ਮੁੱਖ ਮੰਤਰੀ ਵੱਲੋਂ ਦੁਨੀਆਂ ਦੇ ਨਾਮੀ ਉਦਯੋਗਪਤੀਆਂ ਨੂੰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ’ਚ ਭਾਈਵਾਲ ਬਣਨ ਦਾ ਸੱਦਾ

10/24/2021 4:58:58 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 26 ਅਤੇ 27 ਅਕਤੂਬਰ ਨੂੰ ਹੋਣ ਵਾਲੇ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2021 ਦੇ ਮੱਦੇਨਜ਼ਰ ਸ਼ਨੀਵਾਰ ਨੂੰ ਦੇਸ਼ ਅਤੇ ਦੁਨੀਆ ਭਰ ਦੇ ਉਦਯੋਗ ਜਗਤ ਦੇ ਮੋਹਰੀ ਕੈਪਟਨਾਂ ਨੂੰ ਸੂਬਾ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਲਾਭਕਾਰੀ ਸਨਅਤੀ ਉਤਸ਼ਾਹ ਦੇ ਚੱਲਦਿਆਂ ਇੱਥੇ ਨਿਵੇਸ਼ ਕਰਨ ਲਈ ਕਿਹਾ ਹੈ।  ਮੁੱਖ ਮੰਤਰੀ ਸੂਬੇ ਵਿਚ ਕੰਮ ਕਰ ਰਹੀਆਂ ਜਰਮਨ ਕੰਪਨੀਆਂ ਦੇ ਵਫ਼ਦ ਨਾਲ ਅੱਜ ਇੱਥੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।  ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਉਦਯੋਗਪਤੀਆਂ ਨਾਲ ਵੀ ਅਜਿਹੀ ਹੀ ਗੱਲਬਾਤ ਕੀਤੀ ਸੀ ਅਤੇ ਸੋਮਵਾਰ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਤੋਂ ਪਹਿਲਾਂ ਉਨ੍ਹਾਂ ਦੇ ਕੀਮਤੀ ਸੁਝਾਵਾਂ ਅਤੇ ਫੀਡਬੈਕ ਲਈ ਹੋਰ ਉਦਯੋਗਪਤੀਆਂ ਨਾਲ ਮੁੜ ਮੀਟਿੰਗ ਕਰਨਗੇ। ਗੱਲ ਨੂੰ ਅੱਗੇ ਤੋਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਉਦਯੋਗ ਦੀ ਭਾਈਵਾਲੀ ਦੇ ਨਾਲ ਕਾਰੋਬਾਰ, ਵਪਾਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਰਗਰਮੀ ਨਾਲ ਉਤਸ਼ਾਹਤ ਕਰਨ ਦੀ ਇੱਛਾ ਰੱਖਦਾ ਹੈ। ਚੰਨੀ ਨੇ ਕਿਹਾ ਕਿ ਸੂਬੇ ਵਿਚ 99 ਹਜ਼ਾਰ ਕਰੋੜ ਤੋਂ ਵੱਧ ਦਾ ਰੁਪਏ ਦਾ ਨਿਵੇਸ਼, ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਸੂਬੇ ਦੇ ਨੌਜਵਾਨਾਂ ਲਈ ਉੱਦਮੀਅਤਾ ਦੇ ਮੌਕੇ ਅਤੇ ਨੌਕਰੀਆਂ ਪੈਦਾ ਕਰਨ ਲਈ ਉਪਲੱਬਧ ਅਨੁਕੂਲ ਅਤੇ ਟਿਕਾਊ ਪ੍ਰਸਥਿਤੀ ਤੰਤਰ ਵਿਚ ਨਿਵੇਸ਼ਕਾਂ ਦੇ ਅਟੱਲ ਭਰੋਸੇ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਦੁਨੀਆ ਭਰ ਤੋਂ ਪੁੱਜੇ ਉਦਯੋਗਿਕ ਆਗੂਆਂ ਨੂੰ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ, ਪੰਜਾਬ ਨੂੰ ਇਕ ਪ੍ਰਗਤੀਸ਼ੀਲ ਭਾਈਵਾਲ ਵਜੋਂ ਅਤੇ ਸਭ ਤੋਂ ਤਰਜੀਹੀ ਮੰਜ਼ਿਲ ਵਜੋਂ ਚੁਣਨ ’ਤੇ ਜ਼ੋਰ ਦਿੱਤਾ।

