ਪ੍ਰੀਖਿਆ ਕੇਂਦਰ ਬਦਲੀ ਹੋਣ ਕਾਰਨ ਵਿਦਿਆਰਥੀ ਹੋਏ ਖੱਜਲ-ਖੁਆਰ
Sunday, Mar 04, 2018 - 01:25 PM (IST)

ਵਲਟੋਹਾ (ਗੁਰਮੀਤ ਸਿੰਘ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਕਲ ਰਹਿਤ ਪ੍ਰੀਖਿਆ ਕਰਵਾਉਣ ਦੇ ਮੰਤਵ ਨਾਲ ਤਰਨਤਾਰਨ ਦੇ ਸਰਹੱਦੀ ਹਲਕਾ ਖੇਮਕਰਨ ਦੇ ਤਬਦੀਲ ਕੀਤੇ ਪ੍ਰੀਖਿਆ ਕੇਂਦਰਾਂ ਨਾਲ ਦੂਰ-ਦੁਰਾਡੇ ਤੋਂ ਪੇਪਰ ਦੇਣ ਆਏ ਵਿਦਿਆਰਥੀਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ 'ਤੇ ਮਾਨਸਾ ਤੋਂ ਸਤਨਾਮ ਸਿੰਘ ਅਤੇ ਅੰਮ੍ਰਿਤਸਰ ਤੋਂ ਹਰਮੇਸ਼ ਸਿੰਘ ਨਾਮਕ ਨੌਜਵਾਨਾਂ ਨੇ ਦੱਸਿਆ ਕਿ ਉਹ ਬਾਰਵੀਂ ਜਮਾਤ ਦਾ ਪੇਪਰ ਦੇਣ ਲਈ ਵਲਟੋਹਾ ਵਿਖੇ ਪਹੁੰਚੇ ਸਨ ਪਰ ਬੀਤੀ ਰਾਤ ਹੀ ਵਿਭਾਗ ਵੱਲੋਂ ਪ੍ਰੀਖਿਆ ਕੇਂਦਰ ਬਦਲਕੇ ਤਰਨਤਾਰਨ ਸ਼ਿਫਟ ਕਰ ਦਿੱਤੇ ਗਏ, ਜਦ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸੁਚਨਾ ਨਹੀਂ ਮਿਲੀ। ਸ਼ਨੀਵਾਰ ਉਹ ਸਮੇਂ ਸਿਰ ਵਲਟੋਹਾ ਵਿਖੇ ਪ੍ਰੀਖਿਆ ਦੇਣ ਲਈ ਪਹੁੰਚੇ ਪਰ ਪਤਾ ਲੱਗਾ ਕਿ ਪ੍ਰੀਖਿਆ ਕੇਂਦਰ ਹੀ ਬਦਲ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਵਲਟੋਹਾ ਤੋਂ ਤਰਨਤਾਰਨ ਦੀ ਦੂਰੀ 50 ਕਿਲੋਮੀਟਰ ਬਣਦੀ ਹੈ ਜੋ ਕਿ ਹੁਣ ਪੂਰੀ ਸਮੇਂ ਸਿਰ ਤੈਅ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਮੌਸਮ ਦੀ ਖਰਾਬੀ ਕਾਰਨ ਵਿਦਿਆਰਥੀਆਂ ਦੀ ਪਰੇਸ਼ਾਨੀ ਵਿਚ ਹੋਰ ਵਾਧਾ ਰਿਹਾ।