ਆਬਕਾਰੀ ਵਿਭਾਗ ਨੇ ਬਰਾਮਦ ਕੀਤੀ 1.06 ਲੱਖ ਬੋਤਲਾਂ ਸ਼ਰਾਬ

Wednesday, Apr 04, 2018 - 02:23 AM (IST)

ਅੰਮ੍ਰਿਤਸਰ, (ਇੰਦਰਜੀਤ)- ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਇਕ ਵੱਡੀ ਕਾਰਵਾਈ ਦੌਰਾਨ ਅੰਮ੍ਰਿਤਸਰ ਦੇ ਝਬਾਲ ਰੋਡ ਸਥਿਤ ਇਕ ਵੱਡੇ ਗੋਦਾਮ 'ਚ ਛਾਪਾ ਮਾਰ ਕੇ 7345 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ, ਜਦ ਕਿ ਦੂਜੇ ਪਾਸੇ ਇਸੇ ਟੀਮ ਨੇ ਗ੍ਰੇਨ ਮਾਰਕੀਟ ਭਗਤਾਂਵਾਲਾ ਅੰਮ੍ਰਿਤਸਰ 'ਚ ਇਕ ਛਾਪਾਮਾਰੀ ਦੌਰਾਨ 1538 ਪੇਟੀਆਂ ਦੇਸੀ ਤੇ ਅੰਗਰੇਜ਼ੀ ਬ੍ਰਾਂਡਿਡ ਸ਼ਰਾਬ ਬਰਾਮਦ ਕੀਤੀ। ਬਰਾਮਦ ਕੀਤੀ ਗਈ ਕੁਲ 1,06,680 ਬੋਤਲਾਂ ਸ਼ਰਾਬ ਦਾ ਜ਼ਖੀਰਾ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ 2 ਗੋਦਾਮਾਂ 'ਚ ਸ਼ਰਾਬ ਦਾ ਇਕ ਬਹੁਤ ਵੱਡਾ ਜ਼ਖੀਰਾ ਹੈ। ਇਸ 'ਤੇ ਵਿਭਾਗ ਨੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਸਹਾਇਕ ਕਮਿਸ਼ਨਰ ਐੱਚ. ਐੱਸ. ਬਾਜਵਾ ਦੀ ਅਗਵਾਈ ਵਿਚ ਪੂਰੀ ਟੀਮ ਸਣੇ ਛਾਪਾ ਮਾਰਿਆ, ਜਿਸ ਵਿਚ ਭਗਤਾਂਵਾਲਾ ਗੋਦਾਮ 'ਚੋਂ 8800 ਪੇਟੀਆਂ ਬ੍ਰਾਂਡਿਡ ਤੇ 1545 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ। ਇਸੇ ਤਰ੍ਹਾਂ ਗ੍ਰੇਨ ਮਾਰਕੀਟ ਸਥਿਤ ਐੱਲ-2 ਭਗਤਾਂਵਾਲਾ ਵਿਚ ਛਾਪੇਮਾਰੀ ਕੀਤੀ ਤਾਂ ਉਥੋਂ 1269 ਪੇਟੀਆਂ ਬ੍ਰਾਂਡਿਡ ਦੇਸੀ ਸ਼ਰਾਬ, 269 ਪੇਟੀਆਂ ਅੰਗਰੇਜ਼ੀ ਸ਼ਰਾਬ ਤੇ ਬੀਅਰ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਸ਼ਰਾਬ ਵਿਚ ਐਂਟੀਕਿੱਟੀ, ਰਾਇਲ ਸਟੈਗ, ਬਲੈਂਡਰਸ ਪ੍ਰਾਈਡ, ਇੰਪੀਰੀਅਲ ਬਲਿਯੂ ਆਦਿ ਪ੍ਰਸਿੱਧ ਬ੍ਰਾਂਡ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਸਹਾਇਕ ਕਮਿਸ਼ਨਰ ਐੱਚ. ਐੱਸ. ਬਾਜਵਾ ਨੇ ਦੱਸਿਆ ਕਿ ਮਾਲ ਨੂੰ ਫਿਲਹਾਲ ਕਬਜ਼ੇ ਵਿਚ ਲੈ ਲਿਆ ਗਿਆ ਹੈ, ਜਦ ਕਿ ਇਸ 'ਤੇ ਟੈਕਸ ਤੇ ਜੁਰਮਾਨਾ ਬਾਅਦ ਵਿਚ ਤੈਅ ਕੀਤਾ ਜਾਵੇਗਾ ਅਤੇ ਪਤਾ ਲਾਇਆ ਜਾਵੇਗਾ ਕਿ ਸ਼ਰਾਬ ਕਿਸ ਦੀ ਹੈ।
ਛਾਪੇਮਾਰੀ ਕਰਨ ਵਾਲੀ ਟੀਮ 'ਚ ਜਪਸਿਮਰਨ ਸਿੰਘ (ਪੀ. ਸੀ. ਐੱਸ.), ਈ. ਟੀ. ਓ. ਸੁਸ਼ੀਲ ਕੁਮਾਰ, ਰਾਜੀਵ ਮਰਵਾਹਾ, ਅਮਿਤ ਬਿਆਸ, ਤਰਲੋਕ ਚੰਦ ਤੇ ਰਮਨ ਕੁਮਾਰ ਸ਼ਾਮਲ ਸਨ।


Related News