ਡਿਊਟੀ ‘ਚ ਕੁਤਾਹੀ ਦੇ ਦੋਸ਼ ’ਚ ਲੋਕ ਨਿਰਮਾਣ ਵਿਭਾਗ ਦਾ ਉਪ ਮੰਡਲ ਇੰਜੀਨੀਅਰ ਤੇ ਜੂਨੀਅਰ ਇੰਜੀਨੀਅਰ ਮੁਅੱਤਲ

Wednesday, Jun 08, 2022 - 04:40 PM (IST)

ਡਿਊਟੀ ‘ਚ ਕੁਤਾਹੀ ਦੇ ਦੋਸ਼ ’ਚ ਲੋਕ ਨਿਰਮਾਣ ਵਿਭਾਗ ਦਾ ਉਪ ਮੰਡਲ ਇੰਜੀਨੀਅਰ ਤੇ ਜੂਨੀਅਰ ਇੰਜੀਨੀਅਰ ਮੁਅੱਤਲ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ਼-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਲੋਕ ਨਿਰਮਾਣ ਵਿਭਾਗ ਦੇ ਉਸਾਰੀ ਮੰਡਲ ਨੰਬਰ-3, ਬਠਿੰਡਾ ਵਿਖੇ ਤਾਇਨਾਤ ਉਪ ਮੰਡਲ ਇੰਜੀਨੀਅਰ ਸੁਖਪ੍ਰੀਤ ਸਿੰਘ ਅਤੇ ਜੂਨੀਅਰ ਇੰਜੀਨੀਅਰ ਨਵੀਨ ਕੁਮਾਰ ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4 ਤਹਿਤ ਤੁਰੰਤ ਪ੍ਰਭਾਵ ਤੋਂ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਬੰਧਿਤ ਅਧਿਕਾਰੀ ਤੇ ਮੁਲਾਜ਼ਮ ਦੇ ਅਧੀਨ ਚੱਲ ਰਹੇ ਉਸਾਰੀ ਕਾਰਜ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕੁਤਾਹੀ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਉਪਰੰਤ ਸਬੰਧਿਤ ਅਧਿਕਾਰੀ/ਮੁਲਾਜ਼ਮ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਵੱਲੋਂ ਡਿਊਟੀ ‘ਚ ਕੁਤਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਅੱਤਲੀ ਦੌਰਾਨ ਸਬੰਧਿਤ ਅਧਿਕਾਰੀ/ਮੁਲਾਜ਼ਮ ਦਾ ਹੈੱਡਕੁਆਟਰ ਮੁੱਖ ਇੰਜੀਨੀਅਰ (ਹੈੱਡਕੁਆਟਰ) ਦਫ਼ਤਰ ਪਟਿਆਲਾ ਹੋਵੇਗਾ ਅਤੇ ਸਬੰਧਿਤ ਅਧਿਕਾਰੀ/ਮੁਲਾਜ਼ਮ ਮੁੱਖ ਇੰਜੀਨੀਅਰ (ਹੈੱਡਕੁਆਟਰ) ਦੀ ਪ੍ਰਵਾਨਗੀ ਤੋਂ ਬਿਨਾਂ ਹੈੱਡਕੁਆਟਰ ਨਹੀਂ ਛੱਡਣਗੇ। 


author

Babita

Content Editor

Related News