰ ਖੇਤਰ ਅਧੀਨ ਆਉਂਦੇ 17 ਅਜਿਹੇ ਏਰੀਏ ਦੇ ਕੁਲੈਕਟਰ ਰੇਟਾਂ ਦੀ ਅਸਮਾਨਤਾ ਨੂੰ ਖਤਮ ਕਰਦੇ ਹੋਏ ਦੋਵਾਂ ਤਹਿਸੀਲਾਂ ਅਧੀਨ ਆਉਂਦੇ ਅਜਿਹੇ ਏਰੀਏ ਵਿਚ ਕੁਲੈਕਟਰ ਰੇਟ ਇਕ ਸਮਾਨ ਕਰ ਦਿੱਤੇ ਹਨ।
ਸ਼ਹਿਰ ਨਾਲ ਸਬੰਧਤ ਇਨ੍ਹਾਂ 17 ਏਰੀਏ ਵਿਚ ਸ਼ਾਮਲ ਆਦਰਸ਼ ਨਗਰ, ਜੇ. ਪੀ. ਨਗਰ, ਐੱਫ. ਸੀ. ਆਈ. ਕਾਲੋਨੀ, ਗੁਰੂ ਗੋਬਿੰਦ ਸਿੰਘ ਨਗਰ, ਅਵਤਾਰ ਨਗਰ, ਸ਼ਹੀਦ ਬਾਬੂ ਲਾਭ ਸਿੰਘ, ਹਰਦੇਵ ਨਗਰ, ਨਵੀਂ ਸਬਜ਼ੀ ਮੰਡੀ, ਫੋਕਲ ਪੁਆਇੰਟ, ਕਾਲੀਆ ਕਾਲੋਨੀ, ਰਾਜ ਨਗਰ, ਮਧੂਬਨ ਕਾਲੋਨੀ, ਟਰਾਂਸਪੋਰਟ ਨਗਰ, ਵਿਜੇ ਨਗਰ, ਨਿਜ਼ਾਤਮ ਨਗਰ, ਬਸਤੀਆਂ ਰੋਡ ਅਤੇ ਇੰਡਸਟਰੀਅਲ ਯੂਨਿਟ ਦੇ ਏਰੀਏ ਅਜਿਹੇ ਹਨ, ਜਿਨ੍ਹਾਂ ਦਾ ਕੁਝ ਹਿੱਸਾ ਸਬ-ਰਜਿਸਟਰਾਰ-1 ਅਤੇ ਕੁਝ ਹਿੱਸਾ ਸਬ-ਰਜਿਸਟਰਾਰ-2 ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਪਰ 2 ਤਹਿਸੀਲਾਂ ਵਿਚ ਆਉਣ ਦੇ ਕਾਰਣ ਇਕ ਹੀ ਕਾਲੋਨੀ ਵਿਚ ਸ਼ਾਮਲ ਰਿਹਾਇਸ਼ੀ ਅਤੇ ਕਮਰਸ਼ੀਅਲ ਦੇ ਕੁਲੈਕਟਰ ਰੇਟਾਂ ਵਿਚ ਕਾਫੀ ਅੰਤਰ ਸੀ। ਇਸ ਕਾਰਣ ਕੁਝ ਲੋਕ ਅਰਜ਼ੀ ਨਵੀਸਾਂ ਨਾਲ ਮਿਲੀਭੁਗਤ ਕਰ ਕੇ ਸਬ-ਰਜਿਸਟਰਾਰ-1 ਨਾਲ ਸਬੰਧਤ ਖੇਤਰ ਦੀ ਰਜਿਸਟਰੀ ਸਬ-ਰਜਿਸਟਰਾਰ-2 ਦੇ ਅਧਿਕਾਰ ਖੇਤਰ ਦੀ ਕਹਿ ਕੇ ਕਰਵਾ ਲੈਂਦੇ ਸਨ, ਜਿਸ ਕਾਰਣ ਸਰਕਾਰ ਨੂੰ ਮਾਲੀਏ ਦਾ ਚੂਨਾ ਲਗਾਇਆ ਜਾ ਰਿਹਾ ਸੀ ਪਰ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅਜਿਹੇ ਸਾਰੇ ਏਰੀਏ ਦੇ ਕਮਰਸ਼ੀਅਲ ਅਤੇ ਰਿਹਾਇਸ਼ੀ ਕੁਲੈਕਟਰ ਰੇਟਾਂ ਵਿਚ ਪਾਈ ਜਾਣ ਵਾਲੀ ਅਸਮਾਨਤਾ ਨੂੰ ਖਤਮ ਕਰ ਕੇ ਦੋਵਾਂ ਤਹਿਸੀਲਾਂ ਦੇ ਕੁਲੈਕਟਰ ਰੇਟ ਇਕ ਸਮਾਨ ਕਰ ਦਿੱਤੇ ਹਨ, ਜਿਵੇਂ ਕਿ ਬਸਤੀਆਂ ਰੋਡ ਜੋ ਕਿ ਸਬ-ਰਜਿਸਟਰਾਰ-1 ਅਤੇ 2 ਦੋਵਾਂ ਦੇ ਵਿਚਕਾਰ ਆਉਂਦਾ ਹੈ, ਉਥੇ ਕੁਲੈਕਟਰ ਰੇਟਾਂ ਵਿਚ ਭਾਰੀ ਅਸਮਾਨਤਾ ਸੀ।
