ਅਗਾਊਂ ਜ਼ਮਾਨਤ ਮੰਗਣ ਦਾ ਸਭ ਨੂੰ ਅਧਿਕਾਰ, ਮਜੀਠੀਆ ਵੀ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ : ਰੋਮਾਣਾ

Tuesday, Dec 28, 2021 - 03:20 AM (IST)

ਚੰਡੀਗੜ੍ਹ(ਅਸ਼ਵਨੀ)- ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਕਿਸੇ ਗੱਲ ਦਾ ਡਰ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਜਾਂਚ ਤੋਂ ਡਰਦੇ ਹਨ। ਉਹ ਤਾਂ ਮੌਜੂਦਾ ਸਮੇਂ ’ਚ ਕੇਵਲ ਕਾਨੂੰਨ ਦੇ ਤਹਿਤ ਦਿੱਤੇ ਗਏ ਆਪਣੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ। ਅਗਾਊਂ ਜ਼ਮਾਨਤ ਮੰਗਣ ਦਾ ਸਭ ਨੂੰ ਅਧਿਕਾਰ ਹੈ। ਕਾਨੂੰਨ ਦੇ ਤਹਿਤ ਅਗਾਊਂ ਜ਼ਮਾਨਤ ਦੀ ਵਿਵਸਥਾ ਰੱਖੀ ਗਈ ਹੈ ਤਾਂ ਉਸ ਦਾ ਇਸਤੇਮਾਲ ਕਰਨਾ ਸਭ ਦਾ ਹੱਕ ਹੈ।
ਚੰਡੀਗੜ੍ਹ ’ਚ ਗੱਲਬਾਤ ਕਰਦਿਆਂ ਰੋਮਾਣਾ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਜੀਠੀਆ ਵਲੋਂ ਹਾਈ ਕੋਰਟ ’ਚ ਦਰਜ ਕੀਤੀ ਗਈ ਅਗਾਊਂ ਜ਼ਮਾਨਤ ਪਟੀਸ਼ਨ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ। ਰੋਮਾਣਾ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਮਜੀਠੀਆ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਦੇ ਤਹਿਤ ਚੋਣਵੇਂ ਤੱਥ ਲੀਕ ਕਰ ਰਹੀ ਹੈ। ਪੰਜਾਬ ’ਚ ਹਰ ਕੋਈ ਜਾਣਦਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਵਰਤਮਾਨ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਸਬੰਧਾਂ ਦਾ ਪਰਦਾਫਾਸ਼ ਕਿਸਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਤੱਥਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਰਿਪੋਰਟ ਸਾਬਕਾ ਪੁਲਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਨੇ ਤਿਆਰ ਕੀਤੀ ਸੀ। ਉਨ੍ਹਾਂ ਕਿਹਾ ਕਿ ਰਾਜ ’ਚ ਹਰ ਕੋਈ ਜਾਣਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਕਿਸ ਨੇ ਸ਼ਹਿ ਦਿੱਤੀ ਅਤੇ ਕਿਸ ਦੇ ਨਿਰਦੇਸ਼ ’ਤੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਰਿਪੋਰਟ ਤਿਆਰ ਕੀਤੀ।

