Big Breaking: ਪੰਜਾਬ ''ਚ ESM ਐਕਟ ਲਾਗੂ, ਅਧਿਕਾਰੀਆਂ ਲਈ ਜਾਰੀ ਹੋਏ ਹੁਕਮ

Thursday, Aug 31, 2023 - 06:10 AM (IST)

ਚੰਡੀਗੜ੍ਹ (ਵੈੱਬ ਡੈਸਕ): ਸੂਬੇ ਦੇ ਪਟਵਾਰੀਆਂ, ਕਾਨੂੰਨਗੋ ਤੇ ਡੀ. ਸੀ. ਦਫ਼ਤਰ ਮੁਲਾਜ਼ਮਾਂ ਵੱਲੋਂ ਆਉਣ ਵਾਲੇ ਦਿਨਾਂ 'ਚ ਕਲਮ ਛੋੜ ਹੜਤਾਲ ਕਰਨ ਦਾ ਮੁੱਦਾ ਤੂਲ ਫੜਦਾ ਜਾ ਰਿਹਾ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਉਕਤ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਕਲਮ ਛੋੜ ਹੜਤਾਲ ਕਰਦੇ ਹਨ ਤਾਂ ਇਹ ਕਲਮ ਵਾਪਿਸ ਕਿਸ ਦੇ ਹੱਥ 'ਚ ਫੜਾਉਣੀ ਹੈ, ਇਸ ਦਾ ਫ਼ੈਸਲਾ ਸਰਕਾਰ ਕਰੇਗੀ। ਇਸ ਵਿਚਾਲੇ ਹੁਣ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਅਗਲੇ ਹੁਕਮਾਂ ਤਕ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਨਹੀ ਹੋ ਸਕਣਗੇ। ਇਸ ਦੇ ਨਾਲ ਹੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ : ਰੱਖੜੀ ਬੰਨ੍ਹਣ ਗਈ ਔਰਤ ਦਾ ਉਜੜਿਆ ਸੁਹਾਗ, ਕੈਨੇਡਾ ਤੋਂ ਆਏ ਪੁੱਤ ਨੇ ਕੀਤਾ ਪਿਓ ਦਾ ਕਤਲ

ਸਪੈਸ਼ਲ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਭਾਰੀ ਬਾਰਿਸ਼ ਅਤੇ ਭਾਖੜਾ, ਰਣਜੀਤ ਸਾਗਰ ਅਤੇ ਪੋਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਸੂਬੇ ਦੇ ਤਕਰੀਬ ਸਾਰੇ ਜ਼ਿਲ੍ਹੇ ਹੀ ਹੜ੍ਹ ਦਾ ਸਾਹਮਣਾ ਕਰ ਰਹੇ ਹਨ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਫ਼ੌਰੀ ਤੌਰ 'ਤੇ ਰਾਹਤ ਪਹੁੰਚਾਉਣ ਦੀ ਲੋੜ ਹੈ। ਇਸ ਕਾਰਨ ਪਟਵਾਰੀਆਂ, ਕਾਨੂੰਨਗੋਆਂ, ਸਰਕਲ ਰੈਵੇਨਿਊ ਅਫ਼ਸਰਾਂ ਡੀ.ਸੀ. ਦਫ਼ਤਰ ਮੁਲਾਜ਼ਮਾਂ ਸਮੇਤ ਹੋਰ ਮੁਲਾਜ਼ਮਾਂ ਨੂੰ ਰਾਹਤ ਕਾਰਜਾਂ ਵਿਚ ਲਗਾਇਆ ਗਿਆ ਹੈ। ਇਸ ਲਈ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਈਸਟ ਪੰਜਾਬ ਇਸੈਂਸ਼ੀਅਲ ਸਰਵੀਸਿਜ਼ ਐਕਟ, 1947 (ESMA) ਤਹਿਤ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਉਹ ਆਪਣੀ ਪੋਸਟਿੰਗ ਵਾਲੀ ਜਗ੍ਹਾ 31 ਅਕਤੂਬਰ ਜਾਂ ਅਗਲੇ ਹੁਕਮਾਂ ਤਕ ਨਹੀਂ ਛੱਡਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

PunjabKesari

ਇਹ ਖ਼ਬਰ ਵੀ ਪੜ੍ਹੋ - 'ਆਪ' ਨੇ ਪੰਜਾਬ 'ਚ ਲੋਕ ਸਭਾ ਚੋਣਾਂ ਲਈ ਕੱਸੀ ਕਮਰ, ਹਲਕਾ ਤੇ ਜ਼ਿਲ੍ਹਾ ਇੰਚਾਰਜਾਂ ਦੀ ਕੀਤੀ ਨਿਯੁਕਤੀ, ਪੜ੍ਹੋ ਲਿਸਟ

