ਪੁਆਇੰਟਸਮੈਨ ਪੇਪਰ ਲੀਕ, ਮਾਮਲਾ ਭਖਿਆ

Tuesday, Jul 24, 2018 - 12:45 AM (IST)

ਪੁਆਇੰਟਸਮੈਨ ਪੇਪਰ ਲੀਕ, ਮਾਮਲਾ ਭਖਿਆ

ਫਿਰੋਜ਼ਪੁਰ(ਜ.ਬ.)–ਮੰਡਲ ’ਚ ਪੁਆਇੰਟਸਮੈਨ ਦੀ ਪ੍ਰੀਖਿਆ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਨਾਲ ਭਖਿਆ  ਪਰ ਇਸ ਮਾਮਲੇ ਦੀ ਜੜ੍ਹ ਨੂੰ ਫੜਨ  ਲਈ ਰੇਲਵੇ ਨੂੰ ਗੰਭੀਰਤਾ ਦਿਖਾਉਣੀ ਪਵੇਗੀ ਕਿਉਂਕਿ ਮਾਮੂਲੀ ਜਿਹੀ ਗਲਤੀ ਨਾਲ ਜਿਥੇ ਕਈ ਵੱਡੀਆਂ ਮੱਛੀਆਂ ਮੱਕੜਜਾਲ ’ਚੋਂ ਬਾਹਰ ਨਿਕਲ ਸਕਦੀਆਂ ਹਨ, ਉਥੇ ਅਧਿਕਾਰੀਆਂ ਦੇ ਹੱਥਾਂ ’ਚ ਆਡੀਓ ਕਲਿੱਪ ਆਉਣ ਦੇ ਉਪਰੰਤ ਵੀ ਰੇਲਵੇ ਦੇ ਹੱਥ ਅਜੇ ਵੀ ਖਾਲੀ ਦਿਖਾਈ ਦੇ ਰਹੇ ਹਨ। ਹਾਲਾਂਕਿ ਚਰਚਾ ਇਹ ਹੈ  ਕਿ ਰੇਲਵੇ ਵੱਲੋਂ ਲਈ ਗਈ ਪੁਆਇੰਟਸਮੈਨ ਦੀ ਪ੍ਰੀਖਿਆ ਦਾ ਪੇਪਰ ਕਿਤੇ ਲੀਕ ਤਾਂ ਨਹੀਂ ਕੀਤਾ ਗਿਆ ਕਿਉਂਕਿ ਇਸ ਸਬੰਧੀ ਇਕ ਆਡੀਓ ਵਾਇਰਲ ਹੋ ਚੁੱਕਾ ਹੈ, ਜਿਸ ’ਚ ਪੈਸਿਆਂ ਦੇ ਲੈਣ-ਦੇਣ ਤੋਂ ਪੱਕਾ ਕੰਮ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ। ਚਰਚਾ ਤਾਂ ਇਹ ਹੈ ਕਿ ਪ੍ਰੀਖਿਆ  ਦੌਰਾਨ ਹੀ ਪੁਆਇੰਟਸਮੈਨ ਦਾ ਪੇਪਰ ਕਥਿਤ ਤੌਰ ’ਤੇ ਬਾਹਰ ਆ ਗਿਆ ਸੀ, ਜਿਸ ਬਾਬਤ ਕੁਝ ਅਧਿਕਾਰੀ ਬੋਲਣ ਨੂੰ ਤਿਆਰ ਹੀ ਨਹੀਂ ਹਨ। ਜਾਣਕਾਰ ਕਹਿੰਦੇ ਹਨ ਕਿ ਪੇਪਰ ਪ੍ਰੀਖਿਆ ਦੇ ਉਪਰੰਤ ਵੀ ਬਾਹਰ ਨਹੀਂ ਆਉਂਦਾ ਹੈ ਅਤੇ ਜੇਕਰ ਆਰ. ਟੀ. ਆਈ. ਦੇ ਜ਼ਰੀਏ ਪੇਪਰ ਮੰਗਿਆ ਜਾਂਦਾ ਹੈ ਤਾਂ ਪੇਪਰ ਸਿਰਫ ਨੋਟ ਕਰਨ ਦੀ ਸਲਾਹ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਮੰਡਲ ’ਚ ਚਰਚਾ ਹੈ ਜੋ ਵਾਇਰਲ ਹੋਏ ਆਡੀਓ ’ਚ ਕਥਿਤ ਤੌਰ ’ਤੇ ਇਕ ਯੂਨੀਅਨ ਨਾਲ ਜੁੜੇ ਵਿਅਕਤੀ ਦੀ ਆਵਾਜ਼ ਦੱਸੀ ਜਾ ਰਹੀ ਹੈ, ਜੋ ਕੰਮ ਕਰਵਾਉਣ ਦੀ ਗੱਲ ਕਰ ਰਿਹਾ ਹੈ। ਜਾਣਕਾਰ ਕਹਿੰਦੇ ਹਨ ਪੁਆਇੰਟਸਮੈਨ ਦੀ ਪ੍ਰੀਖਿਆ ਫਿਰੋਜ਼ਪੁਰ ਮੰਡਲ ’ਚ 23, 24, 30 ਜੂਨ ਅਤੇ 1 ਜੁਲਾਈ ਨੂੰ ਆਯੋਜਿਤ ਕੀਤੀ ਗਈ ਹੈ। ਹਾਲਾਂਕਿ ਇਕ ਵੱਡੇ ਅਧਿਕਾਰੀ  ਨੇ ਆਪਣਾ ਨਾਂ ਨਾ ਪ੍ਰਕਾਸ਼ਿਤ ਕਰਨ ਦੇ  ਬਦਲੇ  ’ਚ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਜਾਂਚ ਤਾਂ ਹਰ ਹਾਲਤ ’ਚ ਹੋਵੇਗੀ ਕਿਉਂਕਿ ਇਹ ਰੇਲਵੇ ਦੀ ਪ੍ਰੀਖਿਆ ਨਾਲ ਜੁੜਿਆ ਮੁੱਦਾ ਹੈ।
ਮਾਮਲਾ ਵਿਜੀਲੈਂਸ ਨੂੰ ਸੌਂਪਣ ਦੀ ਉਠੀ ਮੰਗ 
ਹਾਲਾਂਕਿ ਇਹ ਮਾਮਲਾ ਅਜੇ ਮੰਡਲ ਪੱਧਰ ’ਤੇ ਧੱਕੇ ਖਾ ਰਿਹਾ ਹੈ, ਜੋ ਰੇਲਵੇ ਵਿਜੀਲੈਂਸ ਦੇ ਕੋਲ ਨਹੀਂ ਪਹੁੰਚਿਆ ਹੈ। ਆਵਾਜ਼ ਉੱਠਣ ਲੱਗੀ ਹੈ ਕਿ ਜੇਕਰ ਵੱਡੇ ਅਧਿਕਾਰੀ ਚਾਹੁੰਣ ਤਾਂ ਇਹ ਮਾਮਲਾ ਰੇਲਵੇ ਵਿਜੀਲੈਂਸ ਦੇ ਕੋਲ ਜਾ ਸਕਦਾ ਹੈ ਪਰ ਫਿਲਹਾਲ ਇਸ ਨੂੰ ਲੈ ਸੁਸਤ ਰਵੱਈਆ ਅਪਣਾਇਆ ਜਾ ਰਿਹਾ ਹੈ।
ਕੀ ਕਹਿੰਦੇ ਨੇ ਡੀ. ਆਰ. ਐੱਮ.
ਇਸ ਸਬੰਧੀ ਜਦ ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਮ. ਵਿਵੇਕ ਕੁਮਾਰ ਨਾਲ ਗੱਲ ਕੀਤੀ ਗਈ ਤਾਂ  ਉਨ੍ਹਾਂ ਦੱਸਿਆ ਕਿ ਆਡੀਓ ਜਾਂਚ ਲਈ ਪਰਸਨਲ ਸ਼ਾਖਾ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ ਅਤੇ ਜਾਂਚ  ਉਪਰੰਤ ਇਸ ’ਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਡੀਓ ’ਚ ਗੱਲ ਕਰ ਰਹੇ ਲੋਕਾਂ ਦੀ ਪਛਾਣ ਕਰਨ  ਲਈ ਪੂਰੀ ਤਾਕਤ ਲਾਈ ਜਾ ਰਹੀ ਹੈ। 


Related News