ਸਾਬਕਾ ਪੁਲਸ ਕਮਿਸ਼ਨਰ ਨੇ ਸ਼ਹਿਰ ’ਚ ਕੈਮਰੇ ਲਗਵਾਉਣ ਲਈ ਮੇਰੇ ਕੋਲੋਂ ਮੰਗਿਆ ਸੀ ਸਹਿਯੋਗ : ਭੰਡਾਰੀ

07/28/2018 6:37:21 AM

ਜਲੰਧਰ, (ਸੁਧੀਰ)- ਸ਼ਹਿਰ ਵਿਚ ਅਪਰਾਧੀਆਂ ਤੇ ਚੋਰ ਲੁਟੇਰਿਆਂ ’ਤੇ ਨਕੇਲ ਕੱਸਣ ਲਈ  ਨਾਰਥ ਹਲਕੇ ਵਿਚ ਕਰੀਬ 20 ਲੱਖ ਦੀ ਲਾਗਤ ਨਾਲ ਲਗਵਾਏ ਗਏ ਕੈਮਰੇ ਕਮਿਸ਼ਨਰੇਟ ਪੁਲਸ ਦੀ  ਲਾਪ੍ਰਵਾਹੀ ਨਾਲ ਤਕਰੀਬਨ ਖਰਾਬ ਹੋ ਚੁੱਕੇ ਹਨ। ਕੈਮਰਿਆਂ ਦਾ ਹਾਲ ਇਹ ਹੋ ਚੁੱਕਾ ਹੈ ਕਿ  ਕਈ ਥਾਵਾਂ ਤੋਂ ਤਾਂ ਕੈਮਰੇ ਹੀ ਗਾਇਬ ਹੋ ਗਏ ਹਨ ਤੇ ਕਈ ਥਾਵਾਂ ’ਤੇ ਉਹ ਤਾਰਾਂ ਤੋਂ  ਹੇਠਾਂ ਲਟਕ ਰਹੇ ਹਨ। ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਦੱਸਿਆ ਕਿ ਸਾਬਕਾ ਪੁਲਸ  ਕਮਿਸ਼ਨਰ ਅਰਪਿਤ ਸ਼ੁਕਲਾ ਨੇ ਸ਼ਹਿਰ ਵਿਚ ‘ਆਂਖੇ’ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਲਈ ਉਨ੍ਹਾਂ  ਕੋਲੋਂ ਸਹਿਯੋਗ ਮੰਗਿਆ ਸੀ। ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਦੱਸਿਆ ਕਿ ਜਿਸ ਤੋਂ ਬਾਅਦ  ਉਨ੍ਹਾਂ ਸ਼ਹਿਰ ਦੇ ਇੰਡਸਟਰੀਲਿਸਟਾਂ ਨਾਲ ਮੀਟਿੰਗ ਕਰਕੇ ਸ਼ਹਿਰ ਵਿਚ ਕੈਮਰੇ ਲਗਵਾਉਣ ਲਈ  20 ਲੱਖ ਰੁਪਏ ਇਕੱਠੇ ਕਰ ਕੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ  ਸ਼ਹਿਰ ਦੇ  ਇਕ ਵੱਡੇ ਹੋਟਲ ਵਿਚ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਾਬਕਾ ਪੁਲਸ  ਕਮਿਸ਼ਨਰ ਅਰਪਿਤ ਸ਼ੁਕਲਾ, ਸਾਬਕਾ ਡੀ. ਸੀ. ਕਮਲ ਕਿਸ਼ੋਰ ਯਾਦਵ, ਸਾਬਕਾ ਮੇਅਰ ਸੁਨੀਲ ਜੋਤੀ  ਤੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਨਾਰਥ ਹਲਕੇ ਵਿਚ ਕੈਮਰੇ  ਲਗਵਾਉਣ ਲਈ 20 ਲੱਖ ਰੁਪਏ ਦਿੱਤੇ ਗਏ। ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਦੱਸਿਆ ਕਿ  ਸ਼ਹਿਰ ਵਿਚ ਪਿਛਲੇ ਕਾਫੀ ਸਮੇਂ ਤੋਂ ਕ੍ਰਾਈਮ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ।  ਚੋਰ ਲੁਟੇਰੇ ਰੋਜ਼ਾਨਾ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ  ਬੜੇ  ਆਰਾਮ ਨਾਲ ਫਰਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸਥਾਨਕ ਸਰਕੁਲਰ  ਰੋਡ ’ਤੇ ਦਸਮੇਸ਼ ਮੈਡੀਕਲ ਤੇ ਹੋਲਸੇਲ ਸਿਗਰੇਟ ਕਾਰੋਬਾਰੀ ਦੀ ਦੁਕਾਨ ਤੇ ਫਗਵਾੜਾ ਗੇਟ  ਵਿਚ ਇਕ ਦੁਕਾਨ ਦੇ ਤਾਲੇ ਤੋੜ ਕੇ ਚੋਰ ਲੱਖਾਂ ਦਾ ਸਾਮਾਨ ਤੇ ਲੱਖਾਂ ਦੀ ਨਕਦੀ ਚੋਰੀ  ਕਰ ਕੇ ਲੈ ਗਏ। ਇਸਦੇ ਨਾਲ ਹੀ ਚੋਰਾਂ ਨੇ ਪੰਜ ਪੀਰ ਇਲਾਕੇ ਵਿਚ 2 ਦੁਕਾਨਾਂ ਦੇ ਤਾਲੇ ਤੋੜ  ਕੇ ਚੋਰੀ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਜਦੋਂ ਉਹ ਮੌਕੇ ’ਤੇ  ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਲੋਕਾਂ ਦੇ ਸਹਿਯੋਗ ਨਾਲ  ਖੇਤਰ ਵਿਚ 20 ਲੱਖ ਦੀ ਲਾਗਤ  ਨਾਲ ਜੋ ਕੈਮਰੇ ਲਗਵਾਏ ਗਏ ਸਨ ਉਹ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਲਟਕ ਰਹੇ ਹਨ ਜਾਂ ਖਰਾਬ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੈਮਰੇ  ਸਹੀ  ਹੋਣ ਤਾਂ ਚੋਰ ਲੁਟੇਰਿਆਂ ਦੀ ਫੁਟੇਜ ਉਨ੍ਹਾਂ ਵਿਚ ਸਾਫ ਆ ਜਾਣੀ ਸੀ। ਸਾਬਕਾ ਵਿਧਾਇਕ  ਕੇ. ਡੀ. ਭੰਡਾਰੀ ਨੇ ਸਾਫ ਕਿਹਾ ਕਿ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਸ਼ਹਿਰ ਵਿਚ  ਲੱਗੇ ਕੈਮਰਿਆਂ ਦੀ ਦੇਖਭਾਲ ਤਾਂ ਸਹੀ ਢੰਗ ਨਾਲ ਨਹੀਂ ਕਰਵਾ ਸਕੇ ਉਲਟਾ ਗਲਤ ਬਿਆਨਬਾਜ਼ੀ ਕਰ  ਰਹੇ ਹਨ ਕਿ ਕੈਮਰਿਆਂ ਨੂੰ ਟੈਕਨਾਲੋਜੀ ਦੇ ਹਿਸਾਬ ਨਾਲ ਨਹੀਂ ਲਗਾਇਆ ਗਿਆ। 