ਯੂਥ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ’ਚ ਅਕਾਲੀ ਦਲ ਨੇ ਭਗਵਾਨਪੁਰੀਆ ਅਤੇ ਹੋਰ ਗੈਂਗਸਟਰਾਂ ਖਿਲਾਫ਼ ਡੀ.ਜੀ.ਪੀ. ਕੋਲ ਸ਼ਿਕਾਇਤ ਦਰਜ ਕਰਾਈ ਸੀ, ਪਰ ਅੱਜ ਤੱਕ ਇਸ ਮਾਮਲੇ ’ਚ ਕੋਈ ਕਾਰਵਾਈ ਨਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚੋਣਾਤਮਕ ਆਧਾਰ ’ਤੇ ਕੰਮ ਕਰਦੀ ਹੈ, ਇਹ ਤੱਥਾਂ ਤੋਂ ਸਾਬਿਤ ਹੁੰਦਾ ਹੈ, ਕਿਉਂਕਿ ਨਾਭਾ ਜੇਲ ’ਚ ਮਾਰੇ ਗਏ ਮੋਹਿੰਦਰ ਬਿੱਟੂ ਦੀ ਹੱਤਿਆ ਦੇ ਮਾਮਲੇ ’ਚ ਕੋਈ ਕਾਰਵਾਈ ਨਹੀ ਕੀਤੀ ਗਈ ਅਤੇ ਇਸੇ ਤਰ੍ਹਾਂ 2700 ਕਰੋੜ ਰੁਪਏ ਦੇ ਡਰੱਗਜ਼ ਮਾਮਲੇ ਦੇ ਮੁਲਜ਼ਮ ਗੁਰਪਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ, ਪਰ ਅੱਜ ਤੱਕ ਕੋਈ ਰਿਪੋਰਟ ਦਰਜ ਨਹੀ ਕੀਤੀ ਗਈ। ਰੋਮਾਣਾ ਨੇ ਗ੍ਰਹਿ ਮੰਤਰੀ ਰੰਧਾਵਾ ਨੂੰ ਯਾਦ ਕਰਵਾਇਆ ਕਿ ਇਸ ਸਰਕਾਰ ਕੋਲ ਹੁਣ ਕੁੱਝ ਹੀ ਦਿਨ ਬਾਕੀ ਬਚੇ ਹਨ ਅਤੇ ਸੱਤਾ ’ਚ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਸਰਕਾਰ ਸਾਰੇ ਝੂਠੇ ਅਤੇ ਨਿਰਾਧਾਰ ਮਾਮਲਿਆਂ ਦੀ ਜਾਂਚ ਦੇ ਹੁਕਮ ਦੇਵੇਗੀ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਰੋਮਾਣਾ ਨੇ ਚੁੱਕੇ 5 ਸਵਾਲ, ਮੰਗੇ ਸਰਕਾਰ ਤੋਂ ਜਵਾਬ:
ਰੋਮਾਣਾ ਨੇ 5 ਸਵਾਲ ਚੁੱਕਦਿਆਂ ਸਰਕਾਰ ਤੋਂ ਜਵਾਬ ਮੰਗਿਆ ਹੈ। ਰੋਮਾਣਾ ਨੇ ਪੁੱਛਿਆ ਕਿ ਜਿਸ ਅਫ਼ਸਰ ਦੀ ਇੰਪੈਲੇਂਨਮੈਂਟ ਯੂ.ਪੀ.ਐੱਸ.ਸੀ. ਵਲੋਂ ਰੱਦ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਕੁਝ ਦਿਨਾਂ ਲਈ ਪੰਜਾਬ ਦਾ ਡੀ.ਜੀ.ਪੀ. ਲਗਾਉਣ ਦਾ ਕਾਰਣ ਸਰਕਾਰ ਦੱਸੇ? ਜਦੋਂ ਯੂ.ਪੀ.ਐੱਸ.ਸੀ. ਨੇ ਡੀ.ਜੀ.ਪੀ. ਦੇ ਕੋਰ ਪੁਲਸਿੰਗ ਏਰੀਆ ’ਚ ਤਜਰਬੇ ਨੂੰ ਲੋੜੀਂਦ ਤੋਂ ਘੱਟ ਪਾਇਆ ਹੈ ਤਾਂ ਫਿਰ ਪੰਜਾਬ ਨੂੰ ਰਿਸਕ ’ਚ ਪਾ ਕੇ ਡੀ.ਜੀ.ਪੀ. ਤਾਇਨਾਤ ਕਿਉਂ ਕੀਤਾ ਗਿਆ? ਕਾਂਗਰਸ ਵਿਧਾਇਕ ਪਰਮਿੰਦਰ ਪਿੰਕੀ ਨੇ ਮੌਜੂਦਾ ਡੀ.ਜੀ.ਪੀ. ’ਤੇ ਗੰਭੀਰ ਦੋਸ਼ ਲਗਾਏ ਹਨ। ਵਿਧਾਇਕ ਨੇ ਜਾਨ ਦਾ ਖ਼ਤਰਾ ਦੱਸਿਆ ਹੈ, ਤਾਂ ਵਿਧਾਇਕ ਦੇ ਦੋਸ਼ ’ਤੇ ਇੰਕੁਆਇਰੀ ਆਰਡਰ ਕਿਉਂ ਨਹੀਂ ਕੀਤੀ ਗਈ? ਇੰਟੈਲੀਜੈਂਸ ਏਜੰਸੀ ਨੇ ਪੰਜਾਬ ਸਰਕਾਰ ਨੂੰ ਜੋ ਇਨਪੁਟਸ ਦਿੱਤੇ, ਉਨ੍ਹਾਂ ਇਨਪੁਟਸ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਜਿਸ ਮੌਜੂਦਾ ਗ੍ਰਹਿ ਮੰਤਰੀ ਅਤੇ ਸਾਬਕਾ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਾਰਜਕਾਲ ’ਚ ਜੇਲਾਂ ’ਚ ਮਰਡਰ ਹੋਏ, ਡਰੱਗਜ਼ ਰੈਕੇਟ ਚੱਲੇ, ਉਸ ਜੇਲ ਮੰਤਰੀ ਖਿਲਾਫ਼ ਕਾਰਵਾਈ ਕਿਉਂ ਨਹੀਂ ਹੋਈ?


Bharat Thapa

Content Editor

Related News