ਅੰਮ੍ਰਿਤਸਰ : ਵਾਤਾਵਰਣ ਮੰਤਰੀ ਦੇ ਸ਼ਹਿਰ ਦਾ ਪਾਣੀ ਦੂਸ਼ਿਤ

Sunday, May 20, 2018 - 05:49 AM (IST)

ਅੰਮ੍ਰਿਤਸਰ : ਵਾਤਾਵਰਣ ਮੰਤਰੀ ਦੇ ਸ਼ਹਿਰ ਦਾ ਪਾਣੀ ਦੂਸ਼ਿਤ

ਅੰਮ੍ਰਿਤਸਰ, (ਰਮਨ)- ਬਿਆਸ ਦਰਿਆ ਦੇ ਪਾਣੀ 'ਚ ਫੈਕਟਰੀ ਤੋਂ ਛੱਡਿਆ ਗਿਆ ਸੀਰਾ ਘੁਲਣ ਨਾਲ ਲੱਖਾਂ ਮੱਛੀਆਂ ਅਤੇ ਵੱਡੇ ਪੱਧਰ 'ਤੇ ਜੀਵ-ਜੰਤੂ ਮਰਨ ਉਪਰੰਤ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਤੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਉਨ੍ਹਾਂ ਅਧੀਨ ਪੈਂਦੀਆਂ ਫੈਕਟਰੀਆਂ ਵੱਲੋਂ ਬਿਨਾਂ ਸਾਫ਼ ਕੀਤਾ ਪਾਣੀ ਨਾਲਿਆਂ ਜਾਂ ਨਦੀਆਂ ਵਿਚ ਸੁੱਟਦੇ ਪਾਇਆ ਗਿਆ ਤਾਂ ਨਗਰ ਨਿਗਮਾਂ ਤੇ ਕੌਂਸਲਾਂ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ ਅਤੇ ਸਬੰਧਤ ਐਕਸੀਅਨ ਜ਼ਿੰਮੇਵਾਰ ਹੋਵੇਗਾ ਪਰ ਮੰਤਰੀ ਓ. ਪੀ. ਸੋਨੀ ਦੇ ਖੁਦ ਦੇ ਗ੍ਰਹਿ ਸ਼ਹਿਰ ਵਿਚ ਫੈਕਟਰੀਆਂ ਤੋਂ ਨਿਕਲਣ ਵਾਲਾ ਗੰਦਾ ਪਾਣੀ ਨਾਲਿਆਂ ਵਿਚ ਛੱਡਿਆ ਜਾ ਰਿਹਾ ਹੈ।
ਨੀਰੀ ਪ੍ਰਾਜੈਕਟ ਵੀ ਦੇ ਗਿਆ ਜਵਾਬ
ਪਿਛਲੇ ਸਮੇਂ ਸ਼ਹਿਰ 'ਚ ਇਸ ਗੰਦੇ ਪਾਣੀ ਨੂੰ ਖਤਮ ਕਰਨ ਲਈ ਨੀਰੀ ਪ੍ਰਾਜੈਕਟ ਵੀ ਜਵਾਬ ਦੇ ਗਿਆ ਹੈ। ਸ਼ਹਿਰ ਵਿਚ ਕਈ ਵੱਡੀਆਂ ਫੈਕਟਰੀਆਂ ਵੱਲੋਂ ਐੱਸ. ਟੀ. ਪੀ. ਪਲਾਂਟ ਤਾਂ ਲਾਏ ਗਏ ਪਰ ਕੁਝ ਉਨ੍ਹਾਂ ਨੂੰ ਚਲਾ ਨਹੀਂ ਰਹੇ, ਜਿਸ ਕਾਰਨ ਸਾਰਾ ਗੰਦਾ ਪਾਣੀ ਨਾਲਿਆਂ ਵਿਚ ਛੱਡਿਆ ਜਾ ਰਿਹਾ ਹੈ। ਸ਼ਹਿਰ ਵਿਚ ਡਰੇਨੇਜ ਵਿਭਾਗ ਵੱਲੋਂ 12 ਇੰਡਸਟਰੀਜ਼ ਨੂੰ ਹੀ ਪਰਮਿਸ਼ਨ ਦਿੱਤੀ ਗਈ ਹੈ। ਫੈਕਟਰੀਆਂ ਵੱਲੋਂ ਪਲਾਂਟ ਲਾ ਕੇ ਪਾਣੀ ਨੂੰ ਸਾਫ਼ ਕਰ ਕੇ ਬਾਹਰ ਛੱਡਣਾ ਹੁੰਦਾ ਹੈ ਤਾਂ ਕਿ ਉਸ ਪਾਣੀ ਨਾਲ ਕੋਈ ਨੁਕਸਾਨ ਨਾ ਹੋਵੇ। ਕੁਝ ਫੈਕਟਰੀਆਂ ਵੱਲੋਂ ਸੀਵਰੇਜ ਜਾਂ ਸਿੱਧਾ ਨਾਲੇ ਵਿਚ ਪਾਣੀ ਛੱਡਿਆ ਜਾਂਦਾ ਹੈ, ਪ੍ਰਦੂਸ਼ਣ ਵਿਭਾਗ ਵੱਲੋਂ ਨਾਮਾਤਰ ਕਾਰਵਾਈ ਕੀਤੀ ਜਾਂਦੀ ਹੈ, ਜਦੋਂ ਕਦੇ ਕੋਈ ਵੱਡੀ ਗੱਲ ਹੁੰਦੀ ਹੈ ਤਾਂ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਫੈਕਟਰੀਆਂ ਦੇ ਨਿਕਲਣ ਵਾਲੇ ਗੰਦੇ ਪਾਣੀ ਤੋਂ ਹੀ ਸ਼ਹਿਰ ਵਿਚ ਪੀਣ ਵਾਲੇ ਪਾਣੀ ਦਾ ਟੀ. ਡੀ. ਐੱਸ. 1200 ਨੂੰ ਪਾਰ ਕਰ ਚੁੱਕਾ ਹੈ।
ਕਈ ਫੈਕਟਰੀਆਂ ਰਾਤ ਸਮੇਂ ਨਹੀਂ ਚਲਾਉਂਦੀਆਂ ਆਪਣੇ ਪਲਾਂਟ
ਕਈ ਅਜਿਹੀਆਂ ਫੈਕਟਰੀਆਂ ਹਨ ਜੋ ਆਪਣੇ ਐੱਸ. ਟੀ. ਪੀ. ਪਲਾਂਟ ਰਾਤ ਸਮੇਂ ਨਹੀਂ ਚਲਾਉਂਦੀਆਂ। ਪਲਾਂਟ ਚਲਾਉਣ ਵਿਚ ਖਰਚਾ ਵੀ ਆਉਂਦਾ ਹੈ ਪਰ ਥੋੜ੍ਹੇ ਜਿਹੇ ਖਰਚੇ ਨੂੰ ਬਚਾਉਣ ਦੇ ਚੱਕਰ ਵਿਚ ਇਹ ਕੈਮੀਕਲ ਉਕਤ ਪਾਣੀ ਸੀਵਰੇਜ ਅਤੇ ਗੰਦੇ ਨਾਲਿਆਂ ਵਿਚ ਛੱਡਿਆ ਜਾਂਦਾ ਹੈ, ਜੋ ਕਿ ਪਾਣੀ ਵਿਚ ਰਹਿਣ ਵਾਲੇ ਜੀਵਾਂ ਲਈ ਹਾਨੀਕਾਰਕ ਹੁੰਦਾ ਹੈ।
ਕੁਝ ਫੈਕਟਰੀਆਂ ਦੀ ਚੈਕਿੰਗ ਲਈ ਉਨ੍ਹਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਹਾ ਹੈ, ਬਾਕੀ ਅਸੀਂ ਫੈਕਟਰੀਆਂ 'ਤੇ ਕਾਰਵਾਈ ਨਹੀਂ ਕਰ ਸਕਦੇ, ਇਹ ਕੰਮ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਹੈ।
—ਸੋਨਾਲੀ ਗਿਰੀ, 
ਕਮਿਸ਼ਨਰ ਨਗਰ ਨਿਗਮ
ਸਵਾਲ : ਕੀ ਸ਼ਹਿਰ ਵਿਚ ਫੈਕਟਰੀਆਂ ਨੇ ਐੱਸ. ਟੀ. ਪੀ. ਪਲਾਂਟ ਲਾਏ ਹਨ?
