ਆਬਕਾਰੀ ਵਿਭਾਗ ਨੇ ਸਕਾਚ ਦੀਆਂ ਬੋਤਲਾਂ ’ਚ ਨਕਲੀ ਸ਼ਰਾਬ ਭਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ਼

05/28/2022 5:48:33 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪੁਲਸ ਫਤਿਹਗੜ੍ਹ ਸਾਹਿਬ ਵੱਲੋਂ ਸ਼ਰਾਬ ਸਮੱਗਲਰਾਂ ਦੇ ਇਕ ਸੰਗਠਿਤ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਇਹ ਗਿਰੋਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਸਮੱਗਲਿੰਗ ਕਰ ਕੇ ਉਸ ਨੂੰ ਮਹਿੰਗੇ ਇੰਪੋਰਟਿਡ ਸਕਾਚ ਬ੍ਰਾਂਡਜ਼ ਦੀਆਂ ਬੋਤਲਾਂ ’ਚ ਭਰਦਾ ਸੀ। ਗਿਰੋਹ ਦੇ 4 ਮੈਂਬਰਾਂ ਨੂੰ ਨਕਲੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ ਸ਼ੀਵਾਸ ਰੀਗਲ ਦੇ 4 ਕੇਸ, ਗਲੇਨਲਿਵਟ ਦੇ 4 ਕੇਸ ਅਤੇ ਗੋਲਡ ਲੇਬਲ ਰਿਜ਼ਰਵ ਦੇ 2 ਕੇਸ ਮੌਕੇ ’ਤੇ ਮਿਲੇ ਹਨ। ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸ਼ਰਾਬ ਦੀ ਸਮੱਗਲਿੰਗ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਗ਼ੈਰ-ਕਾਨੂੰਨੀ ਗਤੀਵਿਧੀ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਆਬਕਾਰੀ ਕਮਿਸ਼ਨਰ ਨਰੇਸ਼ ਦੂਬੇ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇਕ ਸੰਗਠਿਤ ਗਿਰੋਹ ਚੰਡੀਗੜ੍ਹ ਤੋਂ ਪੰਜਾਬ ’ਚ ਸਸਤੀ ਸ਼ਰਾਬ ਦੀ ਸਮੱਗਲਿੰਗ ਕਰਕੇ ਇਸ ਨੂੰ ਮਹਿੰਗੇ ਸਕਾਚ ਬ੍ਰਾਂਡਜ਼ਾਂ ਦੀਆਂ ਬੋਤਲਾਂ ’ਚ ਭਰਦਾ ਹੈ। ਆਬਕਾਰੀ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ. ਓ. ਜੀ.) ਅਤੇ ਜ਼ਿਲ੍ਹਾ ਪੁਲਸ ਫਤਿਹਗੜ੍ਹ ਸਾਹਿਬ ਦੇ ਸਾਂਝੇ ਯਤਨਾਂ ਨਾਲ ਇਹ ਖੁਫ਼ੀਆ ਜਾਣਕਾਰੀ ਹਾਸਲ ਕੀਤੀ ਗਈ ਸੀ।

ਇਹ ਵੀ ਪੜ੍ਹੋ : ਖੰਨਾ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਮਾਂ ਸਣੇ ਜੁੜਵਾ ਬੱਚਿਆਂ ਦੀ ਹੋਈ ਮੌਤ

PunjabKesari

ਦੋ ਦਿਨ ਪਹਿਲਾਂ ਟੀਮ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਕੁੰਦਨ ਵਿਸ਼ਟ ਪੁੱਤਰ ਮੋਹਨ ਸਿੰਘ ਵਾਸੀ ਮਕਾਨ ਨੰਬਰ 226 ਪਿੰਡ ਕਝੇੜੀ, ਚੰਡੀਗੜ੍ਹ ਆਪਣੇ ਗਿਰੋਹ ਦੇ ਮੈਂਬਰਾਂ ਨਾਲ ਮਿਲ ਕੇ ਨਕਲੀ ਸਕਾਚ ਸ਼ਰਾਬ ਦੀ ਸਪਲਾਈ ਕਰੇਗਾ। ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜਨ ਲਈ ਆਬਕਾਰੀ ਤੇ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀਆਂ ਟੀਮਾਂ ਹਰਕਤ ’ਚ ਆਈਆਂ ਅਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਟੀਮਾਂ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਦੋ ਕਾਰਾਂ ਟਾਟਾ ਟਿਆਗੋ ਸੀ.ਐੱਚ.01ਬੀ.ਵੀ.9460 ਅਤੇ ਸਵਿਫਟ ਐੱਚ.ਆਰ.51ਬੀ.ਡੀ.5918 ਨੂੰ ਖਮਾਣੋਂ ਨੇੜੇ ਨਾਕੇ ’ਤੇ ਰੋਕਿਆ ਗਿਆ ਅਤੇ ਗਿਰੋਹ ਦੇ ਚਾਰ ਮੈਂਬਰ ਕੁੰਦਨ ਵਿਸ਼ਟ, ਹਰਸ਼ਵਰਦਨ ਪੁੱਤਰ ਸਤੀਸ਼ਵਰ ਪ੍ਰਸ਼ਾਦ ਵਾਸੀ ਮਕਾਨ ਨੰ. 19, ਡਿਫੈਂਸ ਕਾਲੋਨੀ ਅੰਬਾਲਾ, ਪਰਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਨਰਾਇਣਗੜ੍ਹ, ਜ਼ਿਲ੍ਹਾ ਜੀਂਦ, ਹਰਿਆਣਾ ਅਤੇ ਜੈਸਮੀਨ ਕੌਰ ਪੁੱਤਰੀ ਰਾਜਵੀਰ ਸਿੰਘ ਵਾਸੀ ਸੰਗਰੂਰ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ। ਟੀਮ ਨੇ ਮੌਕੇ ’ਤੇ ਸ਼ੀਵਾਸ ਰੀਗਲ ਦੇ 4 ਕੇਸ, ਗਲੇਨਲਵਿਟ ਦੇ 4 ਕੇਸ ਅਤੇ ਗੋਲਡ ਲੇਬਲ ਰਿਜ਼ਰਵ ਦੇ 2 ਕੇਸ ਬਰਾਮਦ ਕੀਤੇ। ਪੁੱਛਗਿੱਛ ਦੌਰਾਨ ਗਿਰੋਹ ਦੇ ਮੈਂਬਰਾਂ ਨੇ ਅੱਗੇ ਖੁਲਾਸਾ ਕੀਤਾ ਕਿ ਉਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਸਮੱਗਲਿੰਗ ਕਰਦੇ ਹਨ ਅਤੇ ਆਪਣੀ ਕਿਰਾਏ ਦੀ ਰਿਹਾਇਸ਼ ਵਿਖੇ ਇਸ ਸ਼ਰਾਬ ਨੂੰ ਮਹਿੰਗੀ ਸਕਾਚ ਦੀਆਂ ਖਾਲੀ ਬੋਤਲਾਂ ’ਚ ਭਰ ਦਿੰਦੇ ਹਨ।

ਇਹ ਵੀ ਪੜ੍ਹੋ : 24 ਘੰਟਿਆਂ ’ਚ ਸੁਲਝੀ ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ, ਪੁੱਤ ਨੇ ਹੀ ਮਰਵਾਏ ਸੀ ਮਾਪੇ

