OLX ਤੋਂ ਕਾਰ ਖਰੀਦਣੀ ਪਈ ਮਹਿੰਗੀ, ਠੱਗਾਂ ਨੇ ਪੀੜਤ ਤੋਂ ਇੱਕ ਲੱਖ 80 ਹਜ਼ਾਰ ਰੁਪਏ ਠੱਗੇ
Tuesday, Jun 08, 2021 - 06:11 PM (IST)
ਦੋਰਾਹਾ (ਵਿਨਾਇਕ) : ਆਨਲਾਈਨ ਸਾਈਟ ਓ. ਐੱਲ. ਐਕਸ. ‘ਤੇ ਕਾਰਾਂ ਵੇਚਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਨੋਸਰਵਾਜਾਂ ਨੇ ਦੋਰਾਹਾ ਦੇ ਰਹਿਣ ਵਾਲੇ ਇੱਕ ਵਿਅਕਤੀ ਕੋਲੋਂ ਪਸੰਦੀਦਾ ਕਾਰ ਲਈ ਇੱਕ ਲੱਖ 80 ਹਜ਼ਾਰ ਰੁਪਏ ਲੈ ਲਏ, ਫਿਰ ਨਾ ਤਾਂ ਕਾਰ ਦਿੱਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸਿਕਾਇਤ ‘ਤੇ ਮੁੱਢਲੀ ਜਾਂਚ ਪੜਤਾਲ ਤੋਂ ਬਾਅਦ ਦੋਰਾਹਾ ਥਾਣੇ ‘ਚ ਤਿੰਨ ਵਿਅਕਤੀ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਅਨੁਸਾਰ ਕਥਿਤ ਦੋਸ਼ੀਆਂ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਜਲਾਲਾਬਾਦ, ਜ਼ਿਲ੍ਹਾ ਸਾਹਜਹਾਂਪੁਰ (ਯੂਪੀ), ਬਟੇਲ ਅਲੀ ਵਾਸੀ ਮਦਰਾਸਾਪਰਾ, ਅਭੈਪੁਰੀ ਜ਼ਿਲ੍ਹਾ ਬੋਂਗਾਗਾਓਂਨ (ਅਸਾਮ) ਅਤੇ ਚੰਦਨ ਬੈਗ ਵਾਸੀ ਮਨੀਪੁਰ, ਨੋਵਾਪਾਰਾ ਜ਼ਿਲਾ ਬੋਂਗਾਗਾਓਂਨ (ਅਸਾਮ) ਵਜੋਂ ਹੋਈ ਹੈ। ਇਸ ਧੋਖਾਧੜੀ ਸਬੰਧੀ ਮਾਣਯੋਗ ਐੱਸ. ਐੱਸ. ਪੀ. ਸਾਹਿਬ ਖੰਨਾ ਨੂੰ ਦਿੱਤੀ ਗਈ ਦਰਖ਼ਾਸਤ ਨੰਬਰੀ 57-ਪੇਸ਼ੀ ਮਿਤੀ 13.1.2020 ‘ਚ ਸ਼ਿਕਾਇਤ ਕਰਤਾ ਕਮਲਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੋਰਾਹਾ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਹ ਓ. ਐੱਲ. ਐਕਸ. ਐਪ ’ਤੇ ਪੁਰਾਣੀਆਂ ਕਾਰਾਂ ਦੀ ਭਾਲ ਕਰ ਰਿਹਾ ਸੀ।
