239 ਖੋਖਿਆਂ ਵਾਲਿਆਂ ਦੇ ਖੁੱਸੇ ਰੁਜ਼ਗਾਰ ਦੇ ਮੁਡ਼ ਪੈਰਾਂ ਸਿਰ ਹੋਣ ਦੀ ਬਣੀ ਸੰਭਾਵਨਾ

Sunday, Aug 26, 2018 - 12:47 AM (IST)

239 ਖੋਖਿਆਂ ਵਾਲਿਆਂ ਦੇ ਖੁੱਸੇ ਰੁਜ਼ਗਾਰ ਦੇ ਮੁਡ਼ ਪੈਰਾਂ ਸਿਰ ਹੋਣ ਦੀ ਬਣੀ ਸੰਭਾਵਨਾ

ਮੋਗਾ, (ਗੋਪੀ ਰਾਊਕੇ)-ਮੋਗਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਖੋਖੇ ਚਲਾਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ 239 ਖੋਖਾ ਸੰਚਾਲਕਾਂ ਦੇ ਖੋਖਿਆਂ ਨੂੰ ਭਾਵੇਂ ਨਗਰ ਨਿਗਮ ਮੋਗਾ ਵੱਲੋਂ ਮਾਣਯੋਗ ਹਾਈਕੋਰਟ ਦੇ ਹੁਕਮਾਂ ’ਤੇ ਢਾਅ ਦਿੱਤਾ ਗਿਆ ਸੀ ਪਰ ਇਨ੍ਹਾਂ ਖੋਖਾ ਚਾਲਕਾਂ ਦੀਆਂ ਸਮੱਸਿਆਵਾਂ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਉਂਦੇ ਹੋਏ ਐੱਫ. ਐਂਡ. ਸੀ. ਸੀ. ਕਮੇਟੀ ਦੇ ਮੈਂਬਰਾਂ ਕੌਂਸਲਰ ਗੁਰਮਿੰਦਰਜੀਤ ਸਿੰਘ ਬੱਬਲੂ ਅਤੇ ਵਿਨੇ ਸ਼ਰਮਾ ਜ਼ਿਲਾ ਪ੍ਰਧਾਨ ਭਾਜਪਾ ਵੱਲੋਂ ਨਿਗਮ ਹਾਊਸ ’ਚ ਇਨ੍ਹਾਂ ਖੋਖਾ ਸੰਚਾਲਕਾਂ ਨੂੰ ਦੁਕਾਨਾਂ ਦੀ ਅਲਾਟਮੈਂਟ ਕਰਨ ਦੀ ਲਗਾਤਾਰ ਕੀਤੀ ਜਾ ਰਹੀ ਵਕਾਲਤ ਮਗਰੋਂ ਹੁਣ ਇਨ੍ਹਾਂ ਖੋਖਾ ਚਾਲਕਾਂ ਨੂੰ ਮੁਡ਼੍ਹ ਰੁਜ਼ਗਾਰ ਲਈ ਦੁਕਾਨਾਂ ਅਲਾਟ ਹੋਣ ਦੀ ਸੰਭਾਵਨਾ ਬਣੀ ਹੈ। ਜ਼ਿਕਰਯੋਗ ਹੈ ਕਿ 2017 ’ਚ ਖੋਖੇ ਢਹਾਉਣ ਤੋਂ ਪਹਿਲਾਂ ਵੀ ਇਨ੍ਹਾਂ ਦੋਹਾਂ ਕੌਂਸਲਰਾਂ ਨੇ ਖੋਖਾ ਸੰਚਾਲਕਾਂ ਨੂੰ ਕਾਰੋਬਾਰ ਤਬਾਹ ਹੋਣ ਤੋਂ ਪਹਿਲਾਂ ਨਵਾਂ ਰੁਜ਼ਗਾਰ ਸ਼ੁਰੂ ਕਰਨ ਲਈ ਥਾਂ ਦੇਣ ਦਾ ਮਤਾ ਸਦਨ ’ਚ ਲਿਆਂਦਾ ਸੀ ਪਰ ਉਸ ਵੇਲੇ ਕੁਝ ਹਾਊਸ ਮੈਂਬਰਾਂ ਵੱਲੋਂ ਮਾਮਲੇ ’ਚ ਦਿਲਚਸਪੀ ਨਾ ਦਿਖਾਏ ਜਾਣ ਕਰਕੇ ਇਹ ਯੋਜਨਾ ਸਿਰੇ ਨਹੀਂ ਚਡ਼੍ਹ ਸਕੀ। ਪੰਜ ਦਿਨ ਪਹਿਲਾਂ ਨਿਗਮ ਹਾਊਸ ਦੀ ਹੋਈ ਮੀਟਿੰਗ ਦੌਰਾਨ ਇਨ੍ਹਾਂ ਦੋਹਾਂ ਕੌਂਸਲਰਾਂ ਵੱਲੋਂ ਜਦੋਂ ਮਾਮਲਾ ਮੁਡ਼੍ਹ ਉਠਾਇਆ ਗਿਆ ਤਾਂ ਨਗਰ ਨਿਗਮ ਦੇ ਮੇਅਰ ਸਮੇਤ ਹੋਰਨਾਂ ਹਾਊਸ ਮੈਂਬਰ ਕੌਂਸਲਰਾਂ ਨੇ ਖੋਖਾ ਸੰਚਾਲਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਦੁਕਾਨਾਂ ਦੇਣ ਦੇ ਉਠਾਏ ਫੈਸਲੇ ਨਾਲ ਪੂਰੀ ਤਰ੍ਹਾਂ ਨਾਲ ਸਹਿਮਤੀ ਪ੍ਰਗਟ ਕੀਤੀ। ਦੂਜੇ ਪਾਸੇ ਇਸ ਸਬੰਧੀ ਅੱਜ ਖੋਖਾ ਸੰਚਾਲਕਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਐੱਫ. ਐਂਡ. ਸੀ. ਸੀ. ਕਮੇਟੀ ਦੇ ਮੈਂਬਰਾਂ ਗੁਰਮਿੰਦਰਜੀਤ ਸਿੰਘ ਬੱਬਲੂ ਅਤੇ ਵਿਨੇ ਸ਼ਰਮਾ ਸਮੇਤ ਨਗਰ ਨਿਗਮ ਦੇ ਮੇਅਰ ਅਕਸ਼ਿਤ ਜੈਨ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਮੰਗ ਕੀਤੀ ਕਿ ਉਹ ਨਗਰ ਨਿਗਮ ਵੱਲੋਂ ਤੈਅ ਕੀਤੇ ਕਿਰਾਏ ਅਤੇ ਹੋਰ ਮਾਪਦੰਡਾਂ ਦਾ ਇਨ-ਬਿੰਨ ਪਾਲਣ ਕਰਨ ਲਈ ਪੂਰੀ ਤਰ੍ਹਾਂ ਨਾਲ ਸਹਿਮਤ ਹਨ।
ਇਹ ਬਣਾਏ ਨਗਰ ਨਿਗਮ ਨੇ ਨਿਯਮ
 ਨਵੀਂ ਨੀਤੀ ਤਹਿਤ ਨਗਰ ਨਿਗਮ ਵੱਲੋਂ ਜਿਨ੍ਹਾਂ ਖੋਖਾ ਸੰਚਾਲਕਾਂ ਦਾ ਰੁਜ਼ਗਾਰ ਤਬਾਹ ਹੋਇਆ ਹੈ, ਉਨ੍ਹਾਂ ਨੂੰ ਮੁਡ਼੍ਹ ਪੈਰਾਂ ਸਿਰ ਖਡ਼ਾ ਕਰਨ ਲਈ ਨਵੇਂ ਖੋਖਿਆਂ ਦੀ ਅਲਾਟਮੈਂਟ ਕੀਤੀ ਜਾਣੀ ਹੈ। ਇਸੇ ਤਹਿਤ ਖੋਖਾ ਸੰਚਾਲਕਾਂ ਤੋਂ ਜਿਥੇ 1 ਹਜ਼ਾਰ ਰੁਪਏ ਮਹੀਨਾ ਕਿਰਾਇਆ ਲਿਆ ਜਾਵੇਗਾ, ਉੱਥੇ ਹੀ ਹਰ ਤਿੰਨ ਸਾਲ ਬਾਅਦ 20 ਫੀਸਦੀ ਕਿਰਾਇਆ ਵਧਾਉਣ ਦੀ ਤਜਵੀਜ਼ ਵੀ ਰੱਖੀ ਗਈ ਹੈ। ਇਸ ਨਾਲ ਜਿਥੇ ਖੋਖਾ ਸੰਚਾਲਕਾਂ ਦਾ ਰੁਜ਼ਗਾਰ ਚਲੇਗਾ, ਉੱਥੇ ਹੀ ਨਗਰ ਨਿਗਮ ਨੂੰ ਵੀ ਆਮਦਨੀ ਹੋਵੇਗੀ।
ਖੋਖਾ ਸੰਚਾਲਕਾਂ ਨੂੰ ਬੂਥ ਅਲਾਟ ਕਰਨ ਦੀ ਰਜਿਸਟ੍ਰੇਸ਼ਨ ਸ਼ੁਰੂ : ਮੇਅਰ ਅਕਸ਼ਿਤ ਜੈਨ