ਬਾਅਦ ’ਚ ਟੀਮ ਨੇ ਪਰਦੀਪ ਸਿੰਘ ਅਤੇ ਜੈਸਮੀਨ ਕੌਰ ਦੇ ਮਦਨਪੁਰ, ਜ਼ਿਲ੍ਹਾ ਮੋਹਾਲੀ ਵਿਚ ਕਿਰਾਏ ਦੇ ਮਕਾਨ ’ਤੇ ਛਾਪਾ ਮਾਰ ਕੇ 2 ਕੇਸ ਹਾਈ ਸਪੀਡ (ਚੰਡੀਗੜ੍ਹ ਵਿਚ ਵਿਕਰੀ ਲਈ), 2 ਕੇਸ ਕਿੰਗ ਗੋਲਡ (ਚੰਡੀਗੜ੍ਹ ਵਿਚ ਵਿਕਰੀ ਲਈ), ਇਕ ਕੇਸ ਯੂ. ਕੇ. ਨੰ. 1 (ਚੰਡੀਗੜ੍ਹ ’ਚ ਵਿਕਰੀ ਲਈ), ਯੂ. ਕੇ. ਨੰ. 1 ਦੀਆਂ 150 ਖਾਲੀ ਬੋਤਲਾਂ (ਚੰਡੀਗੜ੍ਹ ’ਚ ਵਿਕਰੀ ਲਈ), ਹਾਈ ਸਪੀਡ ਵ੍ਹਿਸਕੀ ਦੀਆਂ 21 ਖਾਲੀ ਬੋਤਲਾਂ, ਸਿੰਗਲਟਨ ਵ੍ਹਿਸਕੀ ਦੀਆਂ 3 ਖਾਲੀ ਬੋਤਲਾਂ, ਬਲੈਕ ਲੇਬਲ ਜੌਨੀ ਵਾਕਰ ਦੀਆਂ 5 ਖਾਲੀ ਬੋਤਲਾਂ, ਬਲੂ ਲੇਬਲ ਦੀਆਂ 14 ਖਾਲੀ ਬੋਤਲਾਂ, ਗਲੇਨਲਿਵਟ ਦੇ 5 ਡੱਬੇ, ਬਲੈਕ ਡੌਗ ਗੋਲਡ ਦੇ 2 ਡੱਬੇ, ਗਲੇਨਫਿਡਿਚ 15 ਯੀਅਰਜ਼ ਦਾ ਇਕ ਡੱਬਾ ਅਤੇ ਗਲੇਨਲਿਵਟ, ਗਲੇਨਫਿਡਿਚ ਅਤੇ ਬਲੈਕ ਲੇਬਲ ਬ੍ਰਾਂਡਜ਼ ਦੇ ਢੱਕਣ ਜ਼ਬਤ ਕੀਤੇ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਉਹ ਮੁਹਾਲੀ ਅਤੇ ਲੁਧਿਆਣਾ ਖੇਤਰ ਦੇ ਵੱਖ-ਵੱਖ ਸਕਰੈਪ ਡੀਲਰਾਂ ਤੋਂ ਸਕਾਚ ਬ੍ਰਾਂਡ ਦੀਆਂ ਖਾਲੀ ਬੋਤਲਾਂ ਖਰੀਦਦੇ ਹਨ ਅਤੇ ਉਹ ਵੀ ਇਸ ਰੈਕੇਟ ’ਚ ਸ਼ਾਮਲ ਹਨ। ਪੁਲਸ ਦੀਆਂ ਟੀਮਾਂ ਇਨ੍ਹਾਂ ਡੀਲਰਾਂ ਦਾ ਪਤਾ ਕਰ ਰਹੀਆਂ ਹਨ ਅਤੇ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕੁੰਦਨ ਵਿਸ਼ਟ, ਹਰਸ਼ਵਰਦਨ, ਪਰਦੀਪ ਸਿੰਘ ਅਤੇ ਜੈਸਮੀਨ ਕੌਰ ਦੇ ਖ਼ਿਲਾਫ਼ ਪੰਜਾਬ ਆਬਕਾਰੀ ਐਕਟ ਦੀ ਧਾਰਾ 61/1/14 ਅਤੇ 78(2) ਅਤੇ ਆਈ. ਪੀ. ਸੀ. ਦੀ ਧਾਰਾ 420 ਅਤੇ 120-ਬੀ ਦੇ ਤਹਿਤ ਪੁਲਿਸ ਥਾਣਾ ਖਮਾਣੋਂ ਵਿਖੇ ਐੱਫ.ਆਈ.ਆਰ. ਨੰ. 60 ਮਿਤੀ 26-05-2022 ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਭੁੱਲਰ ਨੇ ਸਕੂਲ ਪ੍ਰਬੰਧਕਾਂ ਨੂੰ ਬੱਸਾਂ ਦਾ ਬਕਾਇਆ ਟੈਕਸ ਭਰਨ ਸਬੰਧੀ ਦਿੱਤੀ ਇਹ ਹਦਾਇਤ

 


Manoj

Content Editor

Related News