ਵੱਡੇ ਬਾਦਲ ਦੇ ਗੜ੍ਹ ’ਚ ਸੰਨ੍ਹ ਲਾਉਣ ਵਾਲੇ ਖੁੱਡੀਆਂ ਨਾਲ ਵਿਸ਼ੇਸ਼ ਗੱਲਬਾਤ, ਦੱਸੀਆਂ ਦਿਲਚਸਪ ਗੱਲਾਂ (ਵੀਡੀਓ)

03/27/2022 4:10:15 PM

ਲੰਬੀ (ਰਮਨਦੀਪ ਸੋਢੀ) : ਵਿਧਾਨ ਸਭਾ ਹਲਕਾ ਲੰਬੀ ਤੋਂ ਪ੍ਰਕਾਸ਼ ਸਿਘ ਬਾਦਲ ਦੇ ਗੜ੍ਹ ’ਚ ਸੰਨ੍ਹ ਲਾਉਣ ਵਾਲੇ ‘ਆਪ’ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਇਨ੍ਹੀਂ ਦਿਨੀਂ ਕਾਫ਼ੀ ਚਰਚਾ ’ਚ ਹਨ। 5 ਵਾਰ ਦੇ ਮੁੱਖ ਮੰਤਰੀ, 11 ਵਾਰ ਵਿਧਾਨ ਸਭਾ ’ਚ ਜਾਣ ਵਾਲੇ ਅਤੇ ਇਕ ਵਾਰ ਦੇ ਸੰਸਦ ਮੈਂਬਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਕਾਰਨ ਗੁਰਮੀਤ ਸਿੰਘ ਖੁੱਡੀਆਂ ਦੇ ਪੰਜਾਬ ਵਜ਼ਾਰਤ ’ਚ ਜਾਣ ਦੀਆਂ ਵੀ ਚਰਚਾਵਾਂ ਸਨ ਪਰ ਪਾਰਟੀ ਦੇ ਹਰ ਫ਼ੈਸਲੇ ਨੂੰ ਉਹ ਸਵੀਕਾਰ ਕਰਦੇ ਹਨ। ਅਹੁਦਾ ਸੰਭਾਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵੱਡੇ ਫ਼ੈਸਲੇ ਲਏ ਹਨ ਪਰ ਨਾਲ ਦੀ ਨਾਲ ਕਈ ਮੁੱਦਿਆਂ ਨੂੰ ਲੈ ਕੇ ‘ਆਪ’ ਸਵਾਲਾਂ ਦੇ ਘੇਰੇ ’ਚ ਵੀ ਹੈ। ਤਮਾਮ ਮੁੱਦਿਆਂ ਸਮੇਤ ਖੁੱਡੀਆਂ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਬਾਤ ਕੀਤੀ ਗਈ, ਜਿਸ ਦੇ ਵਿਸ਼ੇਸ਼ ਅੰਸ਼ ਪੇਸ਼ ਕਰ ਰਹੇ ਹਾਂ : 

ਲੰਬੀ ਤੋਂ ਹੀ ਕਿਉਂ ਚੋਣ ਲੜੀ? ਬਾਦਲਾਂ ਖ਼ਿਲਾਫ਼ ਉਤਰਨ ਲੱਗਿਆਂ ਕੋਈ ਡਰ ਸੀ?
ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਉਪਰੰਤ ਮੁਲਾਕਾਤ ਦੌਰਾਨ ਕੇਜਰੀਵਾਲ ਨੇ ਮੈਨੂੰ ਪੁੱਛਿਆ ਸੀ ਕਿ ਤੁਸੀਂ ਕਿੱਥੋਂ ਚੋਣ ਲੜਨਾ ਚਾਹੁੰਦੇ ਹੋ ਤਾਂ ਮੇਰਾ ਜਵਾਬ ਸੀ ਕਿ ਮੈਂ 32 ਸਾਲ ਤੋਂ ਜਿਸ ਪਰਿਵਾਰ ਖ਼ਿਲਾਫ਼ ਲੜ ਰਿਹਾ ਹਾਂ ਅਤੇ ਜਿਸ ਖੇਤਰ ’ਚ ਮੇਰਾ ਸੰਘਰਸ਼ ਹੈ, ਮੈਂ ਉਥੋਂ ਹੀ ਚੋਣ ਲੜਾਂਗਾ। ਇਹ ਗੱਲ ਸੁਣ ਕੇਜਰੀਵਾਲ ਨੇ ਮੈਨੂੰ ਹੌਸਲਾ ਦਿੱਤਾ ਸੀ। ਇਸ ਦਾ ਕਾਰਨ ਇਹ ਵੀ ਸੀ ਕਿ ਜਦੋਂ 1989 ’ਚ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਚੋਣ ਲੜੀ ਸੀ ਤਾਂ ਲੰਬੀ ਦੇ ਲੋਕਾਂ ਨੇ ਵੱਡਾ ਸਮਰਥਨ ਦਿੱਤਾ ਸੀ। ਸੋ ਅਸੀਂ ਉਦੋਂ ਤੋਂ ਹੀ ਲੋਕਾਂ ਦੇੇ ਨਾਲ ਖੜ੍ਹੇ ਹਾਂ ਤੇ ਲੋਕ ਸਾਡੇ ਨਾਲ ਹਨ।

