‘ਨਸ਼ਿਆਂ ਨੂੰ ਜਡ਼੍ਹੋਂ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਠੋਸ ਕਦਮ ਚੁਕਣੇ ਚਾਹੀਦੇ’
Friday, Jul 27, 2018 - 05:20 AM (IST)
ਕਪੂਰਥਲਾ, (ਗੁਰਵਿੰਦਰ ਕੌਰ)- ਪੰਜਾਬ ’ਚ ਦਿਨੋਂ-ਦਿਨ ਵੱਧ ਰਹੇ ਨਸ਼ਿਆਂ ਨੂੰ ਨਕੇਲ ਪਾਉਣ ਲਈ ਧੰਮ ਫਾਊਂਡੇਸ਼ਨ ਕਪੂਰਥਲਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਵੱਖ-ਵੱਖ ਜਥੇਬੰਦੀਆਂ ਤੇ ਲੋਕਾਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਰੋਸ ਮਾਰਚ ਪ੍ਰਧਾਨ ਮਦਨ ਲਾਲ ਮੱਦੀ ਦੀ ਅਗਵਾਈ ’ਚ ਸ਼ਾਲੀਮਾਰ ਬਾਗ ਕਪੂਰਥਲਾ ਤੋਂ ਕੱਢਿਆ ਗਿਆ, ਜਿਹਡ਼ਾ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਨਸ਼ਿਆਂ ਵਿਰੁੱਧ ਨਾਅਰਿਆਂ ਦੀ ਗੂੰਜ ’ਚ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਦੇ ਦਫਤਰ ਪਹੁੰਚਿਆ। ਜਿਥੇ ਸੰਸਥਾ ਵਲੋਂ ਨਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਸਬੰਧੀ ਇਕ ਮੰਗ ਪੱਤਰ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤਾ।
ਰੋਸ ਮਾਰਚ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸੂਬੇ ’ਚ ਦਿਨੋਂ-ਦਿਨ ਵੱਧ ਰਹੇ ਨਸ਼ੇ ਪੰਜਾਬ ਦੀ ਜਵਾਨੀ ਨੂੰ ਘੁਣ ਦੀ ਤਰ੍ਹਾਂ ਖਤਮ ਕਰ ਰਹੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਜਡ਼੍ਹੋਂ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਠੋਸ ਕਦਮ ਚੁਕਣੇ ਚਾਹੀਦੇ ਹਨ ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਕਰਕੇ ਪੰਜਾਬ ਨੂੰ ਫਿਰ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਥੇ ਨਸ਼ਿਆਂ ਨੂੰ ਖਤਮ ਕਰਨ ਲਈ ਪੁਲਸ ਪ੍ਰਸ਼ਾਸਨ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਵੇ, ਉਥੇ ਹੀ ਮਹਿਲਾਵਾਂ ਖਿਲਾਫ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਯੋਗ ਕਦਮ ਚੁੱਕੇ ਜਾਣ ਤੇ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖਤ ਕਾਨੂੰਨ ਬਣਾਏ ਜਾਣ।ਉਨ੍ਹਾਂ ਵਿਸ਼ਵਾਸ ਦਿਵਾਉਂਦਿਅਾਂ ਕਿਹਾ ਕਿ ਧੰਮ ਫਾਊਂਡੇਸ਼ਨ ਨਸ਼ਿਆਂ ਖਿਲਾਫ ਹਮੇਸ਼ਾ ਪ੍ਰਸ਼ਾਸਨ ਨਾਲ ਖਡ਼੍ਹੀ ਹੈ ਤੇ ਨਸ਼ਿਅਾਂ ਵਿਰੁੱਧ ਮੁਹਿੰਮ ’ਚ ਤਨਦੇਹੀ ਨਾਲ ਕੰਮ ਕਰੇਗੀ ਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸੰਘਰਸ਼ ਲਗਾਤਾਰ ਜਾਰੀ ਰੱਖੇਗੀ।ਇਸ ਮੌਕੇ ਮੀਤ ਪ੍ਰਧਾਨ ਸਵਰਨਜੀਤ ਸਿੰਘ, ਸਕੱਤਰ ਜਸਪ੍ਰੀਤ ਸਿੰਘ, ਰੋਸ਼ਨ ਲਾਲ ਸਭਰਵਾਲ, ਚਰਨਜੀਤ ਹੰਸ, ਕੋਮਲ ਸਹੋਤਾ, ਸੁਖਜਿੰਦਰ ਸਿੰਘ ਬੱਬਰ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ।