 ਖੋਖਾ ਸੰਚਾਲਕਾਂ ਨੂੰ ਬੂਥ ਅਲਾਟ ਕਰਨ ਦੀ ਪੁਸ਼ਟੀ ਕਰਦਿਆਂ ਮੇਅਰ ਅਕਸ਼ਿਤ ਜੈਨ ਨੇ ਕਿਹਾ ਕਿ ਨਿਗਮ ਦੀਆਂ ਤਿੰਨ ਮੀਟਿੰਗਾਂ ਦੌਰਾਨ ਖੋਖਾ ਸੰਚਾਲਕਾਂ ਨੂੰ ਦਾਣਾ ਮੰਡੀ ’ਚ 8/10 ਦੇ ਬੂਥ ਅਲਾਟ ਕਰਨ ਦਾ ਮਤਾ ਪੈ ਚੁੱਕਾ ਹੈ ਅਤੇ ਇਸਨੂੰ ਪੰਜਾਬ ਸਰਕਾਰ ਤੋਂ ਵੀ ਪ੍ਰਵਾਨਗੀ ਮਿਲੀ ਹੈ। ਉਨ੍ਹਾਂ ਕਿਹਾ ਕਿ ਬੂਥ ਦੇਣ ਲਈ ਲਾਈਸੈਂਸ ਬਨਣੇ ਸ਼ੁਰੂ ਹੋ ਗਏ ਹਨ ਅਤੇ ਜਲਦੀ ਹੀ ਖੋਖਾ ਸੰਚਾਲਕਾਂ ਨੂੰ ਨਵਾਂ ਰੁਜ਼ਗਾਰ ਮੁਹੱਈਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਮੁੱਚਾ ਨਿਗਮ ਖੋਖਾ ਸੰਚਾਲਕਾਂ ਨੂੰ ਮੁਡ਼੍ਹ ਕਾਰੋਬਾਰ ਸ਼ੁਰੂ ਕਰਨ ਲਈ ਹਰ ਸਹਿਯੋਗ ਦੇਣ ਲਈ ਵਚਨਵੱਧ ਹੈ।
ਸਮੁੱਚੇ ਹਾਊਸ ਵੱਲੋਂ ਇਸ ਕੰਮ ਲਈ ਸਹਿਮਤੀ ਦੇਣਾ ਸ਼ਲਾਘਾਯੋਗ ਕਦਮ : ਕੌਂਸਲਰ
 ਖੋਖਾ ਸੰਚਾਲਕਾਂ ਨੂੰ ਰੁਜ਼ਗਾਰ ਦਵਾਉਣ ਲਈ ਵੱਡੀ ਭੂਮਿਕਾ ਨਿਭਾਉਣ ਵਾਲੇ ਕੌਂਸਲਰ ਗੁਰਮਿੰਦਰਜੀਤ ਸਿੰਘ ਬੱਬਲੂ ਅਤੇ ਵਿਨੇ ਸ਼ਰਮਾ ਜ਼ਿਲਾ ਪ੍ਰਧਾਨ ਭਾਜਪਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਹ ਸਮੁੱਚੇ ਹਾਊਸ ਦਾ ਇਸ ਕਾਰਜ ਲਈ ਸਾਥ ਦੇਣ ’ਤੇ ਬੇਹੱਦ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਖੋਖਾ ਸੰਚਾਲਕ ਸਾਡੇ ਸ਼ਹਿਰ ਦਾ ਅਹਿਮ ਹਿੱਸਾ ਹਨ ਅਤੇ ਜੇਕਰ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਦਿਕੱਤ ਆਉਂਦੀ ਹੈ ਤਾਂ ਨਗਰ ਨਿਗਮ ਵੱਲੋਂ ਉਸਦਾ ਸਾਥ ਦੇਣਾ ਬੇਹੱਦ ਜਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੋਖਾ ਸੰਚਾਲਕਾਂ ਦਾ ਰੁਜ਼ਗਾਰ ਖੁੱਸਣ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੇਹੁੱਦ ਮੁਸ਼ਕਿਲ ਦੀ ਸਥਿਤੀ ’ਚੋਂ ਗੁਜ਼ਰਨਾ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਖੋਖਾ ਸੰਚਾਲਕਾਂ ਦਾ ਰੁਜ਼ਗਾਰ ਮੁਡ਼੍ਹ ਬਹਾਲ ਹੋਵੇਗਾ।
 


Related News