ਸੈਲਰੀ ਨਾ ਮਿਲਣ ''ਤੇ ਭੜਕਿਆ ਨਗਰ ਨਿਗਮ ਦਾ ਸਟਾਫ

Saturday, Nov 25, 2017 - 07:01 AM (IST)

ਸੈਲਰੀ ਨਾ ਮਿਲਣ ''ਤੇ ਭੜਕਿਆ ਨਗਰ ਨਿਗਮ ਦਾ ਸਟਾਫ

ਜਲੰਧਰ, (ਖੁਰਾਣਾ)- ਅੱਜ ਨਗਰ ਨਿਗਮ ਦੇ ਹਜ਼ਾਰਾਂ ਕਰਮਚਾਰੀਆਂ ਨੇ ਤਨਖਾਹ ਵਿਚ ਹੋ ਰਹੀ ਦੇਰ ਦੇ ਮੱਦੇਨਜ਼ਰ ਅੱਜ ਨਿਗਮ ਦਾ ਸਟਾਫ ਅਚਾਨਕ ਭੜਕ ਗਿਆ ਤੇ ਸੈਂਕੜੇ ਕਰਮਚਾਰੀਆਂ ਨੇ ਹੜਤਾਲ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਨਿਗਮ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਜਦੋਂ ਤਨਖਾਹ ਨਾ ਮਿਲਣ ਕਾਰਨ ਨਗਰ ਨਿਗਮ ਦੀਆਂ ਸਾਰੀਆਂ ਯੂਨੀਅਨਾਂ ਨੇ ਇਕ ਮੰਚ 'ਤੇ ਆ ਕੇ ਨਿਗਮ ਪ੍ਰਸ਼ਾਸਨ ਤੇ ਸਰਕਾਰ ਪ੍ਰਤੀ ਵਿਰੋਧ ਜਤਾਇਆ।
ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ, ਨਰੇਸ਼ ਪ੍ਰਧਾਨ, ਬੰਟੂ ਸੱਭਰਵਾਲ ਤੇ ਅਸ਼ੋਕ ਭੀਲ ਆਦਿ ਨੇ ਕੀਤੀ ਤੇ ਦੱਸਿਆ ਕਿ ਨਵੰਬਰ ਮਹੀਨਾ ਬੀਤਣ ਨੂੰ ਕੁਝ ਦਿਨ ਰਹਿ ਗਏ ਹਨ ਪਰ ਅਜੇ ਤੱਕ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ, ਜਿਸ ਕਾਰਨ ਘਰਾਂ ਦਾ ਖਰਚਾ ਤੱਕ ਚਲਾਉਣਾ ਮੁਸ਼ਕਲ ਹੋ ਗਿਆ ਹੈ। ਸਰਕਾਰ ਨੂੰ ਕਰਮਚਾਰੀਆਂ ਦੀ ਤਨਖਾਹ ਦੀ ਕੋਈ ਚਿੰਤਾ ਨਹੀਂ ਹੈ। ਪਿਛਲੇ ਕਈ ਮਹੀਨਿਆਂ ਤੋਂ ਨਿਗਮ ਸਟਾਫ ਨੂੰ ਦੇਰ ਨਾਲ ਤਨਖਾਹ ਮਿਲ ਰਹੀ ਹੈ।
ਵਿਧਾਇਕਾਂ ਨੂੰ ਸਿਰਫ ਆਪਣੀਆਂ ਤਨਖਾਹਾਂ ਦੀ ਚਿੰਤਾ- ਚੰਦਨ ਗਰੇਵਾਲ ਤੇ ਹੋਰ ਬੁਲਾਰਿਆਂ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਜਲੰਧਰ ਦੇ ਵਿਧਾਇਕ ਅਜਿਹੇ ਗੰਭੀਰ ਮਾਮਲਿਆਂ 'ਤੇ ਚੁੱਪ ਧਾਰੀ ਬੈਠੇ ਹਨ। ਵਿਧਾਇਕਾਂ ਨੂੰ ਸਿਰਫ ਆਪਣੀਆਂ ਤਨਖਾਹਾਂ ਵਧਾਉਣ ਦੀ ਚਿੰਤਾ ਰਹਿੰਦੀ ਹੈ। ਉਨ੍ਹਾਂ ਨੂੰ ਸਫਾਈ ਕਰਮਚਾਰੀਆਂ, ਸੀਵਰਮੈਨਾਂ ਜਾਂ ਹੋਰ ਸਟਾਫ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਿਨ੍ਹਾਂ ਦੇ ਘਰਾਂ ਦਾ ਬਜਟ ਤੱਕ ਹਿਲ ਗਿਆ ਹੈ। ਸ਼੍ਰੀ ਚੰਦਨ ਨੇ ਕਿਹਾ ਕਿ ਨਿਗਮ ਦੇ ਜਿਨ੍ਹਾਂ ਅਧਿਕਾਰੀਆਂ ਦੀ ਤਨਖਾਹ ਲੱਖਾਂ ਵਿਚ ਹੈ ਤੇ ਉਨ੍ਹਾਂ ਸ਼ਾਇਦ ਕਦੀ ਇਹ ਤਨਖਾਹ ਆਪਣੇ ਬੈਂਕ ਵਿਚੋਂ ਕੱਢੀ ਵੀ ਨਹੀਂ ਹੋਵੇਗੀ, ਉਨ੍ਹਾਂ ਨੂੰ ਸੈਲਰੀ ਜਲਦੀ ਮਿਲ ਜਾਂਦੀ ਹੈ ਜਦੋਂਕਿ ਜੋ ਕਰਮਚਾਰੀ 20-20 ਹਜ਼ਾਰ ਰੁਪਏ ਤਨਖਾਹ ਲੈਂਦੇ ਹਨ, ਉਨ੍ਹਾਂ ਨੂੰ ਤਨਖਾਹ ਲਈ ਤਰਸਾਇਆ ਜਾ ਰਿਹਾ ਹੈ। ਧਰਨਾ ਪ੍ਰਦਰਸ਼ਨ ਕਾਰਨ ਨਿਗਮ ਵਿਚ ਅੱਜ ਕੰਮਕਾਜ ਪ੍ਰਭਾਵਿਤ ਰਿਹਾ ਤੇ ਸਟਾਫ ਆਪਣੀਆਂ ਸੀਟਾਂ 'ਤੇ ਨਹੀਂ ਦਿਸਿਆ।


Related News