ਜਵਾਬ: ਹਾਂ! ਸਾਰੀਆਂ ਫੈਕਟਰੀਆਂ 'ਚ ਪਲਾਂਟ ਲੱਗੇ ਹੋਏ ਹਨ।
ਸਵਾਲ : ਐੱਸ. ਟੀ. ਪੀ. ਪਲਾਂਟ ਨਾ ਚਲਾਉਣ ਵਾਲਿਆਂ 'ਤੇ ਕੀ ਕਾਰਵਾਈ ਕਰਦੇ ਹੋ?
ਜਵਾਬ : ਜਦੋਂ ਵੀ ਚੈਕਿੰਗ ਹੁੰਦੀ ਹੈ ਤਾਂ ਜੇਕਰ ਕੋਈ ਅਜਿਹਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ।
ਸਵਾਲ : ਪੂਰੇ ਇਕ ਸਾਲ ਵਿਚ ਕਿੰਨੀਆਂ ਫੈਕਟਰੀਆਂ 'ਤੇ ਕਾਰਵਾਈ ਕੀਤੀ ਗਈ ਹੈ?
ਜਵਾਬ : ਇਹ ਦਫਤਰ ਦੇ ਰਿਕਾਰਡ ਅਨੁਸਾਰ ਪਤਾ ਲੱਗੇਗਾ, ਮੈਂ ਅੱਜ ਬਾਹਰ ਹਾਂ।
ਸਵਾਲ : ਨਾਲਿਆਂ 'ਚ ਫੈਕਟਰੀਆਂ ਵੱਲੋਂ ਛੱਡਿਆ ਜਾ ਰਿਹਾ ਪਾਣੀ ਕੀ ਗੰਦਾ ਨਹੀਂ ਹੈ?
ਜਵਾਬ : ਜੇਕਰ ਪਲਾਂਟ ਵੱਲੋਂ ਪਾਣੀ ਸਾਫ਼ ਹੋਇਆ ਹੈ ਤਾਂ ਚਾਹੇ ਕਿਸੇ ਵੀ ਰੰਗ ਦਾ ਹੋਵੇ, ਗੰਦਾ ਨਹੀਂ ਹੁੰਦਾ।
ਸਵਾਲ : ਸ਼ਹਿਰ ਵਿਚ ਕਿੰਨੀਆਂ ਫੈਕਟਰੀਆਂ ਨੇ ਪਰਮਿਸ਼ਨ ਲਈ ਹੈ?
ਜਵਾਬ : 12 ਫੈਕਟਰੀਆਂ ਨੇ ਡਰੇਨੇਜ ਵਿਭਾਗ ਤੋਂ ਪਰਮਿਸ਼ਨ ਲਈ ਹੈ।
ਸਵਾਲ : ਨੀਰੀ ਪ੍ਰਾਜੈਕਟ ਨੇ ਅੰਮ੍ਰਿਤਸਰ ਵਿਚ ਕੰਮ ਕਰਨ ਲਈ ਕਿਉਂ ਮਨ੍ਹਾ ਕੀਤਾ, ਕੀ ਉਨ੍ਹਾਂ ਦੀ ਰਿਪੋਰਟ ਵਿਚ ਪਾਣੀ ਗੰਦਾ ਆਇਆ ਹੈ?
ਜਵਾਬ : ਇਸ ਸਬੰਧੀ ਪਾਣੀ ਨੂੰ 3 ਲੈਬਜ਼ ਵਿਚ ਟੈਸਟ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੀ ਰਿਪੋਰਟ ਵਿਚ ਕੀ ਹੈ। ਉਸ ਤੋਂ ਬਾਅਦ ਹੀ ਕੁਝ ਕਿਹਾ ਜਾਵੇਗਾ।
ਸਵਾਲ : ਤੁਸੀਂ ਮੰਤਰੀ ਸਾਹਿਬ ਦੇ ਬਿਆਨ ਨਾਲ ਸਹਿਮਤ ਹੋ ਕਿ ਜੇਕਰ ਕਿਤੇ ਕੋਈ ਨੁਕਸਾਨ ਹੁੰਦਾ ਹੈ ਤਾਂ ਅਧਿਕਾਰੀ ਜ਼ਿੰਮੇਵਾਰ ਹੋਵੇਗਾ? 
ਜਵਾਬ : ਜੀ ਹਾਂ, ਅਧਿਕਾਰੀ ਉਸ ਦੇ ਜਵਾਬਦੇਹ ਹਨ।


Related News