ਇਹ ਵੀ ਪੜ੍ਹੋ : ‘ਆਪ’ ਵੱਲੋਂ ਦਿੱਤੀਆਂ ਗਾਰੰਟੀਆਂ ਹੀ ਉਸੇ ਲਈ ਬਣਨਗੀਆਂ ਗਲੇ ਦੀ ਹੱਡੀ : ਪਰਗਟ ਸਿੰਘ (ਵੀਡੀਓ)

ਵਿਰੋਧੀ ਕਹਿ ਰਹੇ ਨੇ ਕਿ ‘ਆਪ’ ਦੀ ਹਵਾ ਕਾਰਨ ਤੁਸੀਂ ਜਿੱਤੇ ਹੋ?
ਵਿਰੋਧੀ ਤਾਂ ਮੈਨੂੰ ਮੁਕਾਬਲੇ ’ਚ ਵੀ ਨਹੀਂ ਮੰਨ ਰਹੇ ਸਨ ਪਰ ਮੈਨੂੰ ਇਸ ਗੱਲ ਦਾ ਹੌਸਲਾ ਸੀ ਕਿ 30-32 ਹਜ਼ਾਰ ਲੋਕਾਂ ਦਾ ਧੜਾ ਪਹਿਲਾਂ ਤੋਂ ਹੀ ਸਾਡੇ ਨਾਲ ਚੱਲਿਆ ਆ ਰਿਹਾ ਸੀ। ਪ੍ਰਚਾਰ ਕਰਿਦਆਂ ਹੀ ਸਾਨੂੰ ਇਲਮ ਹੋ ਚੁੱਕਾ ਸੀ ਕਿ ਲੋਕਾਂ ਨੇ ਇਸ ਵਾਰ ਬਾਦਲ ਸਾਬ੍ਹ ਨੂੰ ਹਰਾਉਣ ਦਾ ਮਨ ਬਣਾ ਲਿਆ ਹੈ।

ਲੰਬੀ ‘ਮਾਡਲ’ ਦੀਆਂ ਦੀਆਂ ਚਰਚਾਵਾਂ ਪੂਰੇ ਪੰਜਾਬ ’ਚ ਹਨ, ਇਸ ਪਿੱਛੇ ਕੀ ਸੱਚਾਈ ਹੈ?
ਜੇਕਰ 75 ਸਾਲਾਂ ’ਚ ਗ਼ਲੀਆਂ ਪੱਕੀਆਂ ਹੀ ਹੋਈਆਂ ਤਾਂ ਇਸ ਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ। ਬਾਦਲ ਪਿੰਡ ’ਚ ਕਾਲਜ ਬਣਾਇਆ ਤਾਂ ਉਹ ਵੀ ਬਾਦਲਾਂ ਨੇ ਆਪਣਾ ਟਰੱਸਟ ਬਣਾ ਕੇ ਬਣਾਇਆ। ਪਿਛਲੇ ਸਮੇਂ ’ਚ ਦੋ ਹੋਰ ਕਾਲਜ ਬਣਾਏ ਪਰ ਐਨੇ ਲੰਮੇ ਸਮੇਂ ’ਚ ਸਕੂਲਾਂ-ਕਾਲਜਾਂ ਦੀ ਹਾਲਤ ਨਹੀਂ ਸੁਧਰੀ। ਇਲਾਕਾ ਪੱਛੜਿਆ ਹੋਇਆ ਹੈ। ਇਹੀ ਕਾਰਨ ਹੈ ਕਿ ਲੋਕ ਹੁਣ ਜ਼ਮੀਨੀ ਪੱਧਰ ’ਤੇ ਵਿਕਾਸ ਚਾਹੁੰਦੇ ਹਨ, ਜੋ ਸਾਡੀ ਸਰਕਾਰ ਹਰ ਪੱਖ ਤੋਂ ਕਰੇਗੀ।

ਲੰਬੀ ਹਲਕੇ ਨੂੰ ਲੈ ਕੇ ਤੁਹਾਡਾ ਵਿਜ਼ਨ ਕੀ ਹੈ?
ਸਾਡੇ ’ਤੇ ਵੱਡੀਆਂ ਜ਼ਿੰਮੇਵਾਰੀਆਂ ਹਨ। ਮੁੱਖ ਮੰਤਰੀ ਦੇ ਮੁਕਾਬਲੇ ਹਲਕੇ ਕੋਲ ਇਸ ਵਾਰ ਵਿਧਾਇਕ ਹੈ। ਫਿਰ ਵੀ ਮੈਂ ਪ੍ਰਸ਼ਾਸਨ, ਨੌਜਵਾਨਾਂ, ਲੋਕਾਂ, ਸਮਾਜ ਸੇਵੀ ਜਥੇਬੰਦੀਆਂ, ਪੰਚਾਇਤਾਂ ਨੂੰ ਨਾਲ ਲੈ ਕੇ ਨਸ਼ਿਆਂ ਤੋਂ ਬਚਾਉਣ ਲਈ ਹੱਲਾ ਬੋਲਣਾ ਹੈ। ਸਾਡੀ ਪਾਰਟੀ ਦੇ ਏਜੰਡੇ ਅਨੁਸਾਰ ਸਕੂਲਾਂ ਦੇ ਹਾਲਾਤ ਸੁਧਾਰਨੇ ਹਨ। ਤੀਜਾ ਹਸਪਤਾਲਾਂ ’ਚ ਸਟਾਫ ਦੀ ਘਾਟ ਤੋਂ ਲੈ ਕੇ ਮਸ਼ੀਨਾਂ ਤੱਕ ਸਾਰਾ ਕੁਝ ਦਰੱੁਸਤ ਕਰਨ ਦਾ ਟੀਚਾ ਹੈ।

ਇਹ ਵੀ ਪੜ੍ਹੋ : ‘ਆਪ’ ਦੀ ‘ਸੁਨਾਮੀ’ ਕਾਰਨ ਰਵਾਇਤੀ ਪਾਰਟੀਆਂ ਵਿਚਲਾ ਯੂਥ ਭੰਬਲਭੂਸੇ ’ਚ, ਕਿਵੇਂ ਤੇ ਕਿੱਥੋਂ ਕਰਨ ਨਵੀਂ ਸ਼ੁਰੂਆਤ

