ਆਬਕਾਰੀ ਵਿਭਾਗ ਤੇ ਲੁਧਿਆਣਾ ਪੁਲਸ ਵੱਲੋਂ ਗੈਰ-ਕਾਨੂੰਨੀ ਤੇ ਨਕਲੀ ਸ਼ਰਾਬ ਦੇ ਰੈਕੇਟ ਦਾ ਪਰਦਾ ਫਾਸ਼

Sunday, Jul 04, 2021 - 06:00 PM (IST)

ਆਬਕਾਰੀ ਵਿਭਾਗ ਤੇ ਲੁਧਿਆਣਾ ਪੁਲਸ ਵੱਲੋਂ ਗੈਰ-ਕਾਨੂੰਨੀ ਤੇ ਨਕਲੀ ਸ਼ਰਾਬ ਦੇ ਰੈਕੇਟ ਦਾ ਪਰਦਾ ਫਾਸ਼

ਚੰਡੀਗੜ/ਲੁਧਿਆਣਾ : ਰੈਡ ਰੋਜ਼ ਆਪ੍ਰੇਸ਼ਨ ਅਧੀਨ ਚੱਲ ਰਹੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਅਤੇ ਪੁਲਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਜੀ.ਟੀ. ਰੋਡ ਜੁਗਿਆਣਾ, ਲੁਧਿਆਣਾ ਵਿਖੇ ਸਥਿਤ ਜੈਮਕੋ ਐਕਸਪੋਰਟ ਵਿਚ ਗੈਰ-ਕਾਨੂੰਨੀ ਅਤੇ ਨਕਲੀ ਸ਼ਰਾਬ ਦੇ ਰੈਕੇਟ ਦਾ ਪਰਦਾ ਫਾਸ਼ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਰਾਜੇਸ਼ ਐਰੀ, ਸਹਾਇਕ ਕਮਿਸ਼ਨਰ ਆਬਕਾਰੀ, ਲੁਧਿਆਣਾ, ਜੰਗ ਬਹਾਦੁਰ ਸ਼ਰਮਾ ਏ.ਸੀ.ਪੀ.(ਹੈਡ ਕੁਆਰਟਰ), ਅਮਿਤ ਗੋਇਲ (ਆਬਕਾਰੀ ਅਧਿਕਾਰੀ) ਲੁਧਿਆਣਾ, ਦੀਵਾਨ ਚੰਦ (ਆਬਕਾਰੀ ਅਧਿਕਾਰੀ) ਲੁਧਿਆਣਾ ਦੀ ਨਿਗਰਾਨੀ ਹੇਠ ਕੀਤੀ ਗਈ ਅਤੇ ਇਸ ਵਿਚ ਇੰਸਪੈਕਟਰ ਗੋਪਾਲ ਸ਼ਰਮਾ, ਵਰਿੰਦਰ ਸਿੰਘ, ਹਰਜਿੰਦਰ ਸਿੰਘ, ਨਵਨੀਸ਼ ਐਰੀ, ਯਸ਼ਪਾਲ, ਇੰਚਾਰਜ ਸੀ.ਆਈ.ਏ-3, ਹਰਜਾਪ ਸਿੰਘ ਏ.ਐਸ.ਆਈ. ਸੀ.ਆਈ.ਏ-3, ਵਿਨੋਦ ਕੁਮਾਰ ਏ.ਐਸ.ਆਈ. ਅਤੇ ਹੋਰ ਆਬਕਾਰੀ ਅਤੇ ਸੀ.ਆਈ.ਏ. ਦਾ ਸਟਾਫ ਸ਼ਾਮਲ ਸੀ।

ਛਾਪੇਮਾਰੀ ਦੌਰਾਨ 570 ਕੇਸ ਗੈਰ ਕਾਨੂੰਨੀ ਅਤੇ ਜਾਅਲੀ ਸ਼ਰਾਬ ਕੈਸ਼ ਵਿਸਕੀ, ਰਾਇਲ ਟਾਈਗਰ (ਨਿਰਮਾਣ ਯੂਨਿਟ ਦੇ ਨਾਮ ਤੋਂ ਬਿਨਾਂ) ਅਤੇ ਬਿਨਾਂ ਲੇਬਲ ਲੱਗੇ ਸ਼ਰਾਬ ਬਰਾਮਦ ਕੀਤੀ ਗਈ। ਸਾਰੀ ਸ਼ਰਾਬ ਬਿਨਾਂ ਹੋਲੋਗ੍ਰਾਮ ਤੋਂ ਪਾਈ ਗਈ ਅਤੇ ਕੁਝ ਖਾਲੀ ਗੱਤੇ ਦੇ ਬਕਸੇ ਵੀ ਮਿਲੇ ਹਨ। ਪਤਾ ਲੱਗਿਆ ਹੈ ਕਿ ਫੈਕਟਰੀ ਦੀ ਵਰਤੋਂ ਗੈਰ-ਕਾਨੂੰਨੀ ਸ਼ਰਾਬ ਵੇਚਣ ਲਈ ਕੀਤੀ ਜਾ ਰਹੀ ਸੀ। ਫੈਕਟਰੀ ਦਾ ਮਾਲਕ ਹਰਮੋਹਨ ਸਿੰਘ, ਦੋ ਹੋਰ ਦੋਸ਼ੀ ਤਸਕਰਾਂ ਜਗਵੰਤ ਸਿੰਘ ਉਰਫ ਜੱਗਾ ਅਤੇ ਸੰਜੂ ਦੀ ਮਿਲੀਭੁਗਤ ਨਾਲ, ਨਾਜਾਇਜ਼ ਸ਼ਰਾਬ ਤਸਕਰੀ ਦੇ ਮਾਮਲੇ ਵਿਚ ਸ਼ਾਮਲ ਪਾਇਆ ਗਿਆ ਹੈ।

ਇਕ ਐਫ.ਆਈ.ਆਰ. ਨੰਬਰ 121 ਮਿਤੀ 04-07-2021 ਥਾਣਾ ਸਾਹਨੇਵਾਲ ਵਿਖੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 61 (1) (14) ਦੇ ਤਹਿਤ ਦਰਜ ਕੀਤੀ ਗਈ ਹੈ ਅਤੇ ਹਰਮੋਹਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ 1128 ਬਸੰਤ ਐਵਨਿਊ, ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਧਰ ਪੁਲਸ ਦਾ ਆਖਣਾ ਹੈ ਕਿ ਸਪਲਾਈ/ਗੈਰ ਕਾਨੂੰਨੀ ਸ਼ਰਾਬ ਬਣਾਉਣ ਦੇ ਸਰੋਤ ਅਤੇ ਗੈਰ ਕਾਨੂੰਨੀ ਸ਼ਰਾਬ ਨੂੰ ਵੇਚਣ ਵਿਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News