ਸੈਂਕੜੇ ਨੌਜਵਾਨਾਂ ਨੂੰ ਟ੍ਰੇਨਿੰਗ ਤੇ ਕੋਚਿੰਗ ਦੇ ਕੇ ਇਲਾਕੇ ਦਾ ਭਲਾ ਕਰ ਰਿਹੈ ਸਾਬਕਾ ਫੌਜੀ ਅਫ਼ਸਰ

06/07/2020 2:38:52 PM

ਬਲਾਚੌਰ (ਬ੍ਰਹਮਪੁਰੀ)— ਸਿਆਸਤ ਦੀ ਮੰਜ਼ਿਲ ਸਰ ਕਰਨ ਲਈ ਸਿਆਸੀ ਲੋਕਾਂ ਨੂੰ ਖੂਬ ਮੁਸ਼ੱਕਤ ਕਰਨੀ ਪੈਂਦੀ ਹੈ। ਇਨ੍ਹਾਂ ਲੋਕਾਂ ਦੇ ਕੀਤੇ ਕੰਮ ਕਈਆਂ ਦੇ ਰਾਸ ਆ ਜਾਂਦੇ ਹਨ । ਖਾਸਕਰ ਨੌਜਵਾਨਾਂ ਦਾ ਭਵਿੱਖ ਵੀ ਕਈ ਵਾਰ ਉੱਜਵਲ ਹੋ ਜਾਂਦਾ ਹੈ। ਬਲਾਚੌਰ ਖੇਤਰ 'ਚ ਇਕ ਸਾਬਕਾ ਬ੍ਰਿਗੇਡੀਅਰ ਨੇ ਸਿਆਸੀ ਲਾਹੇ ਲਈ ਆਪਣੀ ਇਕ ਨੌਜਵਾਨਾਂ ਦੀ ਬ੍ਰਿਗੇਡ ਵੀ ਤਿਆਰ ਕਰ ਲਈ ਹੈ, ਜਿਸ ਦੀ ਸਿਆਸੀ ਪਾਰਟੀਆਂ ਅਤੇ ਲੋਕਾਂ 'ਚ ਖੁੰਢ ਚਰਚਾ ਸ਼ੁਰੂ ਹੋਈ ਹੈ।

ਕਿਸੇ ਸਮੇਂ ਆਮ ਆਦਮੀ ਪਾਰਟੀ ਰਾਹੀਂ ਸਿਆਸਤ 'ਚ ਦਾਖਲ ਹੋਣ ਵਾਲੇ ਰਾਜ ਕੁਮਾਰ ਸਾਬਕਾ ਬ੍ਰਿਗੇਡੀਅਰ ਜੋ ਅੱਜ ਕੱਲ ਅਕਾਲੀ ਦਲ ਬਾਦਲ ਦੇ ਆਗੂ ਵਜੋਂ ਵਿਚਰ ਰਹੇ ਹਨ ਵੱਲੋਂ ਨੌਜਵਾਨਾਂ ਨੂੰ ਆਰਮੀ 'ਚ ਭਰਤੀ ਹੋਣ ਲਈ ਲੋੜੀਂਦੀ ਜਾਣਕਾਰੀ ਅਤੇ ਕੋਚਿੰਗ ਲਗਾਤਾਰ ਦਿੱਤੀ ਜਾ ਰਹੀ ਹੈ। ਭਾਰਤੀ ਸੈਨਾ 'ਚ ਉੱਚ ਅਹੁਦਿਆਂ 'ਤੇ ਰਹਿ ਕੇ ਆਪਣਾ ਨਾਮ ਕਮਾਉਣ ਵਾਲੇ ਰਾਜ ਕੁਮਾਰ ਬ੍ਰਿਗੇਡੀਅਰ ਮੁੰਬਈ ਤਾਜ ਹੋਟਲ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਅੱਤਵਾਦੀ ਕਿਸਾਬ ਤੋਂ ਪੁੱਛਗਿੱਛ ਮਾਮਲੇ ਦੌਰਾਨ ਚਰਚਾ 'ਚ ਆਏ ਸੀ। ਰਾਜ ਕੁਮਾਰ ਕਰੀਬ 7-8 ਸਾਲ ਤੋਂ ਬਲਾਚੌਰ, ਪੋਜੇਵਾਲ, ਗੜ੍ਹਸ਼ੰਕਰ, ਬੀਨੇਵਾਲ, ਰੱਤੇਵਾਲ ਇਲਾਕਿਆਂ ਦੇ ਨੌਜਵਾਨਾਂ ਨੂੰ ਸਰੀਰਕ ਤੌਰ 'ਤੇ ਮਜ਼ਬੂਤ ਕਰਨ ਲਈ ਟਰਾਇਲ ਟ੍ਰੇਨਿੰਗ ਦਿੰਦੇ ਹਨ। ਇਨ੍ਹਾਂ ਦੀ ਕੋਚਿੰਗ ਲਈ ਬਲਾਚੌਰ ਅਤੇ ਪੋਜੇਵਾਲ ਵਿਖੇ ਲਿਖਤੀ ਪ੍ਰੀਖਿਆ 'ਚ ਸਫਲਤਾ ਦਿਵਾਉਣ ਲਈ ਨੌਜਵਾਨਾਂ ਲਈ ਅਧਿਆਪਕ ਦੀ ਵਿਵਸਥਾ ਵੀ ਰਾਜ ਕੁਮਾਰ ਵੱਲੋਂ ਆਪਣੀ ਜੇਬ 'ਚੋਂ ਹੀ ਕੀਤੀ ਗਈ।

ਵੱਖ-ਵੱਖ ਪਿੰਡਾਂ ਕਸਬਿਆਂ ਤੋਂ ਇਕੱਤਰ ਅੰਕੜਿਆਂ ਅਨੁਸਾਰ ਵੱਖ-ਵੱਖ ਕੈਟਾਗਰੀ 'ਚ ਸਿਪਾਹੀ ਰੈਂਕ ਦੇ ਭਰਤੀ ਹੋਏ ਨੌਜਵਾਨਾਂ ਦੇ ਮਾਪਿਆਂ ਨੇ ਦੱਸਿਆ ਕਿ ਅਸੀਂ ਘੱਟ ਪੜ੍ਹੇ ਲਿਖੇ ਹੋਣ ਕਰਕੇ ਆਪਣੇ ਲੜਕਿਆਂ ਦੀ ਭਰਤੀ ਬਾਰੇ ਕੁਝ ਨਹੀ ਜਾਣਦੇ ਸੀ ਪਰ ਰਾਜ ਕੁਮਾਰ ਸਾਬਕਾ ਬ੍ਰਿਗੇਡੀਅਰ ਵੱਲੋਂ ਦਿੱਤੀ ਟ੍ਰਨਿੰਗ ਸਦਕਾ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਮਿਲਿਆ। ਉਨ੍ਹਾਂ ਨੇ ਸਰਕਾਰਾਂ ਨੂੰ ਰਾਜ ਕੁਮਾਰ ਸਾਬਕਾ ਬ੍ਰਿਗੇਡੀਅਰ ਦਾ ਸਹਿਯੋਗ ਕਰਨ ਅਤੇ ਸਨਮਾਨਿਤ ਕਰਨ ਦੀ ਮੰਗ ਕੀਤੀ। ਜਦੋਂ ਇਸ ਬਾਰੇ ਰਾਜ ਕੁਮਾਰ ਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਲਗਾਤਾਰ ਭਰਤੀ ਬਾਰੇ ਜਾਣਕਾਰੀ, ਟਰਾਇਲ ਟ੍ਰੇਨਿੰਗ, ਲਿਖਤੀ ਕੋਚਿੰਗ ਆਦਿ ਦਾ ਮੰਤਵ ਆਪਣੇ ਪਿਛੜੇ ਇਲਾਕੇ ਦੀ ਜਵਾਨੀ ਅਤੇ ਕਿਸਾਨੀ ਵਾਲੇ ਪਰਿਵਾਰਾਂ ਲਈ ਰੋਜ਼ਗਾਰ ਦਾ ਇਕ ਚੰਗਾ ਪਲੇਟਫਾਰਮ ਪੈਦਾ ਕਰਨ ਦੇ ਨਾਲ-ਨਾਲ ਦੇਸ਼ ਭਗਤੀ ਦਾ ਜਜ਼ਬਾ ਵੀ ਆਪਣਾ ਮੁੱਖ ਮਕਸਦ ਦੱਸਿਆ। ਜਦ 'ਜਗ ਬਾਣੀ' ਟੀਮ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਸਿਆਸੀ ਲਾਹਾ ਲੈਣ ਲਈ ਇਹ ਕੰਮ ਕਰ ਰਹੇ ਹੋ ਤਾਂ ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਅਜੇ ਤੱਕ ਤਾਂ ਨਹੀ ਲਿਆ ਪਰ ਬਹੁਤਿਆਂ ਨੂੰ ਰੁਜ਼ਗਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਕੰਮ ਰਾਹੀਂ ਕੋਈ ਸਿਆਸੀ ਲਾਭ ਮਿਲੇ ਤਾਂ ਇਹ ਕੋਈ ਅਜਿਹਾ ਕੰਮ ਨਹੀ ਜਿਸ 'ਤੇ ਕੋਈ ਇਤਰਾਜ਼ ਕਰੇ।ਸਾਬਕਾ ਬ੍ਰਿਗੇਡੀਅਰ ਸਾਹਿਬ ਜੋ ਮਰਜ਼ੀ ਕਹਿਣ ਪਰ ਉਕਤ ਕੈਂਪਾਂ ਪਿੱਛੇ ਸਾਬਕਾ ਬ੍ਰਿਗੇਡੀਅਰ ਦੀ ਸਿਆਸੀ ਮੰਸ਼ਾ ਵੀ ਸਾਫ਼ ਝਲਕਦੀ ਹੈ।


shivani attri

Content Editor

Related News