ਬਤੌਰ ਵਿਧਾਇਕ ਹੁਣ ਚੁਣੌਤੀਆਂ ਕੀ ਹਨ?   
ਮੈਂ ਸਬਰ ਦੀ ਰਾਜਨੀਤੀ ਕੀਤੀ ਹੈ। ਮੇਰਾ ਘਰ ਵੀ ਵਿਦੇਸ਼ ਰਹਿੰਦੇ ਭਰਾ ਦੀ ਮਦਦ ਨਾਲ ਬਣਾਇਆ ਗਿਆ ਹੈ। ਉਹ ਆਪਣੀ ਜ਼ਮੀਨ ਦਾ ਠੇਕਾ ਵੀ ਨਹੀਂ ਲੈਂਦਾ। ਜਦੋਂ ਮੈਂ ਚੋਣਾਂ ਲੜਦਾ ਸੀ ਤਾਂ ਸੋਚੀਦਾ ਸੀ ਕਿ ਜ਼ਮੀਨ ਵੇਚਣੀ ਪਵੇਗੀ ਪਰ ਹਲਕੇ ਦੇ ਲੋਕਾਂ ਨੇ ਇਨ੍ਹਾਂ ਚੋਣਾਂ ਨੂੰ ਆਪਣੀ ਚੋਣ ਸਮਝਿਆ। ਇਨ੍ਹਾਂ ਚੋਣਾਂ ਨੇ ਸਾਬਿਤ ਕਰ ਦਿੱਤਾ ਕਿ ਪੈਸੇ ਕਮਾਉਣ ਦੀ ਲੋੜ ਨਹੀਂ, ਯਾਰੀਆਂ ਕਮਾਉਣ ਦੀ ਲੋੜ ਹੈ, ਜੋ ਕਿਸੇ ਨਾ ਕਿਸੇ ਵਕਤ ਕੰਮ ਆ ਹੀ ਜਾਂਦੀਆਂ ਹਨ। ਇਕ ਪਾਸੇ ਸਿਆਸਤ ਦੀ ਯੂਨੀਵਰਸਿਟੀ ਅਤੇ ਬਾਬਾ ਬੋਹੜ ਕਹੇ ਜਾਂਦੇ ਬਾਦਲ ਸਾਬ੍ਹ ਕੋਲ ਐਨੇ ਪੈਸੇ ਕਿ ਗਿਣਨ ਲੱਗਿਆਂ ਜ਼ੀਰੋਆਂ ਖ਼ਤਮ ਹੋ ਜਾਣ ਤਾਂ ਦੂਜੇ ਪਾਸੇ ਨਿਮਾਣਾ ਸੇਵਕ। ਲੋਕ ਜਦੋਂ ਇਕਮੁੱਠ ਹੋ ਜਾਣ ਤਾਂ ਫ਼ੈਸਲੇ ਬਦਲ ਜਾਂਦੇ ਹਨ।
 
ਕੀ ਈਮਾਨਦਾਰ ਕਿਰਦਾਰ ਨੂੰ ਬਰਕਰਾਰ ਰੱਖ ਪਾਓਗੇ?
ਮੇਰੇ ਘਰ ਦੇ ਹਾਲਾਤ ਵੇਖ ਲਵੋ, ਚਾਹੇ ਲੋਕਾਂ ਤੋਂ ਪੁੱਛ ਲਵੋ, ਸਾਡੇ ਪਰਿਵਾਰ ਨੇ ਹਮੇਸ਼ਾ ਸੱਚ ’ਤੇ ਪਹਿਰਾ ਦਿੱਤਾ ਹੈ। ਹਾਲੇ ਤੱਕ ਕੋਈ ਵੀ ਲਾਲਚ ਸਾਡੇ ਜ਼ਮੀਰ ਨੂੰ ਖਰੀਦਣ ’ਚ ਕਾਮਯਾਬ ਨਹੀਂ ਹੋਇਆ। ਈਮਾਨਦਾਰੀ ਸਾਨੂੰ ਸਾਡੇ ਸਵਰਗਵਾਸੀ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਪਾਸੋਂ ਗੁੜ੍ਹਤੀ ’ਚ ਮਿਲੀ ਹੈ, ਜਿਸ ਨੂੰ ਹਰ ਹੀਲੇ ਅਸੀਂ ਬਹਾਲ ਰੱਖਾਂਗੇ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਕਹਿੰਦੇ ਸਨ ਕਿ ਜੇਕਰ ਕਿਤੇ ਕੋਈ ਗ਼ਲਤੀ ਹੋ ਜਾਵੇ ਤਾਂ ਝੂਠ ਬੋਲਣ ਦੀ ਬਜਾਏ ਮੁਆਫ਼ੀ ਮੰਗ ਲਓ। ਜੇਕਰ ਤੁਹਾਡੇ ਕੋਲ ਕੁਝ ਹੈ ਤਾਂ ਵੰਡ ਕੇ ਖਾ ਲਓ ਪਰ ਕਿਸੇ ਕੋਲੋਂ ਕੋਈ ਉਮੀਦ ਨਾ ਰੱਖੋ। ਉਨ੍ਹਾਂ ਦੀ ਈਮਾਨਦਾਰੀ ਨੂੰ ਅੱਗੇ ਲੈ ਕੇ ਜਾਵਾਂਗੇ। ਮੈਂ ਆਪਣੇ ਸਾਥੀਆਂ ਨੂੰ ਕਹਿੰਦਾ ਹਾਂ ਕਿ ਜਿੱਥੇ ਲੋਕਾਂ ਨੇ ਸਾਨੂੰ ਪਹੁੰਚਾਇਆ ਸ਼ਾਇਦ ਕਦੇ ਨਾ ਪਹੁੰਚਦੇ। ਜੇਕਰ ਤੁਹਾਡੀ ਨੀਤ ਸਾਫ਼ ਹੈ ਤੇ ਅਕਾਲ ਪੁਰਖ ਦੀ ਮਿਹਰ ਹੈ ਤਾਂ ਭਾਵੇਂ ਕੋਈ ਅਟੈਚੀ ਭਰ ਲਿਆਵੇ, ਬੰਦਾ ਕਦੇ ਡੋਲਦਾ ਨਹੀਂ। ਲੋਕਾਂ ਨੇ ਜੋ ਸਾਨੂੰ ਬਖ਼ਸ਼ਿਆ, ਇਸ ਤੋਂ ਵੱਧ ਅਸੀਂ ਕੀ ਬਣਾ ਸਕਦੇ ਹਾਂ।

