ਅਾਬਕਾਰੀ ਵਿਭਾਗ ਸ਼ਰਾਬ ਦੇ ਬਿੱਲ ਕੱਟਣੇ ਲਾਗੂ ਨਹੀਂ ਕਰਵਾ ਸਕਿਆ : ਬੁਜ਼ਰਕ
Friday, Aug 10, 2018 - 01:23 AM (IST)

ਦਿਡ਼੍ਹਬਾ ਮੰਡੀ (ਅਜੇ)-ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ’ਚ ਅਰਾਈਵ ਸੇਫ ਨਾਂ ਦੀ ਸਮਾਜਸੇਵੀ ਸੰਸਥਾ ਵੱਲੋਂ ਪਾਈ ਗਈ ਇਕ ਜਨਹਿੱਤ ਰਿੱਟ ’ਤੇ ਫੈਸਲਾ ਕਰਦਿਆਂ ਪੰਜਾਬ ਵਿਚ ਠੇਕੇਦਾਰਾਂ ਵੱਲੋਂ ਵੇਚੀ ਜਾਂਦੀ ਸ਼ਰਾਬ ਦੇ ਬਿੱਲ ਕੱਟ ਕੇ ਦੇਣ ਲਈ ਹੁਕਮ ਜਾਰੀ ਕੀਤੇ ਗਏ ਸਨ ਪਰ ਸਹਾਇਕ ਅਾਬਕਾਰੀ ਤੇ ਕਰ ਕਮਿਸ਼ਨਰ ਸੰਗਰੂਰ ਪੂਰੇ ਜ਼ਿਲੇ ਅੰਦਰ ਅਜਿਹਾ ਕਾਨੂੰਨ ਲਾਗੂ ਕਰਨ ’ਚ ਕਥਿਤ ਤੌਰ ’ਤੇ ਅਸਫਲ ਰਿਹਾ ਹੈ ਕਿਉਂਕਿ ਵਿਭਾਗ ਕੋਲ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਵੇਚੀ ਗਈ ਸ਼ਰਾਬ ਦੇ ਬਿੱਲਾਂ ਦਾ ਕੋਈ ਰਿਕਾਰਡ ਹੀ ਨਹੀਂ ਹੈ। ਅਜਿਹਾ ਮਾਮਲਾ ਸੂਚਨਾ ਅਧਿਕਾਰ ਐਕਟ ’ਚ ਮੰਗੀ ਗਈ ਸੂਚਨਾ ਦੌਰਾਨ ਸਾਹਮਣੇ ਆਇਆ ਹੈ। ਸਮਾਜ ਸੇਵੀ ਸੰਸਥਾ ਨੇ ਵਿਭਾਗ ਵੱਲੋਂ ਨਿਰਧਾਰਤ ਕੀਤੀ ਗਈ ਕੀਮਤ ’ਤੋਂ ਵੱਧ ਭਾਅ ’ਤੇ ਸ਼ਰਾਬ ਵੇਚਣ ਅਤੇ ਕਿਸੇ ਅਣਹੋਣੀ ਘਟਨਾ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਸਨ।
ਆਰ. ਟੀ. ਆਈ. ਮਾਹਰ ਅਤੇ ਸਮਾਜਸੇਵੀ ਬ੍ਰਿਸ ਭਾਨ ਬੁਜ਼ਰਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਅਾਬਕਾਰੀ ਤੇ ਕਰ ਕਮਿਸ਼ਨਰ ਸੰਗਰੂਰ ਕੋਲੋਂ ਸੂਚਨਾ ਅਧਿਕਾਰ ਐਕਟ 2005 ਤਹਿਤ ਜ਼ਿਲਾ ਸੰਗਰੂਰ ’ਚ ਸ਼ਰਾਬ ਦੇ ਵੱਖ-ਵੱਖ ਸਰਕਲਾਂ ’ਚ 1 ਅਪ੍ਰੈਲ ਤੋਂ ਲੈ ਕੇ 30 ਜੂਨ 2018 ਤੱਕ ਵੇਚੀ ਗਈ ਸ਼ਰਾਬ ਦੇ ਕੱਟੇ ਗਏ ਬਿੱਲਾਂ ਦੀ ਗਿਣਤੀ ਪੁੱਛੀ ਗਈ ਸੀ ਪਰ ਵਿਭਾਗ ਵੱਲੋਂ ਦਫਤਰ ’ਚ ਅਜਿਹਾ ਕੋਈ ਵੀ ਰਿਕਾਰਡ ਮੌਜੂਦ ਨਾ ਹੋਣ ਦੀ ਗੱਲ ਕਹਿ ਕੇ ਆਪਣਾ ਪੱਲਾ ਝਾਡ਼ ਲਿਆ ਗਿਅਾ ਜਦੋਂ ਕਿ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸਖ਼ਤ ਹਦਾਇਤਾਂ ਜਾਰੀ ਹੋਈਆਂ ਸਨ ਕਿ ਵੇਚੀ ਗਈ ਸ਼ਰਾਬ ਦੇ ਬਿੱਲ ਕੱਟਣ ਵਾਲੇ ਹੁਕਮਾਂ ਨੂੰ ਲਾਗੂ ਕੀਤਾ ਜਾਵੇ ਪਰ ਵਿਭਾਗ ਅਜਿਹਾ ਕੁਝ ਨਹੀਂ ਕਰ ਸਕਿਆ। ਵਿਭਾਗ ਵੱਲੋਂ ਉੱਚ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।