ਅਚਾਨਕ ਉਸ ਦੀ ਨਜ਼ਰ ਸਵਿੱਫਟ ਡਿਜਾਇਰ ਕਾਰ ਦੀ ਪੋਸਟ ਕੀਤੀ ਐਡ ’ਤੇ ਪਈ, ਜਿਸ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਗਈ ਸੀ। ਉਸ ਨੇ ਤੁਰੰਤ ਇਸ਼ਤਿਹਾਰ ‘ਤੇ ਦਿੱਤੇ ਗਏ ਮੋਬਾਈਲ ਨੰਬਰ ‘ਤੇ ਸੰਪਰਕ ਕਰਕੇ ਕਾਰ ਲੈਣ ਦੀ ਇੱਛਾ ਜਤਾਈ ਅਤੇ ਸੋਦਾ ਇੱਕ ਲੱਖ 80 ਹਜ਼ਾਰ ਰੁਪਏ ’ਚ ਤੈਅ ਹੋ ਗਿਆ। ਸੋਦਾ ਪੱਕਾ ਹੋਣ ਤੋਂ ਬਾਅਦ ਉਨ੍ਹਾ ਵਿਅਕਤੀਆਂ ਨੇ ਉਸਨੂੰ ਪੈਸੇ ਭੇਜਣ ਲਈ ਅਸ਼ੋਕ ਕੁਮਾਰ ਦਾ ਬੈਂਕ ਖਾਤਾ ਨੰਬਰ ਅਤੇ ਬੈਂਕ ਆਈ. ਐੱਫ. ਐੱਸ. ਸੀ. ਕੋਡ ਭੇਜ ਦਿੱਤਾ।
ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ : ਆਪਣੀ ਨਾਬਾਲਿਗ ਧੀ ’ਤੇ ਫ਼ੌਜੀ ਪਿਓ ਨੇ ਰੱਖੀ ਮਾੜੀ ਅੱਖ
ਜਿਸ ‘ਤੇ ਉਸਨੇ ਵੱਖ-ਵੱਖ ਮਿਤੀਆਂ ਨੂੰ ਇੱਕ ਲੱਖ 80 ਹਜ਼ਾਰ ਰੁਪਏ ਉਕਤ ਵਿਅਕਤੀਆਂ ਦੇ ਖਾਤੇ ਵਿੱਚ ਜਮਾ ਕਰਵਾ ਦਿੱਤੇ। ਕਮਲਜੀਤ ਸਿੰਘ ਨੇ ਦੋਸ਼ ਲਗਾਇਆ ਕਿ ਪੈਸੇ ਜਮਾ ਕਰਵਾਉਣ ਤੋਂ ਬਾਅਦ ਮੁਲਜ਼ਮਾਂ ਨੇ ਮੋਬਾਈਲ ਫੋਨ ਸਵਿਚ ਕਰ ਲਿਆ ਅਤੇ ਨਾ ਹੀ ਕਾਰ ਡਿਲਵਰ ਕੀਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ‘ਤੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸਾਈਬਰ ਕ੍ਰਾਈਮ ਬ੍ਰਾਂਚ ਅਤੇ ਇੰਸਪੈਕਟਰ ਕਰਨੈਲ ਸਿੰਘ ਐੱਸ.ਐੱਚ.ਓ. ਵੱਲੋਂ ਜਾਂਚ ਕਰਨ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 37 ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਗੋਲੀ ਨਾਲ ਛੱਲਣੀ ਬੀੜ ਸਾਹਿਬ ਦੀ ਯਾਦ ਕਿਉਂ ਆਈ : ਸਿਮਰਨਜੀਤ ਸਿੰਘ ਮਾਨ
ਓ. ਐੱਲ. ਐਕਸ. ’ਤੇ ਮਿਲ ਰਹੀ ਸਸਤੀ ਗੱਡੀ ਤੋਂ ਰਹੋ ਸਾਵਧਾਨ!