ਕੈਪਟਨ ਅਮਰਿੰਦਰ ਸਿੰਘ ਬਾਰੇ ਤੁਹਾਡੀ ਕੀ ਰਾਏ ਹੈ?  
ਮੈਨੂੰ ਚੰਗੇ ਇਨਸਾਨ ਲੱਗਦੇ ਹੁੰਦੇ ਸਨ ਪਰ ਜੋ ਵਾਅਦੇ ਉਨ੍ਹਾਂ ਪੰਜਾਬ ਨਾਲ ਕੀਤੇ, ਜਿਵੇਂ ਨੌਕਰੀਆਂ, ਕਰਜ਼ੇ ਲਾਹੁਣ ਦੇ ਵਾਅਦੇ ਆਦਿ ਕਾਰਨ ਅਸੀਂ ਵੀ ਝੂਠੇ ਸਾਬਤ ਹੋ ਗਏ। ਉਨ੍ਹਾਂ ਨੇ ਮੇਰੀ ਕੋਈ ਪੁੱਛਗਿੱਛ ਨਹੀਂ ਕੀਤੀ। ਮੇਰੇ ਕੋਲੋਂ ਅੱਖਾਂ ਫੇਰ ਲਈਆਂ। ਹਲਕੇ ਨਾਲ ਵਿਤਕਰਾ ਕੀਤਾ ਗਿਆ ਅਤੇ ਹਲਕੇ ਨੂੰ ਅਣਗੌਲਿਆ ਕੀਤਾ ਗਿਆ। ਮੈਂ ਹਲਕੇ ’ਚ ਮਿਹਨਤ ਕੀਤੀ ਤੇ ਉਨ੍ਹਾਂ ਨੇ ਮੈਨੂੰ ਚੋਣ ਲੜਾਉਣ ਦੀ ਬਜਾਏ ਖੁਦ ਚੋਣ ਲੜਨ ਦਾ ਫੈਸਲਾ ਕੀਤਾ ਤੇ ਮੈਨੂੰ ਕਵਰਿੰਗ ਉਮੀਦਵਾਰ ਬਣਾਇਆ ਪਰ ਹਾਰਨ ਤੋਂ ਬਾਅਦ ਉਨ੍ਹਾਂ ਕਿਸੇ ਦੀ ਸਾਰ ਨਹੀਂ ਲਈ।