ਥਾਣਾ ਇੰਚਾਰਜਾਂ ਨੇ ਬਣਵਾਏ ਸਨ ਕੈਮਰੇ ਲਗਵਾਉਣ ਲਈ ਸੈਂਸਟਿਵ ਸਥਾਨਾਂ ਦੇ ਨਕਸ਼ੇ
ਸਾਬਕਾ  ਵਿਧਾਇਕ ਕੇ. ਡੀ. ਭੰਡਾਰੀ ਨੇ ਦੱਸਿਆ ਕਿ 20 ਲੱਖ ਦੀ ਲਾਗਤ ਨਾਲ ਨਾਰਥ ਹਲਕੇ ਵਿਚ 300  ਕੈਮਰੇ ਲਗਵਾਉਣ ਲਈ ਸਾਬਕਾ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਦੇ ਨਿਰਦੇਸ਼ਾਂ ’ਤੇ ਤਿੰਨ  ਥਾਣਿਆਂ ਦੇ ਇੰਚਾਰਜਾਂ ਨੇ ਆਪਣੇ-ਆਪਣੇ ਖੇਤਰ ਵਿਚ ਸੈਂਸਟਿਵ ਪੁਆਇੰਟਸ ਚੁਣ ਕੇ ਪਹਿਲਾਂ  ਉਨ੍ਹਾਂ ਦੇ ਨਕਸ਼ੇ ਬਣਵਾਏ ਸਨ। ਜਿਸ ਤੋਂ ਬਾਅਦ ਉਥੇ ਕੈਮਰੇ ਲਗਵਾਏ ਗਏ। ਉਨ੍ਹਾਂ ਦੱਸਿਆ ਕਿ  ਅਜੇ ਵੀ ਨਕਸ਼ੇ ਥਾਣਿਆਂ ਦੇ ਮੁਨਸ਼ੀਆਂ ਕੋਲ ਹੀ ਹਨ। ਉਨ੍ਹਾਂ ਕਿਹਾ ਕਿ ਪੁਲਸ ਕਮਿਸ਼ਨਰ  ਅਰਪਿਤ ਸ਼ੁਕਲਾ ਦੇ ਜਾਣ ਤੋਂ ਬਾਅਦ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਦੀ ਜ਼ਿੰਮੇਵਾਰੀ  ਬਣਦੀ ਸੀ ਕਿ ਉਹ ਕੈਮਰਿਆਂ ਦੀ ਮੇਨਟੀਨੈਂਸ ਕਰਵਾਉਂਦੇ। ਉਨ੍ਹਾਂ ਦੱਸਿਆ ਕਿ ਕਈ ਥਾਵਾਂ  ਤੋਂ ਤਾਂ ਕੈਮਰੇ ਗਾਇਬ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕੁਝ ਥਾਵਾਂ ’ਤੇ ਖਾਸ ਤੌਰ ’ਤੇ   ਸ਼ਰਾਬ ਮਾਫੀਆ ’ਤੇ ਨਕੇਲ ਕੱਸਣ ਲਈ ਕੈਮਰੇ ਲਗਵਾਏ ਗਏ ਸਨ ਪਰ ਹੁਣ ਉਨ੍ਹਾਂ ਥਾਵਾਂ ਤੋਂ  ਕੈਮਰੇ ਗਾਇਬ ਹੋ ਚੁੱਕੇ ਹਨ। ਭੰਡਾਰੀ ਨੇ ਸਾਫ ਕਿਹਾ ਕਿ ਜੇਕਰ ਕੈਮਰਿਆਂ ਦੀ ਮੇਨਟੀਨੈਂਸ  ਸਹੀ ਢੰਗ ਨਾਲ ਹੁੰਦੀ ਤੇ ਕੈਮਰੇ ਖਰਾਬ ਨਾ ਹੁੰਦੇ ਤਾਂ ਅੱਜ ਕਈ ਅਪਰਾਧੀ ਸੀਖਾਂ ਦੇ  ਪਿੱਛੇ ਹੋਣੇ ਸਨ। 
ਟੈਕਨਾਲੋਜੀ ਦਾ ਹਿਸਾਬ ਉਨ੍ਹਾਂ ਦੇਖਿਆ ਸੀ ਮੈਂ ਤਾਂ ਕਮਿਸ਼ਨਰੇਟ ਪੁਲਸ ਨੂੰ ਸਹਿਯੋਗ ਦਿੱਤਾ : ਭੰਡਾਰੀ