ਸਾਵਧਾਨ ਰਹੋ ਜੇ ਤੁਸੀਂ ਓ. ਐੱਲ. ਐਕਸ. ਤੋਂ ਕੋਈ ਪੁਰਾਣਾ ਵਾਹਨ ਖਰੀਦ ਰਹੇ ਹੋ ਅਤੇ ਇਹ ਚੰਗੀ ਸਥਿਤੀ ਵਿੱਚ ਹੋਣ ਦੇ ਬਾਅਦ ਵੀ ਘੱਟ ਕੀਮਤ ਵਿੱਚ ਉਪਲਬਧ ਹੈ। ਇਸ ਤਰ੍ਹਾਂ ਦੀ ਕਾਰ ਖਰੀਦਣ ਨਾਲ ਤੁਸੀਂ ਕਿਸੇ ਧੋਖਾਧੜੀ ਦਾ ਸ਼ਿਕਾਰ ਬਣ ਸਕਦੇ ਹੋ ਜਾਂ ਫਿਰ ਧੋਖੇਬਾਜਾਂ ਦੇ ਚੁੰਗਲ ਵਿਚ ਫਸ ਸਕਦੇ ਹੋ। ਦੋਰਾਹਾ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਧੋਖੇਬਾਜ ਲੋਕ ਖਰੀਦਦਾਰ ਪਾਸੋਂ ਕਾਰ ਦੀ ਪੂਰੀ ਕੀਮਤ ਆਪਣੇ ਖਾਤੇ ਵਿਚ ਪਵਾ ਕੇ ਆਪਣੇ ਮੋਬਾਇਲ ਫੋਨਾਂ ਨੂੰ ਬੰਦ ਕਰ ਲੈਂਦੇ ਹਨ, ਉਪਰੰਤ ਨਾ ਤਾਂ ਖਰੀਦਦਾਰ ਨੂੰ ਕਾਰ ਦੀ ਡਿਲਵਰੀ ਦਿੰਦੇ ਹਨ ਅਤੇ ਨਾ ਹੀ ਪੈਸੇ ਵਾਪਿਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵੀ ਦੇਖਣ ‘ਚ ਆਇਆ ਹੈ ਕਿ ਧੋਖੇਬਾਜ ਵਿਅਕਤੀ ਚੋਰੀ ਕੀਤੇ ਵਾਹਨਾਂ ਨੂੰ ਜਾਅਲੀ ਕਾਗਜ਼ ਤਿਆਰ ਕਰਕੇ ਘੱਟ ਕੀਮਤ ‘ਤੇ ਵੇਚਣ ਲਈ ਓ. ਐੱਲ. ਐਕਸ. ‘ਤੇ ਪਾ ਦਿੰਦੇ ਹਨ। ਉਨ੍ਹਾਂ ਦੋਰਾਹਾ ਥਾਣਾ ‘ਚ ਦਰਜ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਸ਼ਿਕਾਇਤਕਰਤਾ ਕਮਲਜੀਤ ਸਿੰਘ ਵਾਸੀ ਦੋਰਾਹਾ ਦੇ ਬਿਆਨਾਂ ਦੇ ਆਧਾਰ ‘ਤੇ ਕਥਿਤ ਦੋਸ਼ੀਆਂ ਅਸੋਕ ਕੁਮਾਰ ਵਾਸੀ ਜਲਾਲਾਬਾਦ, ਜ਼ਿਲ੍ਹਾ ਸਾਹਜਹਾਂਪੁਰ (ਉਤਰ ਪ੍ਰਦੇਸ਼), ਬਟੇਲ ਅਲੀ ਵਾਸੀ ਮਦਰਾਸਾਪਰਾ, ਅਭੈਪੁਰੀ ਜ਼ਿਲ੍ਹਾ ਬੋਂਗਾਗਾਓਂਨ (ਅਸਾਮ) ਅਤੇ ਚੰਦਨ ਬੈਗ ਵਾਸੀ ਮਨੀਪੁਰ, ਨੋਵਾਪਾਰਾ ਜ਼ਿਲ੍ਹਾ ਬੋਂਗਾਗਾਓਂਨ (ਅਸਾਮ) ਦੇ ਖ਼ਿਲਾਫ਼ ਆਈ.ਟੀ. ਐਕਟ ਦੀ ਧਾਰਾ 66ਸੀ, 66ਡੀ ਅਤੇ 420,120-ਬੀ ਆਈ.ਪੀ.ਸੀ. ਅਧੀਨ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : CBSE ਸਕੂਲ ਆਨਲਾਈਨ ਲੈ ਸਕਦੇ ਹਨ ਇੰਟਰਨਲ ਐਗਜ਼ਾਮ, 28 ਤੱਕ ਕਰਨੇ ਹੋਣਗੇ ਅੰਕ ਅਪਲੋਡ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