ਤੁਹਾਡੇ ਕੈਬਨਿਟ ਮੰਤਰੀ ਬਣਨ ਦੀਆਂ ਚਰਚਾਵਾਂ ਵੀ ਸਨ, ਬਣੇ ਕਿਉਂ ਨਹੀਂ?
ਮੈਂ ਪਾਰਟੀ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਇਥੋਂ ਮੌਕਾ ਦਿੱਤਾ। ਲੋਕ ਪੈਸੇ ਨਾਲ ਨਹੀਂ, ਕਿਰਦਾਰਾਂ ਨਾਲ ਜੁੜਦੇ ਹਨ। ਸਾਡਾ ਕਿਰਦਾਰ ਜੇ ਕੰਮ ਆਇਆ ਤਾਂ ‘ਆਪ’ ਦੇ ਉਮੀਦਵਾਰ ਵਜੋਂ ਆਇਆ। ਵਿਧਾਇਕ ਤਾਂ ਕੋਈ ਵੀ ਬਣ ਸਕਦੈ ਪਰ ਸਿਆਸਤ ਦੇ ਬਾਬਾ ਬੋਹੜ ਨੂੰ ਹਰਾਉਣ ਵਾਲੇ ਨੂੰ ਲੋਕਾਂ ਨੇ ਬੜਾ ਮਾਣ ਸਤਿਕਾਰ ਦਿੱਤਾ ਹੈ। ਜੋ ਕੈਬਨਿਟ ਮੰਤਰੀ ਬਣੇ ਨੇ ਸਾਡੇ ਹੀ ਭੈਣ-ਭਰਾ ਹੀ ਹਨ। ਅਸੀਂ ਪਾਰਟੀ ਦੇ ਨਾਲ ਹਾਂ।

ਇਹ ਵੀ ਪੜ੍ਹੋ : ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਵੱਡਾ ਫ਼ੈਸਲਾ, ਪਟਿਆਲਾ ਜੇਲ੍ਹ ਦਾ ਬਦਲਿਆ ਸੁਪਰਡੈਂਟ

ਰਾਜ ਸਭਾ ਮੈਂਬਰਾਂ ਨੂੰ ਲੈ ਕੇ ਵਿਰੋਧੀ ਕਈ ਸਵਾਲ ਚੁੱਕ ਰਹੇ ਹਨ, ਕੀ ਕਹੋਗੇ?
ਇਹ ਫ਼ੈਸਲੇ ਪਾਰਟੀ ਅਤੇ ਹਾਈਕਮਾਨ ਨੇ ਲੈਣੇ ਹੁੰਦੇ ਹਨ। ਡਾ. ਮਨਮੋਹਨ ਸਿੰਘ ਆਸਾਮ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਪ੍ਰਧਾਨ ਮੰਤਰੀ ਬਣਾਏ ਗਏ ਸਨ, ਚਿਦਾਂਬਰਮ, ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਸੂਬਿਆਂ ਤੋਂ ਮੰਤਰੀ ਬਣੇ ਸਨ। ਜਿਨ੍ਹਾਂ ਵਿਅਕਤੀਆਂ ਨੇ ਪਾਰਟੀ ਨੂੰ ਬਹੁਤ ਲੰਮਾ ਸਮਾਂ ਦਿੱਤਾ ਹੁੰਦਾ ਹੈ, ਕਈ ਵਾਰ ਪਾਰਟੀ ਚਲਾਉਣ ਲਈ ਉਨ੍ਹਾਂ ਨੂੰ ਕਿਸੇ ਹੋਰ ਪਾਸੇ ਵਕਤ ਦਿੱਤਾ ਜਾਂਦਾ ਹੈ। ਵੱਡਾ ਸਵਾਲ ਇਹ ਵੀ ਹੈ ਕਿ ਜੋ ਪਹਿਲਾਂ ਪੰਜਾਬ ਦੇ ਰਾਜ ਸਭਾ ਮੈਂਬਰ ਸਨ, ਉਨ੍ਹਾਂ ਨੇ ਪੰਜਾਬ ਲਈ ਕੀ ਲਿਆਂਦਾ। 

ਕੀ ਨਵੇਂ ਵਿਧਾਇਕਾਂ ਨੂੰ ਅਫ਼ਸਰਸ਼ਾਹੀ ਨਾਲ ਤਾਲਮੇਲ ਬਣਾਉਣ ’ਚ ਦਿੱਕਤਾਂ ਆ ਰਹੀਆਂ ਹਨ?
ਜਦੋਂ ਬੰਦਾ ਵਿਧਾਇਕ ਬਣਨ ਲਈ ਤੁਰਦਾ ਤਾਂ ਉਹ ਲੋਕਾਂ ਕੋਲੋਂ ਬਹੁਤ ਕੁਝ ਸਿੱਖ ਲੈਂਦਾ ਹੈ। ਨਵਿਆਂ-ਨਵਿਆਂ ਨੂੰ ਕਈ ਚੁਣੌਤੀਆਂ ਜ਼ਰੂਰ ਆਉਂਦੀਆਂ ਹਨ। ਅੱਜ ਨਾ ਸਾਡੇ ਕੋਲ ਰਾਜਧਾਨੀ ਹੈ ਤੇ ਨਾ ਹਾਈਕੋਰਟ। ਵਿਰੋਧੀਆਂ ਨੇ ਪੰਜਾਬ ਲਈ ਕੀ ਕੀਤਾ। 