ਜ਼ਿਕਰਯੋਗ ਹੈ ਕਿ ਪਟਵਾਰੀਆਂ, ਕਾਨੂੰਨਗੋ ਤੇ ਡੀ. ਸੀ. ਦਫ਼ਤਰ ਮੁਲਾਜ਼ਮਾਂ ਵੱਲੋਂ ਆਉਣ ਵਾਲੇ ਦਿਨਾਂ 'ਚ ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਮਗਰੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਨ੍ਹਾਂ ਮੁਲਾਜ਼ਮਾਂ ਨੂੰ ਹੜਤਾਲ ਨਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਸੀ। ਉਨ੍ਹਾਂ ਟਵੀਟ ਕੀਤਾ ਸੀ, "ਜਾਣਕਾਰੀ ਮੁਤਾਬਕ ਪਟਵਾਰੀ, ਕਾਨੂੰਨਗੋ ਕਿਸੇ ਰਿਸ਼ਵਤ ਮਾਮਲੇ 'ਚ ਫਸੇ ਅਪਣੇ ਇਕ ਸਾਥੀ ਦੇ ਹੱਕ 'ਚ ਅਤੇ ਡੀ.ਸੀ. ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ 'ਚ ਕਲਮ ਛੋੜ੍ਹ ਹੜਤਾਲ ਕਰਨਗੇ> ਮੈਂ ਦੱਸਣਾ ਚਾਹੁੰਦਾ ਹਾਂ ਕਿ ਕਲਮ ਛੋੜ੍ਹ ਹੜਤਾਲ ਕਰੋ ਪਰ ਬਾਅਦ ਵਿਚ ਕਲਮ ਥੋਡੇ ਹੱਥਾਂ 'ਚ ਦੇਣੀ ਹੈ ਜਾਂ ਨਹੀਂ, ਇਹ ਫ਼ੈਸਲਾ ਸਰਕਾਰ ਕਰੇਗੀ। ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਣ ਨੂੰ ਤਿਆਰ ਬੈਠੇ ਨੇ। ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀ ਹੋਣ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਦੀ ਮਿਲੀਭੁਗਤ ਨਾਲ ਹੋ ਰਹੀ ਸੀ ਨਸ਼ਾ ਤਸਕਰੀ, NCB ਜਲਦ ਕੱਸੇਗੀ ਸ਼ਿਕੰਜਾ

ਇਕ ਹੋਰ ਟਵੀਟ ਵਿਚ ਮੁੱਖ ਮੰਤਰੀ ਮਾਨ ਨੇ ਲਿਖਿਆ "ਸਰਕਾਰ ਦੇ ਕੁਝ ਕਰਮਚਾਰੀ ਜਿਹੜੇ ਬਹੁਤ ਤਨਖਾਹਾਂ ਲੈਂਦੇ ਨੇ ਕਹਿੰਦੇ ਹੜਤਾਲ ਕਰਾਂਗੇ> ਲੋਕਾਂ ਨੂੰ ਖੱਜਲ ਕਰਕੇ ਤੁਸੀਂ ਆਪਣੇ ਕੰਮ ਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ। ਜੇ ਕਲਮ ਛੋੜ ਹੜਤਾਲ ਹੀ ਕਰਨੀ ਹੈ ਤਾਂ ਸੁਣ ਲਵੋ ਬਾਅਦ ‘ਚ ਛੱਡੀ ਹੋਈ ਕਲਮ ਦਾ ਕੀ ਕਰਨਾ ਉਹ ਸਰਕਾਰ ਤੈਅ ਕਰੇਗੀ। ਸਾਡੇ ਸਾਰਿਆਂ ਲਈ ਲੋਕ ਪਹਿਲਾਂ ਹੋਣੇ ਚਾਹੀਦੇ ਨੇ। ਜਾਇਜ਼ ਮੰਗਾਂ ਪਹਿਲਾਂ ਵੀ ਮੰਗੀਆਂ ਗਈਆਂ ਨੇ ਹੁਣ ਵੀ ਮੰਨਾਂਗੇ, ਪਰ ਤੀਜੇ ਦਿਨ ਦਰੀਆਂ ਵਿਛਾ ਕੇ ਧੱਕੇ ਨਾਲ ਰੱਖੀਆਂ ਮੰਗਾਂ ਨੀ ਮੰਨੀਆਂ ਜਾਣਗੀਆਂ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News