ਕੇ.  ਡੀ. ਭੰਡਾਰੀ ਨੇ ਦੱਸਿਆ ਕਿ ਸਾਬਕਾ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਉਨ੍ਹਾਂ ਨੂੰ ਖੁਦ  ਫੋਨ ਕਰਕੇ ਕੈਮਰੇ ਲਗਵਾਉਣ ਵਿਚ ਸਹਿਯੋਗ ਮੰਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਪੈਸੇ ਇਕੱਠੇ  ਕਰ ਕੇ ਉਨ੍ਹਾਂ ਨੂੰ ਦਿੱਤੇ ਸਨ। ਜਿਸ ਤੋਂ ਬਾਅਦ ਸਾਬਕਾ ਪੁਲਸ ਕਮਿਸ਼ਨਰ ਨੇ ਏ. ਸੀ. ਪੀ.  ਰੈਂਕ ਦੇ ਨਾਲ ਸ਼ਹਿਰ ਦੇ ਤਿੰਨ ਥਾਣਾ ਇੰਚਾਰਜਾਂ ਦੀ ਇਕ ਵਿਸ਼ੇਸ਼ ਟੀਮ ਬਣਾ ਕੇ ਸ਼ਹਿਰ ਵਿਚ  ਕੈਮਰੇ ਲਗਵਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਉਕਤ  ਅਧਿਕਾਰੀਆਂ ਨੇ ਕੈਮਰੇ ਆਪਣੇ ਹਿਸਾਬ ਨਾਲ ਪਸੰਦ ਕਰਕੇ ਲਗਵਾਏ ਸਨ। ਉਨ੍ਹਾਂ ਸਾਫ ਕਿਹਾ ਕਿ  ਇਕ ਤਾਂ ਉਨ੍ਹਾਂ ਕੈਮਰੇ ਲਗਵਾਉਣ ਲਈ 20 ਲੱਖ ਦਾ ਸਹਿਯੋਗ ਦਿੱਤਾ ਦੂਜੇ ਪਾਸੇ ਪੁਲਸ  ਕਮਿਸ਼ਨਰ ਦੋਸ਼ ਲਾ ਰਹੇ ਹਨ ਕਿ ਕੈਮਰੇ ਟੈਕਨਾਲੋਜੀ ਦੇ ਹਿਸਾਬ ਨਾਲ ਨਹੀਂ ਲਗਵਾਏ ਗਏ।
ਕੀ ਕਹਿੰਦੇ ਹਨ ਪੁਲਸ ਕਮਿਸ਼ਨਰ
ਦੂਜੇ ਪਾਸੇ ਪੁਲਸ  ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਜਿਸਨੇ ਵੀ ਕੈਮਰੇ ਲਗਵਾਏ  ਟੈਕਨਾਲੋਜੀ ਦੇ ਹਿਸਾਬ ਨਾਲ ਨਹੀਂ ਲਗਵਾਏ। ਕੈਮਰੇ ਗਾਇਬ ਹੋਣ ਸਬੰਧੀ ਉਹ ਜਾਂਚ  ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ ਜਾਂਚ ਵਿਚ ਪਤਾ ਲੱਗਾ ਹੈ ਕਿ ਕੁਝ ਕੈਮਰੇ ਬਿਜਲੀ  ਦੇ ਖੰਭਿਆਂ ’ਤੇ ਲੱਗੇ ਹਨ। ਜਿਨ੍ਹਾਂ ਨੂੰ ਬਿਜਲੀ ਵਿਭਾਗ ਨੇ ਉਤਰਵਾਇਆ ਹੈ। ਉਨ੍ਹਾਂ  ਦੱਸਿਆ ਕਿ ਖਰਾਬ ਕੈਮਰਿਆਂ ਦੀ ਜਲਦੀ ਹੀ ਜਾਂਚ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਮਾਰਟ  ਸਿਟੀ ਦੇ ਤਹਿਤ 70 ਕਰੋੜ ਦੀ ਲਾਗਤ ਨਾਲ ਸ਼ਹਿਰ ਵਿਚ ਹਾਈ ਡੈਫੀਨੇਸ਼ਨ ਦੇ ਕੈਮਰੇ ਲਗਵਾਏ  ਜਾਣਗੇ। 


Related News