ਵਿਰੋਧੀ ਕਹਿੰਦੇ ‘ਆਪ’ ਨੂੰ ਦਿੱਲੀ ਚਲਾਉਂਦੀ ਹੈ?
ਸਾਡੀ ਪਾਰਟੀ ਦੇ ਮੁਖੀ ਕੇਜਰੀਵਾਲ ਦਿੱਲੀ ਤੋਂ ਹਨ ਤਾਂ ਕਿਸੇ ਦਾ ਕੀ ਕਸੂਰ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਦਿੱਲੀ ਤੋਂ ਹਨ। ਅਕਾਲੀ ਦਲ ਵਾਲੇ ਬਾਦਲ ਦੇ ਘਰੋਂ ਚੱਲਦੇ ਨੇ ਪਰ ਉਨ੍ਹਾਂ ਦੇ ਪਲੱਗ ਵੀ ਦਿੱਲੀ ਲਾਏ ਹੋਏ ਸਨ। ਦੀਪ ਮਲਹੋਤਰਾ ਦੀ ਅਕਾਲੀ ਦਲ ਨੂੰ ਕੀ ਦੇਣ ਸੀ ਕਿ ਇਕ ਜਥੇਦਾਰ ਲਖਵੀਰ ਸਿੰਘ ਨੂੰ ਪਾਸੇ ਕਰਕੇ ਉਸ ਨੂੰ ਚੋਣ ਲੜਾਈ। 

ਜਾਣੋ ਨਿੱਜੀ ਜ਼ਿੰਦਗੀ ਬਾਰੇ
ਗੁਰਮੀਤ ਸਿੰਘ ਆਪਣੇ ਪਿੰਡ ਖੁੱਡੀਆਂ ’ਚ ਆਪਣੀ ਪਤਨੀ ਅਤੇ ਦੋ ਪੁੱਤਰਾਂ ਦੇ ਨਾਲ ਰਹਿੰਦੇ ਹਨ। ਛੋਟਾ ਪੁੱਤਰ ਅਮੀਤ ਸਿੰਘ ਲਾਅ ਕਰਨ ਤੋਂ ਬਾਅਦ ਸਿਆਸਤ ’ਚ ਸਾਥ ਿਦੰਦਾ ਹੈ ਤੇ ਵੱਡੇ ਸੁਮੀਤ ਸਿੰਘ ਦਾ ਆਪਣਾ ਟਿਊਸ਼ਨ ਸੈਂਟਰ ਹੈ। ਪਤਨੀ ਘਰੇਲੂ ਔਰਤ ਹੈ, ਜੋ ਪਸ਼ੂਆਂ ਦੀ ਦੇਖਭਾਲ ਤੇ ਮਹਿਮਾਨ-ਨਿਵਾਜ਼ੀ ਨੂੰ ਆਪਣਾ ਫਰਜ਼ ਸਮਝਦੀ ਹੈ। ਇਨ੍ਹਾਂ ਕੋਲ 30 ਏਕੜ ਜ਼ਮੀਨ ਹੈ, ਜੋ ਠੇਕੇ ’ਤੇ ਦਿੱਤੀ ਹੋਈ ਹੈ। ਗੁਰਮੀਤ ਸਿੰਘ ਖੁੱਡੀਆਂ ਅਨੁਸਾਰ ਉਨ੍ਹਾਂ ਦਾ ਘਰ ਬਣਾਉਣ ’ਚ ਕੈਨੇਡਾ ਰਹਿੰਦੇ ਭਰਾ ਹਰਮੀਤ ਸਿੰਘ ਨੇ ਸਭ ਤੋਂ ਵਧੇਰੇ ਮਦਦ ਕੀਤੀ ਹੈ ਤੇ ਹੁਣ ਵੀ ਲੋੜ ਪੈਣ ’ਤੇ ਭਰਾ ਨਾਲ ਖੜ੍ਹਦਾ ਹੈ।


 


Manoj

Content Editor

Related News