ਬਸਤੀਆਂ ਰੋਡ ਵਿਚ ਰਿਹਾਇਸ਼ੀ ਪ੍ਰਾਪਰਟੀ ਦਾ ਸਬ-ਰਜਿਸਟਰਾਰ-1 ਵਿਚ ਕੁਲੈਕਟਰ ਰੇਟ 484500 ਰੁਪਏ ਅਤੇ ਕਮਰਸ਼ੀਅਲ ਪ੍ਰਾਪਰਟੀ ਦਾ ਕੁਲੈਕਟਰ ਰੇਟ 726800 ਰੁਪਏ ਸੀ, ਜਦਕਿ ਇਸ ਏਰੀਏ ਦਾ ਜੋ ਹਿੱਸਾ ਸਬ-ਰਜਿਸਟਰਾਰ-2 ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਉਥੇ ਹੀ ਰਿਹਾਇਸ਼ੀ ਪ੍ਰਾਪਰਟੀ ਦਾ ਕੁਲੈਕਟਰ ਰੇਟ 161500 ਅਤੇ ਕਮਰਸ਼ੀਅਲ ਪ੍ਰਾਪਰਟੀ ਦਾ ਰੇਟ 403800 ਸੀ ਪਰ ਡਿਪਟੀ ਕਮਿਸ਼ਨਰ ਨੇ ਇਕ ਏਰੀਏ ਵਿਚ 2-2 ਕੁਲੈਕਟਰ ਰੇਟਾਂ ਵਿਚ ਭਾਰੀ ਅੰਤਰ ਨੂੰ ਖਤਮ ਕਰਦੇ ਹੋਏ ਸਬ-ਰਜਿਸਟਰਾਰ-2 ਅਧੀਨ ਆਉਂਦੇ ਬਸਤੀਆਂ ਰੋਡ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਕੁਲੈਕਟਰ ਰੇਟਾਂ ਵਿਚ 323000 ਰੁਪਏ ਦਾ ਵਾਧਾ ਕਰ ਕੇ ਤਹਿਸੀਲ-1 ਦੇ ਬਰਾਬਰ ਕਰ ਦਿੱਤਾ ਹੈ। ਇਸੇ ਤਰ੍ਹਾਂ ਬਾਕੀ 16 ਖੇਤਰਾਂ ਵਿਚ ਵੱਖ-ਵੱਖ ਪੱਧਰ ’ਤੇ ਕੁਲੈਕਟਰ ਰੇਟਾਂ ਵਿਚ ਵਾਧਾ ਕਰਦੇ ਹੋਏ ਉਨ੍ਹਾਂ ਨੂੰ ਇਕ ਸਮਾਨ ਕਰ ਦਿੱਤਾ ਹੈ।
ਨਵੇਂ ਕੁਲੈਕਟਰ ਰੇਟਾਂ ਤੋਂ ਪਹਿਲਾਂ ਹੀ ਕੋਰੋਨਾ ਕਾਲ ਦੀ ਮਾਰ ਝੱਲ ਰਹੇ ਪ੍ਰਾਪਰਟੀ ਕਾਰੋਬਾਰ ਵਿਚ ਵਧੇਗੀ ਮੰਦੀ : ਇਕਬਾਲ ਸਿੰਘ ਅਰਨੇਜਾ
ਸ਼ਹਿਰ ਦੇ ਪ੍ਰਸਿੱਧ ਰੀਅਲ ਅਸਟੇਟ ਕਾਰੋਬਾਰੀ ਇਕਬਾਲ ਸਿੰਘ ਅਰਨੇਜਾ (ਸੈਫਰਨ ਮਾਲ) ਨੇ ਕਿਹਾ ਕਿ ਪ੍ਰਾਪਰਟੀ ਕਾਰੋਬਾਰ ਪਿਛਲੇ ਕੁਝ ਸਾਲਾਂ ਤੋਂ ਮੰਦੀ ਦੀ ਮਾਰ ਝੱਲ ਰਿਹਾ ਹੈ ਪਰ ਕੋਰੋਨਾ ਕਾਲ ਕਾਰਣ ਪਿਛਲੇ ਇਕ ਸਾਲ ਤੋਂ ਪ੍ਰਾਪਰਟੀ ਕਾਰੋਬਾਰੀ ਦੀ ਕਮਰ ਵੀ ਟੁੱਟ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਨਵੇਂ ਕੁਲੈਕਟਰ ਰੇਟਾਂ ਕਾਰਣ ਪ੍ਰਾਪਰਟੀ ਕਾਰੋਬਾਰ ਹੋਰ ਵੀ ਬੁਰੇ ਦੌਰ ਵਿਚੋਂ ਗੁਜ਼ਰੇਗਾ। ਸੀਮੈਂਟ, ਸਰੀਏ, ਸਟੀਲ, ਰੇਤਾ ਅਤੇ ਬੱਜਰੀ ਸਮੇਤ ਹਰੇਕ ਵਸਤੂ ’ਤੇ ਮਹਿੰਗਾਈ ਦੀ ਮਾਰ ਪਈ ਹੈ, ਜਿਸ ਕਾਰਣ ਆਮ ਲੋਕਾਂ ਲਈ ਆਪਣਾ ਘਰ ਬਣਾਉਣਾ ਇਕ ਸੁਪਨਾ ਹੋ ਗਿਆ ਹੈ।
ਨੋਟ-ਕੁਮੈਂਟ ਕਰ ਕੇ ਦੱਸੋ ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ।