ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਬਚਣ ਲਈ ਸ਼ਰੀਰਕ ਕਸਰਤ ਬਹੁਤ ਜ਼ਰੂਰੀ

Monday, May 18, 2020 - 02:20 AM (IST)

ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਬਚਣ ਲਈ ਸ਼ਰੀਰਕ ਕਸਰਤ ਬਹੁਤ ਜ਼ਰੂਰੀ

ਨਵਾਂਸ਼ਹਿਰ, (ਤ੍ਰਿਪਾਠੀ)— ਕੋਰੋਨਾ ਖਿਲਾਫ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੇ ਨਾਲ-ਨਾਲ ਵਿਭਾਗ ਵਲੋਂ ਲੋਕਾਂ ਦੀ ਸਿਹਤ ਸੰਭਾਲ ਲਈ ਹੋਰ ਬੀਮਾਰੀਆਂ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਵਿਸ਼ਵ ਹਾਈਪਰਟੈਂਸ਼ਨ (ਬੱਲਡ ਪ੍ਰੈਸ਼ਰ) ਦਿਵਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਜਿਥੇ ਅਸੀਂ ਕੋਰੋਨਾ ਦੀ ਮਹਾਮਾਰੀ ਦੌਰਾਨ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਬਚਾਉਣਾ ਹੈ, ਉਥੇ ਹੀ ਹਾਈਪਰਟੈਂਸ਼ਨ ਦੀ ਬੀਮਾਰੀ ਪ੍ਰਤੀ ਵੀ ਸੁਚੇਤ ਰਹਿਣਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ 'ਚ ਜ਼ਿਆਦਾ ਭੱਜ-ਦੋੜ ਹੋਣ ਕਾਰਣ ਮਨੁੱਖ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ, ਜਿਸ ਕਰਕੇ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਆਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਹਾਰੀਪਰਟੈਂਸ਼ਨ ਦਾ ਇਲਾਜ ਨਾ ਹੋਵੇ ਤਾਂ ਇਹ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਸਮੇਂ-ਸਮੇਂ 'ਤੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ 'ਤੇ ਸਮੇਂ ਸਿਰ ਇਲਾਜ ਕਰਵਾ ਕੇ ਬੱਲਡ ਪ੍ਰੈਸ਼ਰ ਦੀ ਬੀਮਾਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਭਾਰ ਕੰਟਰੋਲ 'ਚ ਰੱਖਣਾ ਚਾਹੀਦਾ ਹੈ, ਸੰਤੁਲਿਤ ਖੁਰਾਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਤੰਬਾਕੂ, ਸਿਗਰਟ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨਮਕ ਦੀ ਮਾਤਰਾ ਘੱਟ ਲਈ ਜਾਵੇ। ਚਾਹ, ਕੌਫੀ ਦੀ ਮਾਤਰਾ ਘਟਾਈ ਜਾਵੇ। ਬੱਲਡ ਪ੍ਰੈਸ਼ਰ ਤੋਂ ਬਚਾਓ ਲਈ ਹਫ਼ਤੇ 'ਚ ਘੱਟੋ ਘੱਟ ਪੰਜ ਦਿਨ ਨਿਯਮਤ ਕਸਰਤ ਕੀਤੀ ਜਾਵੇ। ਸ਼ੁਰੂ 'ਚ ਘੱਟ ਸਮੇਂ ਤੋਂ ਕਸਰਤ ਸ਼ੁਰੂ ਕਰਕੇ ਹਰ ਹਫ਼ਤੇ ਵਧਾਓ ਅਤੇ ਘੱਟੋ ਘੱਟ 30 ਮਿੰਟ ਕਸਰਤ ਜ਼ਰੂਰ ਕੀਤੀ ਜਾਵੇ। ਕਸਰਤ ਕਰਨ ਉਪਰੰਤ ਆਰਾਮ ਕਰਨ ਤੋਂ ਬਾਅਦ ਜ਼ਿਆਦਾ ਮਾਤਰਾ 'ਚ ਤਰਲ ਪਦਾਰਥ ਲਏ ਜਾਣ। ਦਫ਼ਤਰਾਂ ਅਤੇ ਸ਼ਾਪਿੰਗ ਕੰਪਲਕੈਸ ਆਦਿ 'ਚ ਲਿਫਟ ਦੀ ਬਜਾਏ ਪੌੜੀਆਂ ਦਾ ਇਸਤੇਮਾਲ ਕੀਤਾ ਜਾਵੇ। ਆਪਣੀ ਗੱਡੀ ਨੂੰ ਪਾਰਕਿੰਗ 'ਚ ਖੜ੍ਹਾ ਕਰਕੇ ਪੈਦਲ ਚਲਿਆ ਜਾਵੇ। ਇਸ ਮੌਕੇ ਡਾ. ਸੁਖਵਿੰਦਰ ਸਿੰਘ ਜ਼ਿਲਾ ਪਰਿਵਾਰ ਭਲਾਈ ਅਫ਼ਸਰ, ਡਾ: ਦਵਿੰਦਰ ਢਾਂਡਾ ਜ਼ਿਲਾ ਟੀਕਾਕਰਨ ਅਫ਼ਸਰ, ਡਾ: ਜਗਦੀਪ ਸਿੰਘ ਜ਼ਿਲਾ ਐਪੀਡੀਮੋਲੋਜਿਸਟ, ਜਗਤ ਰਾਮ ਜਿਲਾ ਮਾਸ ਮੀਡੀਆ ਅਤੇ ਸੂਚਨਾ ਅਫਸਰ, ਰਾਜੀਵ ਕੁਮਾਰ, ਸਾਹਿਲ ਸੈਣੀ, ਸੁਨੀਤਾ ਰਾਣੀ ਆਦਿ ਹਾਜ਼ਰ ਸਨ।


author

KamalJeet Singh

Content Editor

Related News