ਐਕਸਾਈਜ਼ ਵਿਭਾਗ ਵੱਲੋਂ ਮਹਾਲਮ ’ਚ ਛਾਪੇਮਾਰੀ, 5 ਹਜ਼ਾਰ ਲਿਟਰ ਲਾਹਣ ਕੀਤੀ ਨਸ਼ਟ
Sunday, Apr 11, 2021 - 12:02 AM (IST)
ਲਾਲਾਬਾਦ, (ਬਜਾਜ, ਨਿਖੰਜ, ਜਤਿੰਦਰ, ਟੀਨੂੰ, ਸੁਮਿਤ)– ਜ਼ਿਲ੍ਹਾ ਫਾਜ਼ਿਲਕਾ ਦੀ ਪੁਲਸ ਅਤੇ ਐਕਸਾਈਜ ਵਿਭਾਗ ਦੀ ਟੀਮ ਵੱਲੋਂ ਕੱਚੀ ਸ਼ਰਾਬ ਕੱਢਣ ’ਚ ਬਦਨਾਮ ਪਿੰਡ ਚੱਕ ਬਲੋਚਾ ਉਰਫ ਮਹਾਲਮ ਵਿਖੇ ਛਾਪੇਮਾਰੀ ਕਰ ਕੇ ਹਜ਼ਾਰਾਂ ਲਿਟਰ ਲਾਹਣ ਬਰਾਮਦ ਕਰਨ ਉਪਰੰਤ ਮੌਕੇ ’ਤੇ ਹੀ ਨਸ਼ਟ ਕੀਤੀ ਗਈ ਹੈ, ਜਦਕਿ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਸਕਰਨ ਸਿੰਘ ਬਰਾੜ ਡਵੀਜਨਲ ਕਮਿਸ਼ਨਰ (ਐਕਸਾਈਜ਼) ਅਤੇ ਆਸਿਸਟੈਂਟ ਕਮਿਸ਼ਨਰ (ਐਕਸਾਈਜ) ਉਮੇਸ਼ ਭੰਡਾਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਈ. ਟੀ. ਓ. ਦਲਜੀਤ ਸਿੰਘ ਤੇ ਐਕਸਾਈਜ ਇੰਸਪੈਕਟਰ ਜਸਲਪ੍ਰੀਤ ਸਿੰਘ ਵੱਲੋਂ ਆਪਣੀ ਐਕਸਾਈਜ ਵਿਭਾਗ ਦੀ ਟੀਮ ਤੇ ਜ਼ਿਲਾ ਫਾਜ਼ਿਲਕਾ ਦੀ ਪੁਲਸ ਦੇ 100 ਦੇ ਕਰੀਬ ਕਰਮਚਾਰੀਆਂ ਦੇ ਸਹਿਯੋਗ ਨਾਲ ਅੱਜ ਸਵੇਰੇ ਚੱਕ ਬਲੋਚਾ (ਮਹਾਲਮ) ਵਿਖੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਛੱਪੜ ਤੇ ਖੇਤਾਂ ’ਚੋਂ ਲਾਹਣ ਦੇ ਡਰੰਮ ਬਰਾਮਦ ਕੀਤੇ ਗਏ ਹਨ, 5 ਹਜ਼ਾਰ ਲਿਟਰ ਲਾਹਣ ਬਰਾਮਦ ਕਰਨ ਉਪਰੰਤ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ, ਜਦਕਿ 80 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 1 ਵਿਅਕਤੀ ਨੂੰ ਪੁਲਸ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਹੈ, ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਉਧਰ ਕੱਚੀ ਸ਼ਰਾਬ ਕੱਢਣ ’ਚ ਬੁਰੀ ਤਰ੍ਹਾਂ ਬਦਨਾਮ ਪਿੰਡ ਮਹਾਲਮ ਵਿਖੇ ਇਸਦੇ ਪਹਿਲਾਂ ਵੀ ਪੁਲਸ ਤੇ ਐਕਸਾਈਜ ਵਿਭਾਗ ਵੱਲੋਂ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ ਪਰ ਫਿਰ ਵੀ ਮਹਾਲਮ ਪਿੰਡ ’ਚ ਨਾਜਾਇਜ਼ ਤੇ ਕੱਚੀ ਸ਼ਰਾਬ ਕੱਢਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ।