ਨੌਕਰੀ ਲੈਣ ਵੇਲੇ ਤਨਖ਼ਾਹ ਵੱਲ ਨਹੀਂ ਤਜਰਬੇ ਵੱਲ ਧਿਆਨ ਦਿੱਤਾ ਜਾਵੇ : ਵਿੱਤ ਮੰਤਰੀ
Sunday, Nov 18, 2018 - 11:48 AM (IST)

ਬਠਿੰਡਾ (ਜ.ਬ.)— ਪਹਿਲੀ ਨੌਕਰੀ ਲੈਣ ਦੌਰਾਨ ਤਨਖ਼ਾਹ ਵੱਲ ਨਹੀਂ ਬਲਕਿ ਨੌਕਰੀ ਤੋਂ ਮਿਲਣ ਵਾਲੇ ਤਜਰਬੇ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਪਹਿਲੀ ਨੌਕਰੀ ਹੀ ਆਉਣ ਵਾਲੀ ਕੰਮਕਾਜ਼ੀ ਜ਼ਿੰਦਗੀ ਦੀ ਨੀਂਹ ਰੱਖਦੀ ਹੈ ਅਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨੌਕਰੀ ਮੇਲੇ 'ਚ ਮਿਲਣ ਵਾਲੀ ਪਹਿਲੀ ਨੌਕਰੀ ਜੁਆਇਨ ਕਰਕੇ ਖ਼ੂਬ ਮਿਹਨਤ ਕਰਨ ਅਤੇ ਹੋਰ ਵਧੇਰੇ ਤਨਖ਼ਾਹ ਵਾਲੀ ਨੌਕਰੀ ਲੈ ਸਕਦੇ ਹਨ। ਇਸ ਗੱਲ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ 14 ਤੋਂ 19 ਨਵੰਬਰ ਤੱਕ ਕਰਵਾਏ ਜਾ ਰਹੇ ਰੋਜ਼ਗਾਰ ਮੇਲੇ 'ਚ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਪਣੇ ਜੀਵਨ ਕਾਲ ਦੀ ਪਹਿਲੀ ਨੌਕਰੀ ਦੇ ਤਜਰਬੇ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਪਹਿਲੀ ਨੌਕਰੀ ਇੰਗਲੈਂਡ ਵਿਖੇ ਪਿੱਜ਼ਾ ਹੱਟ ਵਿਖੇ ਕੀਤੀ ਸੀ, ਉਨ੍ਹਾਂ ਦੀ ਪਹਿਲੀ ਤਨਖ਼ਾਹ 2.50 ਪਾਊਂਡ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਕਰਦੇ ਸਨ ਅਤੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਜ਼ਿਆਦਾ ਕੰਮ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ 14 ਤੋਂ 19 ਨਵੰਬਰ ਤੱਕ ਕਰਵਾਏ ਜਾ ਰਹੇ ਰੋਜ਼ਗਾਰ ਮੇਲੇ 'ਚ ਹੁਣ ਤੱਕ 250 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲੇ ਹਨ ਅਤੇ 600 ਨੌਜਵਾਨ ਵੱਖ-ਵੱਖ ਨੌਕਰੀਆਂ ਲਈ ਸ਼ਾਰਟਲਿਸਟ ਹੋਏ ਹਨ। ਨੌਕਰੀ ਮੇਲੇ 'ਚ ਵੱਡੀਆਂ-ਵੱਡੀਆਂ ਕੰਪਨੀਆਂ ਜਿਵੇਂ ਕਿ ਅਸਾਹੀ, ਨੇਸਲੇ, ਬੀ.ਵਾਅਯ, ਜੇ.ਯੂ., ਓਲਾ ਕੈਬਸ, ਅਰਬਨ ਲੈਡਰ, ਆਦੇਸ਼ ਮੈਡੀਕਲ ਕਾਲਜ਼, ਨਾਹਰ ਗਰੁੱਪ, ਐਕਸਾਈਡ ਲਾਈਫ਼ ਇੰਸੋਰੈਸ਼ ਆਦਿ ਭਾਗ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਨੌਕਰੀਆਂ ਦਵਾਉਣ ਲਈ ਪੰਜਾਬ ਸਰਕਾਰ ਵਲੋਂ ਹਰ ਜ਼ਿਲੇ 'ਚ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਖੋਲ੍ਹਿਆ ਗਿਆ ਹੈ ਜਿੱਥੇ ਨੌਜਵਾਨਾਂ ਨੂੰ ਵੱਖ-ਵੱਖ ਕਿਸਮ ਦੀ ਨੌਕਰੀ ਸਬੰਧੀ ਤਿਆਰੀ ਮੁਫ਼ਤ ਕਰਵਾਈ ਜਾਂਦੀ ਹੈ। ਬਠਿੰਡਾ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਬਾਇਓਡਾਟਾ ਬਣਾਉਣ, ਮੁੱਢਲੀ ਕੰਪਿਊਟਰ ਸਿੱਖਿਆ ਅਤੇ ਪਰਸਨੈਲਿਟੀ ਡਿਵੈਲਪਮੈਂਟ ਸਬੰਧੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਨੀਤ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਕਸ਼ੀ ਸਾਹਨੀ, ਵਾਈਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੋਹਨ ਪਾਲ ਸਿੰਘ ਈਸ਼ਰ, ਰਜਿਸਟਰਾਰ ਡਾ. ਜਸਵੀਰ ਸਿੰਘ ਹੁੰਦਲ, ਕੈਂਪਸ ਡਾਇਰੈਕਰਟ ਗਿਆਨੀ ਜ਼ੈਲ ਸਿੰਘ ਕਾਲਜ਼ ਡਾ. ਗੁਰਚਰਨ ਸਿੰਘ, ਟ੍ਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਡਾ. ਰਾਕੇਸ਼ ਗੁਪਤਾ ਆਦਿ ਹਾਜ਼ਰ ਸਨ।