ਚੰਨੀ ਨੇ ਅੱਗੇ ਕਿਹਾ ਕਿ ਉਦਯੋਗਪਤੀਆਂ ਨਾਲ ਇਹ ਸਲਾਹ-ਮਸ਼ਵਰੇ, ਸ਼ਾਸਨ ਵਿਵਸਥਾ ’ਚ ਸੁਧਾਰ ਲਿਆਉਣ ਵਿਚ ਬਹੁਤ ਸਹਾਈ ਸਿੱਧ ਹੋਣਗੇ ਅਤੇ ਇਸ ਤਰ੍ਹਾਂ ਰਾਜ ਵਿਚ ਕਾਰੋਬਾਰ ਕਰਨ ਵਿਚ ਸੌਖ ਯਕੀਨੀ ਬਣਾਈ ਜਾ ਸਕੇਗੀ। ਮੀਟਿੰਗ ਦੌਰਾਨ, ਕੰਪਨੀ ਦੇ ਨੁਮਾਇੰਦਿਆਂ ਨੇ ਪੰਜਾਬ ਵਿਚ ਕੀਤੇ ਕੰਮਾਂ ਸਬੰਧੀ ਤਜ਼ਰਬਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਆਟੋ ਕੰਪੋਨੈਂਟ ਨਿਰਮਾਤਾ ਵਾਈਬਰਾਕਾਸਟਿਕਸ ਇੰਡੀਆ ਦੇ ਪ੍ਰਧਾਨ, ਜਗਮਿੰਦਰ ਬਾਵਾ ਨੇ ਦੱਸਿਆ ਕਿ ਪੰਜਾਬ ਵਿਚ ਸਥਿਤ ਉਨ੍ਹਾਂ ਦੇ ਪਲਾਂਟਾਂ ਵਿਚ ਸੰਚਾਲਨ ਦੀ ਸਮੁੱਚੀ ਕੁਸ਼ਲਤਾ ਜਰਮਨੀ ਵਿਚ ਸਥਿਤ ਉਨ੍ਹਾਂ ਦੇ ਦੂਜੇ ਪਲਾਂਟਾਂ ਵਾਂਗ ਹੀ ਹੈ। ਇਸ ਦੌਰਾਨ ਖੇਤੀਬਾੜੀ ਉਪਕਰਨ ਨਿਰਮਾਤਾ ਕੰਪਨੀ ਕਲਾਸ ਇੰਡੀਆ ਦੇ ਸ੍ਰੀਰਾਮ ਕਨਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿਚ ਮਜ਼ਬੂਤ ਸੰਪਰਕ ਅਤੇ ਸ਼ਾਂਤਮਈ ਕਿਰਤ ਸਬੰਧ ਉਦਯੋਗ ਲਈ ਬਹੁਤ ਉਤਸ਼ਾਹਜਨਕ ਹਨ।

ਬਾਇਓਮਾਸ ਤੋਂ ਸੀਐਨਜੀ ਪਲਾਂਟ ਬਣਾਉਣ ਵਾਲੀ ਕੰਪਨੀ ਵਰਬੀਓ ਇੰਡੀਆ ਦੇ ਐਮਡੀ, ਅਸ਼ੀਸ਼ ਕੁਮਾਰ ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਸੰਗਰੂਰ ਵਿਚ ਸਥਾਪਤ ਹੋਣ ਵਾਲੇ ਪਹਿਲੇ ਪਲਾਂਟ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਲਗਭਗ 70 ਰੁਪਏ ਦੀ ਆਪਣੀ ਸ਼ੁਰੂਆਤੀ ਯੋਜਨਾ ਦੇ ਮੁਕਾਬਲੇ 200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨੇੜਲੇ ਭਵਿੱਖ ਵਿਚ ਵਰਬੀਓ ਇੰਡੀਆ, ਪੰਜਾਬ ਵਿਚ ਕਈ ਥਾਵਾਂ ’ਤੇ ਪੇਡਾ ਅਤੇ ਇਨਵੈਸਟ ਪੰਜਾਬ ਦੇ ਸਹਿਯੋਗ ਨਾਲ ਅਜਿਹੇ ਹੋਰ ਪਲਾਂਟ ਲਗਾਏਗਾ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਬਹੁ-ਗਿਣਤੀ ਸੰਗਠਨਾਂ ਨੂੰ ਪੂਰਨ ਸਹਿਯੋਗ ਦੇਵੇਗੀ ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ ਰਜਤ ਅਗਰਵਾਲ ਨੂੰ ਨਿਰਦੇਸ਼ ਦਿੱਤੇ ਕਿ ਅਜਿਹੀਆਂ ਸਾਰੀਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕੰਪਨੀਆਂ ਨੂੰ ਸੂਬੇ ਵਿਚ ਆਪਣੇ ਕਾਰੋਬਾਰਾਂ ਦੇ ਵਿਸਥਾਰ ਵਿਚ ਸਮੇਂ ਸਿਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।


Gurminder Singh

Content Editor

Related News