ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਜਾਂ ਫੋਟੋ ਵਿਧਾਨ ਸਭਾ ਗੈਲਰੀ ਵਿਚ ਲੱਗੇ

06/29/2017 6:47:13 AM

ਚੰਡੀਗੜ੍ਹ  (ਭੁੱਲਰ) — ਬਾਬਾ ਬੰਦਾ ਸਿੰਘ ਬਹਾਦਰ ਕੌਮਾਂਤਰੀ ਫਾਊਂਡੇਸ਼ਨ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨਾਲ ਮੁਲਾਕਾਤ ਕਰ ਕੇ ਪੰਜਾਬ ਵਿਧਾਨ ਸਭਾ ਦੀ ਗੈਲਰੀ ਵਿਚ ਪੰਜਾਬ ਨੂੰ ਵਿਦੇਸ਼ੀ ਸ਼ਾਸਨ ਦੇ ਕਬਜ਼ੇ ਤੋਂ ਮੁਕਤ ਕਰਵਾ ਕੇ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਜਾਂ ਫੋਟੋ ਲਗਾਉਣ ਲਈ ਮੰਗ-ਪੱਤਰ ਭੇਟ ਕੀਤਾ ਗਿਆ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਕੌਮਾਂਤਰੀ ਫਾਊਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਮੁੱਖ ਸਰਪ੍ਰਸਤ ਪ੍ਰਸਿੱਧ ਸਮਾਜ ਸੇਵਕ ਐੱਸ. ਪੀ. ਸਿੰਘ ਉਬਰਾਏ, ਮਲਕੀਤ ਸਿੰਘ ਦਾਖਾ, ਡਾ. ਰਾਜ ਸਿੰਘ ਵੈਰਾਗੀ ਨੇ ਦੱਸਿਆ ਕਿ 700 ਸਾਲ ਤੋਂ ਗੁਲਾਮ ਪੰਜਾਬ ਨੂੰ ਪਹਿਲੀ ਵਾਰ ਆਜ਼ਾਦੀ ਦਿਵਾ ਕੇ ਮੁਗਲ ਸਾਮਰਾਜ ਦਾ ਖਾਤਮਾ ਕਰ ਕੇ ਸਿੱਖ ਰਾਜ ਸਥਾਪਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਸਾਲ 301ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਗੱਲ ਕਰਦਿਆਂ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਬਹੁਤ ਕੁਰਬਾਨੀ ਭਰਿਆ ਹੈ। ਸਾਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਕੌਮਾਂਤਰੀ ਫਾਊਂਡੇਸ਼ਨ ਦੇ ਮਨਜੀਤ ਸਿੰਘ ਹੰਭੜਾਂ, ਬਲਜਿੰਦਰ ਸਿੰਘ ਮਲਕਪੁਰ, ਦਲਜੀਤ ਸਿੰਘ ਕੁਲਾਰ, ਸੁਰਜੀਤ ਸਿੰਘ ਪ੍ਰਚਾਰ ਸਕੱਤਰ, ਸੁਰਜੀਤ ਸਿੰਘ ਬਾਵਾ, ਬੀ. ਐੱਸ. ਧਨੋਆ ਤੇ ਪਵਨ ਦੀਵਾਨ ਆਦਿ ਹਾਜ਼ਰ ਸਨ।


Related News